ਬੀਬੀ ਵੀਰਾਂ ਨਹੀਂ ਰਹੇ

ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਇਸਤਰੀ ਸਭਾ ਦੀ ਆਗੂ ਅਤੇ ਇਪਟਾ ਨਾਲ ਲੰਮਾ ਸਮਾਂ ਜੁੜੇ ਰਹੇ ਸ੍ਰੀਮਤੀ ਬੀਬੀ ਵੀਰਾਂ ਦਾ ਦੇਹਾਂਤ ਹੋ ਗਾਆ ਹੈ। ਉਨ੍ਹਾ ਨੇ ਅੱਜ ਸਵੇਰੇ (ਇੰਗਲੈਂਡ ਦੇ ਸਮੇਂ ਮੁਤਾਬਿਕ ਰਾਤੀਂ) ਕੈਨੇਡਾ 'ਚ ਆਖਰੀ ਸਾਹ ਲਿਆ। ਬੀਬੀ ਵੀਰਾਂ ਆਪਣੇ ਪਿੱਛੇ ਆਪਣੇ ਜੀਵਨ ਸਾਥੀ ਕਾਮਰੇਡ ਕਰਮ ਸਿੰਘ ਤੇ ਤਿੰਨ ਬੇਟੀਆਂ ਛੱਡ ਗਏ ਹਨ। ਬੀਬੀ ਵੀਰਾਂ ਪਿਛਲੇ ਇੱਕ ਸਾਲ ਤੋਂ ਬਿਮਾਰ ਚਲੇ ਆ ਰਹੇ ਸਨ। ਬੀਬੀ ਵੀਰਾਂ ਦੀ ਉਮਰ ਕਰੀਬ 85 ਸਾਲ ਦੇ ਕਰੀਬ ਸੀ।
ਬੀਬੀ ਵੀਰਾਂ ਨੇ ਬੀਬੀ ਬੀਰ ਕਲਸੀ ਦੀ ਸੰਸਥਾ ਤੋਂ ਗਿਆਨੀ ਪਾਸ ਕੀਤੀ। ਉਨ੍ਹਾ ਦੀ ਰਾਜਸੀ ਸਮਝ ਬਹੁਤ ਪਰਪੱਕ ਸੀ ਤੇ ਉਨ੍ਹਾ ਕੈਨੇਡਾ ਵਿੱਚ ਰਹਿੰਦਿਆਂ ਅੱਤਵਾਦ ਦੇ ਖਿਲਾਫ ਡਟ ਕੇ ਸਟੈਂਡ ਲਿਆ।
ਕਾਮਰੇਡ ਮਸਤਾਨਾ ਜੀ ਦੀ ਸ਼ਹੀਦੀ ਤੋਂ ਬਾਅਦ ਉਨ੍ਹਾਂ ਨੇ ਉਸ ਪਰਵਾਰ ਦੀ ਹਰ ਤਰ੍ਹਾਂ ਮਦਦ ਕੀਤੀ ਤੇ ਕਾਫੀ ਸਮਾਂ ਪੰਜਾਬ ਵਿੱਚ ਬਿਤਾਇਆ। ਬੀਬੀ ਵੀਰਾਂ ਬੜੇ ਚੰਗੇ ਬੁਲਾਰੇ ਸਨ। ਬੀਬੀ ਜੀ ਨੇ ਕਾਮਰੇਡ ਮਸਤਾਨਾ ਜੀ ਦੀ ਘਾਟ ਪੂਰੀ ਕਰਨ ਦੀ ਕੋਸ਼ਿਸ਼ ਕੀਤੀ। ਕੈਨੇਡਾ ਜਾਣ ਤੋਂ ਪਹਿਲਾਂ ਬੀਬੀ ਵੀਰਾਂ ਨੇ ਇਸਤਰੀ ਸਭਾ ਵਿੱਚ ਸਰਗਰਮ ਰਹਿੰਦਿਆਂ ਹੋਇਆਂ ਡਰਾਮਾ ਕਲਾਕਾਰ ਦੇ ਤੌਰ 'ਤੇ ਵੀ ਆਪਣੀ ਪਹਿਚਾਣ ਬਣਾਈ। ਇਹ ਉਹ ਸਮਾਂ ਸੀ ਜਦੋਂ ਔਰਤ ਕਲਾਕਾਰਾਂ ਦਾ ਸਟੇਜ 'ਤੇ ਆਉਣਾ ਬੜਾ ਔਖਾ ਕੰਮ ਸੀ, ਪਰ ਇਸ ਲਈ ਕਾਮਰੇਡ ਮਸਤਾਨਾ ਜੀ ਨੇ ਵੀ ਉਨ੍ਹਾ ਦੀ ਹੌਸਲਾ ਅਫਜ਼ਾਈ ਕੀਤੀ।
ਬੀਬੀ ਵੀਰਾਂ ਨੇ ਸਾਰੀ ਉਮਰ ਸੀ ਪੀ ਆਈ ਦੀ ਸੋਚ ਨਾਲ ਖੜ ਕੇ ਬਿਤਾਈ। ਉਨ੍ਹਾ ਦਾ ਸਾਰੇ ਪਾਰਟੀ ਆਗੂਆਂ ਸਮੇਤ ਕਾਮਰੇਡ ਮਲਹੋਤਰਾ, ਕਾਮਰੇਡ ਆਨੰਦ, ਕਾਮਰੇਡ ਡਾਂਗ, ਵਿਮਲਾ ਡਾਂਗ, ਬੀਬੀ ਬੀਰ ਕਲਸੀ ਨਾਲ ਬੜਾ ਨੇੜਲਾ ਸੰਬੰਧ ਸੀ। ਉਨ੍ਹਾਂ ਪਾਰਟੀ ਤੇ ਜਨਤਕ ਜਥੇਬੰਦੇਆਂ ਨੂੰ ਵਿੱਤੀ ਤੌਰ 'ਤੇ ਵੀ ਮਦਦ ਕੀਤੀ।
ਜਦੋਂ ਤੱਕ ਬੀਬੀ ਵੀਰਾਂ ਦੀ ਸਿਹਤ ਨੇ ਇਜਾਜ਼ਤ ਦਿੱਤੀ, ਉਹ ਥੋੜ੍ਹੇ ਵਕਫੇ ਬਾਅਦ ਪੰਜਾਬ ਆਉਂਦੇ ਰਹੇ।
ਆਪਣੇ ਆਖਰੀ ਸਮੇਂ ਵਿੱਚ ਬੀਬੀ ਵੀਰਾਂ ਆਪਣੀ ਜ਼ਿੰਦਗੀ ਤੇ ਪਾਰਟੀ ਸਰਗਰਮੀਆਂ ਬਾਰੇ ਲਿਖਣਾ ਚਾਹੁੰਦੇ ਸਨ, ਪਰ ਉਨ੍ਹਾਂ ਦੀ ਖਰਾਬ ਸਿਹਤ ਨੇ ਇਸ ਦੀ ਇਜਾਜ਼ਤ ਨਾ ਦਿੱਤੀ। ਬੀਬੀ ਵੀਰਾਂ ਇੱਕ ਨਿਡਰ, ਰਾਜਸੀ ਸੂਝਵਾਨ ਤੇ ਧੜੱਲੇਦਾਰ ਸ਼ਖਸੀਅਤ ਸਨ। ਉਨ੍ਹਾ ਦੇ ਵਿਛੋੜੇ ਨਾਲ ਸੀ ਪੀ ਆਈ, ਅਗਾਂਹਵਧੂ ਲਹਿਰ ਤੇ ਕੈਨੇਡਾ ਵਿੱਚ ਖੱਬੀ ਲਹਿਰ ਨੂੰ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਿਆ ਹੈ। ਉਹ ਕਾਫੀ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਬੀਬੀ ਵੀਰਾਂ ਅਜ਼ਾਦੀ ਲਹਿਰ ਵੇਲੇ ਹੀ ਸੀ ਪੀ ਆਈ ਨਾਲ ਜੁੜ ਗਏ ਸਨ। ਉਹ ਇਪਟਾ ਵਿੱਚ ਉਸ ਵੇਲੇ ਸ਼ਾਮਲ ਹੋ ਗਏ ਸਨ, ਜਦੋਂ ਇਸ ਜਥੇਬੰਦੀ ਦੇ ਪ੍ਰਧਾਨ ਤਾਰਾ ਸਿੰਘ ਚੰਨ ਸਨ। ਬੀਬੀ ਵੀਰਾਂ ਲੰਮਾ ਸਮਾਂ ਇਸਤਰੀ ਸਭਾ ਨਾਲ ਜੁੜੇ ਰਹੇ ਅਤੇ ਉਨ੍ਹਾਂ ਨੇ ਮਹਿਲਾਵਾਂ ਨੂੰ ਜਾਗਰੂਕ ਕਰਨ ਲਈ ਕਾਫੀ ਕੰਮ ਕੀਤਾ ਅਤੇ ਬਾਅਦ 'ਚ ਬੀਬੀ ਵੀਰਾਂ ਕੈਨੇਡਾ ਜਾ ਵਸੇ ਸਨ। ਉਨ੍ਹਾ ਦੇ ਪਤੀ ਕਰਮ ਸਿੰਘ ਲਾਇਲਪੁਰੀ ਉਘੇ ਟਰੇਡ ਯੂਨੀਅਨ ਆਗੂ ਸਨ ਅਤੇ ਉਹ ਬਾਅਦ ਵਿੱਚ ਕੈਨੇਡਾ ਚਲੇ ਗਏ ਸਨ।
ਬੀਬੀ ਵੀਰਾਂ ਸੀ ਪੀ ਆਈ ਦੇ ਵਿਧਾਇਕ ਅਰਜਨ ਸਿੰਘ ਮਸਤਾਨਾ ਦੇ ਭੈਣ ਜੀ ਸਨ, ਜਿਨ੍ਹਾਂ ਨੂੰ 1986 'ਚ ਅੱਤਵਾਦੀਆਂ ਨੇ ਸ਼ਹੀਦ ਕਰ ਦਿੱਤਾ ਸੀ।
ਸੀ ਪੀ ਆਈ ਦੇ ਸੀਨੀਅਰ ਆਗੂ ਕਾਮਰੇਡ ਜਗਰੂਪ ਸਿੰਘ, ਹਰਭਜਨ ਸਿੰਘ ਅੰਮ੍ਰਿਤਸਰ, 'ਨਵਾਂ ਜ਼ਮਾਨਾ' ਦੇ ਸੰਪਾਦਕ ਜਤਿੰਦਰ ਪਨੂੰ, ਸੀਨੀਅਰ ਟਰੱਸਟੀ ਸੁਕੀਰਤ ਆਨੰਦ, ਅਰਜਨ ਸਿੰਘ ਗੜਗੱਜ ਯਾਦਗਾਰੀ ਫਾਊਂਡੇਸ਼ਨ ਦੇ ਸਕੱਤਰ ਗੁਰਮੀਤ ਸਿੰਘ ਸ਼ੁਗਲੀ, 'ਨਵਾਂ ਜ਼ਮਾਨਾ' ਦੇ ਜਨਰਲ ਮੈਨੇਜਰ ਗੁਰਮੀਤ ਸਿੰਘ, ਸੀਨੀਅਰ ਟਰੱਸਟੀ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਰਜਨੀਸ਼ ਬਹਾਦਰ ਸਿੰਘ ਨੇ ਬੀਬੀ ਵੀਰਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਤੇ ਦੁਖੀ ਪਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਬੀਬੀ ਕੁਸ਼ਲ ਭੌਰਾ, ਜਨਰਲ ਸਕੱਤਰ ਬੀਬੀ ਰਜਿੰਦਰਪਾਲ ਕੌਰ ਅਤੇ ਸਰਪ੍ਰਸਤ ਬੀਬੀ ਨਰਿੰਦਰਪਾਲ ਨੇ ਬੀਬੀ ਵੀਰਾਂ ਦੀ ਮੌਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਹੈ।