ਮੋਦੀ ਵੱਲੋਂ ਆਰ-ਆਰਬਨ ਮਿਸ਼ਨ ਦੀ ਸ਼ੁਰੂਆਤ


ਡੋਂਗਰਗੜ੍ਹ (ਛਤੀਸਗੜ੍ਹ) (ਨਵਾਂ ਜ਼ਮਾਨਾ ਸਰਵਿਸ)
ਪਿੰਡਾਂ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਨਾਲ ਲੈਸ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਰ-ਅਰਬਨ ਮਿਸ਼ਨ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ ਤਹਿਤ ਦੇਸ਼ ਦੇ 200 ਪਿੰਡਾਂ ਨੂੰ ਸੁਵਿਧਾਵਾਂ ਨਾਲ ਲੈਸ ਕਰ ਕੇ ਸ਼ਹਿਰੀ ਬਸਤੀਆਂ ਦੇ ਰੂਪ 'ਚ ਵਿਕਸਿਤ ਕੀਤਾ ਜਾਵੇਗਾ। ਇਸ ਮਿਸ਼ਨ ਤਹਿਤ 2020 ਤੱਕ ਗਰੀਬਾਂ ਲਈ 5 ਕਰੋੜ ਘਰ ਬਣਾਏ ਜਾਣਗੇ। ਮਿਸ਼ਨ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾ ਦੀ ਸਰਕਾਰ ਗਰੀਬਾਂ, ਦਲਿਤਾਂ ਅਤੇ ਸਮਾਜ ਦੇ ਦੱਬੇ-ਕੁਚਲੇ ਲੋਕਾਂ ਦੀ ਤਰੱਕੀ ਲਈ ਹੈ। ਉਨ੍ਹਾ ਕਿਹਾ ਕਿ ਇਸ ਯੋਜਨਾ ਦਾ ਮਕਸਦ ਨੌਜੁਆਨਾਂ ਦਾ ਪਿੰਡਾਂ ਤੋਂ ਸ਼ਹਿਰਾਂ ਵੱਲ ਪਲਾਇਨ ਰੋਕਣਾ ਹੈ। ਪਹਿਲੀਆਂ ਸਰਕਾਰਾਂ ਦੀ ਨੁਕਤਾਚੀਨੀ ਕਰਦਿਆਂ ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰਾਂ ਦੇ ਵਿਸਥਾਰ ਅਤੇ ਝੁੱਗੀਆਂ ਬਸਤੀਆਂ ਦਾ ਵਧਣਾ ਜਾਰੀ ਹੋਣ ਦੇ ਬਾਵਜੂਦ ਕਿਸੇ ਨੇ ਵੀ ਸੁਵਿਧਾਵਾਂ ਮੁਹੱਈਆ ਕਰਾਉਣ ਅਤੇ ਇਸ ਦੀ ਯੋਜਨਾ ਤਿਆਰ ਕਰਨ ਬਾਰੇ ਨਾ ਸੋਚਿਆ। ਮੋਦੀ ਨੇ ਕਿਹਾ ਕਿ ਭਾਰਤ ਵਰਗੇ ਵੱਡੇ ਦੇਸ਼ ਦਾ ਉਦੋਂ ਤੱਕ ਸਹੀ ਤਰੀਕੇ ਨਾਲ ਆਰਥਿਕ ਵਿਕਾਸ ਨਹੀਂ ਹੋ ਸਕਦਾ ਜਦੋਂ ਤੱਕ ਦੂਰ-ਦੁਰੇਡੇ ਖੇਤਰ ਵਿਕਾਸ ਕੇਂਦਰ ਦੇ ਰੂਪ 'ਚ ਤਿਆਰ ਨਾ ਹੋਣ ਅਤੇ ਪੇਂਡੂ ਭਾਵਨਾ ਨੂੰ ਬਰਕਰਾਰ ਰਖਦਿਆਂ ਇਹਨਾ ਇਲਾਕਿਆਂ ਨੂੰ ਸਿੱਖਿਆ, ਸਿਹਤ ਸੇਵਾ, ਇੰਟਰਨੈਟ ਸਮੇਤ ਸ਼ਹਿਰਾਂ ਵਰਗੀਆਂ ਬਿਹਤਰ ਸੁਵਿਧਾਵਾਂ ਨਾਲ ਲੈਸ ਨਾ ਕੀਤਾ ਜਾਵੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾ ਦੀ ਸਰਕਾਰ ਗਰੀਬਾਂ, ਦਲਿਤਾਂ, ਆਦਿਵਾਸੀਆਂ ਅਤੇ ਸਮਾਜ ਦੇ ਮਾੜੇ ਵਰਗਾਂ ਦੇ ਲੋਕਾਂ ਲਈ ਹੈ ਅਤੇ ਸਰਕਾਰ ਲਾਈਨ 'ਚ ਖੜੇ ਆਖਰੀ ਆਦਮੀ ਦੇ ਵਿਕਾਸ ਲਈ ਪ੍ਰਤੀਬੱਧ ਹੈ। ਸਵੱਛ ਭਾਰਤ, ਆਰ-ਅਰਬਨ ਮਿਸ਼ਨ ਸਮੇਤ ਸਰਕਾਰ ਦੀਆਂ ਕਈ ਤਰਜੀਹਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹਨਾਂ ਸਾਰਿਆਂ ਦਾ ਮਕਸਦ ਗਰੀਬ ਲੋਕਾਂ ਦੇ ਜੀਵਨ 'ਚ ਉਸਾਰੂ ਬਦਲਾਅ ਲਿਆਉਣਾ ਹੈ।
ਉਨ੍ਹਾਂ ਕਿਹਾ ਕਿ ਇਸ ਰਸਤੇ ਦਾ ਦੇਸ਼ ਨੂੰ ਫਾਇਦਾ ਹੋਵੇਗਾ ਅਤੇ ਅਸੀਂ ਇਸ ਰਾਹ 'ਤੇ ਤੁਰ ਪਏ ਹਾਂ। ਆਰ ਅਰਬਨ ਮਿਸ਼ਨ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਇਸ ਤਹਿਤ 4 ਨਾਲ ਲੱਗਦੇ ਪਿੰਡਾਂ ਦਾ ਸਮੂਹ ਬਣਾ ਕੇ ਵਿਕਾਸ ਕੇਂਦਰ ਬਣਾਇਆ ਜਾਵੇਗਾ।
ਉਨ੍ਹਾ ਕਿਹਾ ਕਿ ਦੇਸ਼ ਭਰ 'ਚ ਅਜਿਹੇ 300 ਪੇਂਡੂ ਕੇਂਦਰ ਬਣਾਏ ਜਾਣਗੇ, ਜਿਨ੍ਹਾ ਦਾ ਵਿਕਾਸ ਸ਼ਹਿਰੀ ਬਸਤੀਆਂ ਦੀ ਤਰਜ਼ 'ਤੇ ਕੀਤਾ ਜਾਵੇਗਾ ਅਤੇ ਸਾਰੀਆਂ ਆਧੁਨਿਕ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾ ਕਿਹਾ ਕਿ ਅਜਿਹੇ 100 ਕੇਂਦਰਾਂ ਦਾ ਨਿਰਮਾਣ ਇਸੇ ਸਾਲ ਕੀਤਾ ਜਾਵੇਗਾ।