ਪਹਿਲੀ ਵਾਰ ਮੁਸਲਮਾਨ ਹੋਣ ਦਾ ਅਹਿਸਾਸ ਹੋਇਆ : ਖਾਲਿਦ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ ਐਨ ਯੂ) 'ਚ ਕਥਿਤ ਭਾਰਤ ਵਿਰੋਧੀ ਨਾਅਰੇਬਾਜ਼ੀ ਦੇ ਮਾਮਲੇ 'ਚ ਦੇਸ਼ ਧਰੋਹ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਉਮਰ ਖਾਲਿਦ ਨੇ ਕਿਹਾ ਕਿ ਜੇ ਐਨ ਯੂ ਵਿਵਾਦ ਨੇ ਉਸ ਨੂੰ ਮੁਸਲਮਾਨ ਹੋਣ ਦਾ ਅਹਿਸਾਸ ਕਰਵਾ ਦਿੱਤਾ ਹੈ।
ਦੇਸ਼ ਧਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਉਮਰ ਖਾਲਿਦ ਅਤੇ ਉਸ ਦੇ ਸਾਥੀ ਬੀਤੀ ਦੇਰ ਰਾਤ ਯੂਨੀਵਰਸਿਟੀ ਕੈਂਪਸ ਪੁੱਜ ਗਏ ਅਤੇ ਉਮਰ ਖਾਲਿਦ ਨੇ ਏ ਡੀ ਬਲਾਕ 'ਚ ਇਕੱਤਰ ਵਿਦਿਆਰਥੀਆਂ ਨੂੰ ਸੰਬੋਧਨ ਵੀ ਕੀਤਾ। ਉਮਰ ਨੇ ਕਿਹਾ ਕਿ ਪਿਛਲੇ 7 ਸਾਲਾਂ ਦੌਰਾਨ ਮੈਨੂੰ ਕਦੇ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਸੀ ਕਿ ਮੈਂ ਮੂਸਲਮਾਨ ਹਾਂ। ਮੈਂ ਖੁਦ ਨੂੰ ਕਦੇ ਵੀ ਮੁਸਲਮਾਨ ਵਾਂਗ ਪੇਸ਼ ਨਹੀਂ ਕੀਤਾ ਸੀ। ਉਨ੍ਹਾ ਕਿਹਾ ਕਿ ਪਿਛਲੇ 7 ਸਾਲਾਂ ਦੌਰਾਨ ਬੀਤੇ 10 ਦਿਨਾਂ 'ਚ ਪਹਿਲੀ ਵਾਰ ਅਹਿਸਾਸ ਹੋਇਆ ਕਿ ਮੈਂ ਮੁਸਲਮਾਨ ਹਾਂ।
ਸੂਤਰਾਂ ਅਨੁਸਾਰ ਉਮਰ ਖਾਲਿਦ ਦੇ ਨਾਲ-ਨਾਲ ਰਾਮ ਨਾਗਾ, ਅਨਿਰਬਨ ਭੱਟਾਚਾਰਿਆ, ਅਨੰਤ ਪ੍ਰਕਾਸ਼ ਨਰਾਇਣ ਅਤੇ ਆਸ਼ੂਤੋਸ਼ ਕੁਮਾਰ ਵੀ ਯੂਨੀਵਰਸਿਟੀ ਕੈਂਪਸ 'ਚ ਦੇਖੇ ਗਏ। ਉਮਰ ਖਾਲਿਦ ਨੇ ਕਿਹਾ ਕਿ 9 ਫ਼ਰਵਰੀ ਨੂੰ ਹੋਏ ਪ੍ਰੋਗਰਾਮ ਦੌਰਾਨ ਉਨ੍ਹਾ ਨੇ ਭਾਰਤ ਵਿਰੋਧੀ ਨਾਅਰੇ ਨਹੀਂ ਲਾਏ ਸਨ। ਉਨ੍ਹਾ ਕਿਹਾ ਕਿ ਉਸ ਖਿਲਾਫ਼ ਅਜੇ ਤੱਕ ਕੋਈ ਸੰਮਨ ਨਹੀਂ ਭੇਜਿਆ ਗਿਆ।
ਜ਼ਿਕਰਯੋਗ ਹੈ ਕਿ ਇਹਨਾਂ ਵਿਦਿਆਰਥੀਆਂ ਨੇ ਸੰਸਦ 'ਤੇ ਹਮਲੇ ਦੇ ਦੋਸ਼ੀ ਅਫ਼ਜ਼ਲ ਗੁਰੂ ਦੀ ਫ਼ਾਂਸੀ ਦੀ ਦੂਜੀ ਬਰਸੀ 'ਤੇ ਜੈ ਐਨ ਯੂ ਕੰਪਲੈਕਸ 'ਚ ਇੱਕ ਪ੍ਰੋਗਰਾਮ ਕੀਤਾ ਅਤੇ ਉਨ੍ਹਾ 'ਤੇ ਦੋਸ਼ ਹੈ ਕਿ ਉਨ੍ਹਾ ਨੇ ਪ੍ਰੋਗਰਾਮ ਦੌਰਾਨ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ।