ਲੈਫਟ ਨੇ ਸਰਬ ਪਾਰਟੀ ਮੀਟਿੰਗ 'ਚ ਉਠਾਇਆ ਜੇ ਐੱਨ ਯੂ ਦਾ ਮੁੱਦਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਸਰਕਾਰ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ 'ਚ ਖੱਬੀਆਂ ਪਾਰਟੀਆਂ ਨੇ ਜੇ ਐਨ ਯੂ ਮਾਮਲੇ 'ਚ ਬਹਿਸ ਦੀ ਜ਼ੋਰਦਾਰ ਮੰਗ ਕੀਤੀ। ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਵੀ ਉਨ੍ਹਾ ਦੀ ਇਸ ਮੰਗ ਦੀ ਹਮਾਇਤ ਕੀਤੀ।
ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀ ਪੀ ਐਮ ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਸੰਸਦ 'ਚ ਦੱਸੇ ਕਿ ਜੇ ਐਨ ਯੂ ਮਾਮਲੇ ਨਾਲ ਸੰਬੰਧਤ ਟੇਪ ਨਾਲ ਕਿਸ ਨੇ ਛੇੜਛਾੜ ਕੀਤੀ ਹੈ ਅਤੇ ਕਿਸ ਨੇ ਘਟਨਾ ਬਾਰੇ ਗਲਤ ਪ੍ਰਚਾਰ ਦੀ ਮੁਹਿੰਮ ਚਲਾਈ।
ਯੇਚੁਰੀ ਨੇ ਕਿਹਾ ਕਿ ਟੇਪ ਨਾਲ ਛੇੜ-ਛਾੜ ਕਰਕੇ ਹੀ ਇਸ ਸਾਰਾ ਮਾਮਲਾ ਖੜਾ ਕੀਤਾ ਗਿਆ। ਉਨ੍ਹਾ ਕਿਹਾ ਕਿ ਇਸ ਵੇਲੇ ਸਥਿਤੀ ਬਿਲਕੁਲ ਜਰਮਨੀ 'ਚ ਫਾਸ਼ੀਵਾਦ ਦੀ ਸ਼ੁਰੂਆਤ ਵਾਲੀ ਹੈ, ਜਿਥੇ ਸਭ ਕੁਝ ਬਣੀਆਂ ਬਣਾਈਆਂ ਗੱਲਾਂ 'ਤੇ ਅਧਾਰਤ ਹੁੰਦਾ ਸੀ।
ਇਸ ਮੌਕੇ ਕਾਂਗਰਸ ਦੇ ਜਨਰਲ ਸਕੱਤਰ ਅਤੇ ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਅਜ਼ਾਦ ਨੇ ਕਿਹਾ ਕਿ ਜੇ ਐਨ ਯੂ ਤੇ ਰੋਹਿਤ ਵੇਮੁੱਲਾ ਸਮੇਤ ਸਾਰੇ ਮੁੱਦੇ ਸੰਸਦ 'ਚ ਚੁੱਕੇ ਜਾਣਗੇ। ਉਨ੍ਹਾ ਕਿਹਾ ਕਿ ਪਠਾਨਕੋਟ ਹੋਵੇ ਜਾਂ ਅਰੁਣਾਚਲ ਦਾ ਮੁੱਦਾ, ਸਾਰੇ ਅਹਿਮ ਮੁੱਦਿਆਂ 'ਤੇ ਸਰਕਾਰ ਦਾ ਰੁਖ ਦੇਖ ਕੇ ਹੀ ਸਰਕਾਰ ਨਾਲ ਸਹਿਯੋਗ ਕੀਤਾ ਜਾਵੇਗਾ।
ਸੰਸਦੀ ਮਾਮਲਿਆਂ ਦੇ ਮੰਤਰੀ ਵੈਂਕਈਆ ਨਾਇਡੂ ਨੇ ਕਿਹਾ ਕਿ ਸਰਕਾਰ ਜੇ ਐਨ ਯੂ ਸਮੇਤ ਸਾਰੇ ਮੁੱਦਿਆਂ 'ਤੇ ਬਹਿਸ ਲਈ ਤਿਆਰ ਹੈ। ਸਰਕਾਰ ਚਾਹੁੰਦੀ ਹੈ ਕਿ ਵਿਰੋਧੀ ਪਾਰਟੀਆਂ ਵਿਧਾਨਕ ਕੰਮ ਨਿਪਟਾਉਣ 'ਚ ਸਹਿਯੋਗ ਦੇਣ। ਉਨ੍ਹਾ ਕਿਹਾ ਕਿ ਜੇ ਐਨ ਯੂ ਮੁੱਦੇ 'ਤੇ ਬਹਿਸ ਕਦੋਂ ਹੋਵੇਗੀ, ਇਹ ਫ਼ੈਸਲਾ ਸੰਸਦ ਦੀ ਬਿਜ਼ਨੈੱਸ ਅਡਵਾਈਜ਼ਰੀ ਕਮੇਟੀ ਕਰੇਗੀ।