ਸੰਸਦ ਚਰਚਾ ਲਈ ਹੈ, ਹੰਗਾਮੇ ਲਈ ਨਹੀਂ : ਮੁਖਰਜੀ


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਰਾਸ਼ਟਰਪਤੀ ਪ੍ਰਣਬ ਮੁਖਰਜੀ ਦੇ ਭਾਸ਼ਣ ਨਾਲ ਅੱਜ ਸੰਸਦ ਦਾ ਬੱਜਟ ਸੈਸ਼ਨ ਸ਼ੁਰੂ ਹੋ ਗਿਆ। ਆਪਣੇ ਭਾਸ਼ਣ 'ਚ ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਦਾ ਉਦੇਸ਼ 'ਸਭ ਕਾ ਸਾਥ ਸਭ ਕਾ ਵਿਕਾਸ' ਹੈ ਅਤੇ ਇਸ ਲਈ ਸੰਸਦ ਦਾ ਚਲਣਾ ਜ਼ਰੂਰੀ ਹੈ। ਬੀਤੇ ਸੈਸ਼ਨ 'ਚ ਤਕਰੀਬਨ ਤਿੰਨ ਹਫ਼ਤਿਆਂ ਤੱਕ ਸੰਸਦ ਦੇ ਦੋਹਾਂ ਸਦਨਾਂ 'ਚ ਹੋਏ ਹੰਗਾਮੇ ਨੂੰ ਦੇਖਦਿਆਂ ਉਨ੍ਹਾ ਕਿਹਾ ਕਿ ਸੰਸਦ ਚਰਚਾ ਲਈ ਹੈ, ਹੰਗਾਮੇ ਲਈ ਨਹੀਂ। ਉਨ੍ਹਾ ਕਿਹਾ ਕਿ ਸਰਕਾਰ ਸੰਸਦ ਨੂੰ ਚਲਾਉਣਾ ਚਾਹੁੰਦੀ ਹੈ, ਆਪੋਜ਼ੀਸ਼ਨ ਨੂੰ ਇਸ 'ਚ ਸਹਿਯੋਗ ਦੇਣਾ ਚਾਹੀਦਾ ਹੈ।
ਉਨ੍ਹਾ ਕਿਹਾ ਕਿ ਸਰਕਾਰ ਦਾ ਮਕਸਦ ਗਰੀਬ ਤੋਂ ਗਰੀਬ ਵਿਅਕਤੀ ਤੱਕ ਵਿਕਾਸ ਪਹੁੰਚਾਉਣਾ ਹੈ। ਉਨ੍ਹਾ ਕਿਹਾ ਕਿ ਪਿਛਲੇ ਸਾਲ ਸ਼ੁਰੂ ਕੀਤੀ ਗਈ ਜਨ ਧਨ ਯੋਜਨਾ ਨੇ ਬਿਹਤਰੀਨ ਕੰਮ ਕੀਤਾ ਹੈ। ਉਨ੍ਹਾ ਕਿਹਾ ਕਿ ਸਰਕਾਰ ਦਾ ਟੀਚਾ ਕਿਸਾਨਾਂ ਨੂੰ ਬੇਹਤਰ ਸੁਵਿਧਾਵਾਂ ਮੁਹੱਈਆ ਕਰਾਉਣਾ ਅਤੇ ਰੁਜ਼ਗਾਰ ਦੇ ਮੌਕੇ ਵਧਾਉਣਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਜਨ ਧਨ ਯੋਜਨਾ ਵਿਸ਼ਵ ਦੀ ਸਭ ਤੋਂ ਵੱਡੀ ਯੋਜਨਾ ਹੈ। ਸਰਕਾਰ ਦੀ ਪਹਿਲ 'ਤੇ 62 ਲੱਖ ਲੋਕਾਂ ਨੇ ਗੈਸ ਸਬਸਿਡੀ ਛੱਡ ਦਿੱਤੀ ਹੈ। ਉਨ੍ਹਾ ਕਿਹਾ ਕਿ ਸਰਕਾਰ 2022 ਤੱਕ ਸਾਰਿਆਂ ਨੂੰ ਮਕਾਨ ਦੇਣ ਲਈ ਵਚਨਬੱਧ ਹੈ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਅਤੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਕਿਸਾਨਾਂ ਲਈ ਅਹਿਮ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੁਦਰਤੀ ਆਫ਼ਤਾਂ ਕਾਰਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਕਿਸਾਨ ਨੂੰ ਮਿਲਣ ਵਾਲੇ ਮੁਆਵਜ਼ੇ 'ਚ ਵਾਧਾ ਕੀਤਾ ਹੈ।
ਸਰਕਾਰ ਦੇ ਕੰਮਾਂ ਦੀ ਸਿਫ਼ਤ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਪਿਛਲੇ ਸਾਲ 5 ਫੂਡ ਪਾਰਕ ਬਣਾਏ ਗਏ ਅਤੇ ਸਰਕਾਰ ਕਿਸਾਨਾਂ ਦੇ ਹਿੱਤਾਂ ਲਈ ਯਤਨਸ਼ੀਲ ਹੈ। ਸਾਲ 2015 'ਚ ਯੂਰੀਆ ਦਾ ਸਭ ਤੋਂ ਵੱਧ ਉਤਪਾਦਨ ਹੋਇਆ। ਸਾਲ 2015-16 'ਚ ਪਿੰਡਾਂ ਦੇ ਵਿਕਾਸ ਲਈ ਦੋ ਲੱਖ ਕਰੋੜ ਰੁਪਏ ਦਿੱਤੇ ਗਏ। ਉਨ੍ਹਾ ਕਿਹਾ ਕਿ ਪੇਂਡੂ ਵਿਕਾਸ ਸਰਕਾਰ ਦੀ ਪਹਿਲੀ ਤਰਜੀਹ ਹੈ। ਉਨ੍ਹਾ ਕਿਹਾ ਕਿ ਮੇਕ ਇਨ ਇੰਡੀਆ, ਸਟਾਰਟ ਅਪ ਇੰਡੀਆ, ਮੁਦਰਾ ਯੋਜਨਾ ਨਾਲ ਦੇਸ਼ 'ਚ ਰੁਜ਼ਗਾਰ ਦੇ ਮੌਕੇ ਵਧਣਗੇ। ਉਨ੍ਹਾ ਕਿਹਾ ਕਿ ਨੌਜੁਆਨ ਦੇਸ਼ ਦਾ ਭਵਿੱਖ ਹਨ ਅਤੇ ਨੌਜੁਆਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣਾ ਸਰਕਾਰ ਦਾ ਸਭ ਤੋਂ ਮੁਸ਼ਕਲ ਟੀਚਾ ਹੈ। ਉਨ੍ਹਾ ਕਿਹਾ ਕਿ ਮੇਕ ਇਨ ਇੰਡੀਆ ਨਾਲ ਐਫ਼ ਡੀ ਆਈ 'ਚ 39 ਫ਼ੀਸਦੀ ਵਾਧਾ ਹੋਇਆ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਰਕਾਰ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਕੰਮ ਕਰ ਰਹੀ ਹੈ ਅਤੇ ਦੋ ਲੱਖ ਆਂਗਨਬਾੜੀ ਭਵਨਾਂ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਇੱਕ ਸਾਲ 'ਚ ਸਭ ਤੋਂ ਵੱਧ ਟੀਕਾਕਰਨ ਦਾ ਰਿਕਾਰਡ 2015 'ਚ ਬਣਿਆ। ਉਨ੍ਹਾਂ ਕਿਹਾ ਕਿ ਸਰਕਾਰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਪ੍ਰਤੀਬੱਧ ਹੈ ਅਤੇ ਭ੍ਰਿਸ਼ਟਾਚਾਰ ਦੇ ਦੋਸ਼ੀਆਂ ਨੂੰ ਨਹੀਂ ਬਖਸ਼ਿਆ ਜਾਵੇਗਾ। ਉਨ੍ਹਾ ਕਿਹਾ ਕਿ ਸਕਿਲ ਇੰਡੀਆ ਤਹਿਤ 76 ਲੱਖ ਲੋਕਾਂ ਨੂੰ ਟਰੇਨਿੰਗ ਦਿੱਤੀ ਗਈ ਹੈ ਅਤੇ ਗੰਗਾ ਕਿਨਾਰੇ ਵਸੇ 118 ਸ਼ਹਿਰਾਂ ਅਤੇ 10600 ਪਿੰਡਾਂ 'ਚ ਵਿਸ਼ੇਸ਼ ਸਫ਼ਾਈ ਮੁਹਿੰਮ ਸ਼ੁਰੂ ਕੀਤੀ ਗਈ। ਸਰਕਾਰ ਦੀ ਸਮਾਰਟ ਸਿਟੀ ਯੋਜਨਾ ਦੀ ਸਿਫ਼ਤ ਕਰਦਿਆਂ ਉਨ੍ਹਾ ਕਿਹਾ ਕਿ ਪਹਿਲੇ ਗੇੜ ਲਈ 20 ਸ਼ਹਿਰਾਂ ਦੀ ਚੋਣ ਕੀਤੀ ਗਈ ਹੈ।
ਉਨ੍ਹਾ ਕਿਹਾ ਕਿ ਸਰਕਾਰ ਦਾ 2018 ਤੱਕ ਸਾਰੇ ਪਿੰਡਾਂ 'ਚ ਬਿਜਲੀ ਪਹੁੰਚਾਉਣ ਦਾ ਟੀਚਾ ਹੈ। ਉਨ੍ਹਾ ਕਿਹਾ ਕਿ ਸਰਕਾਰ ਨੇ 6 ਕਰੋੜ ਐਲ ਈ ਡੀ ਬਲਬ ਵੰਡੇ ਹਨ। ਸਰਕਾਰ ਦੀ ਯੋਜਨਾ ਵੰਨ ਨੇਸ਼ਨ ਵੰਨ ਗਰਿੱਡ ਵੰਨ ਪ੍ਰਾਈਸ ਹੈ ਅਤੇ ਦੇਸ਼ 'ਚ ਬਿਜਲੀ ਕਮੀ 4 ਫ਼ੀਸਦੀ ਤੋਂ ਬਦਲ ਕੇ 3.2 ਫ਼ੀਸਦੀ ਰਹਿ ਗਈ ਹੈ। ਉਨ੍ਹਾ ਕਿਹਾ ਕਿ ਸਾਲ 2015 ਦੌਰਾਨ ਬਿਜਲੀ ਅਤੇ ਕੋਲੇ ਦਾ ਰਿਕਾਰਡ ਉਤਪਾਦਨ ਹੋਇਆ। ਸੜਕ ਆਵਾਜਾਈ 'ਤੇ ਸਰਕਾਰ ਦੇ ਕੰਮਾਂ ਦੀ ਸਿਫ਼ਤ ਕਰਦਿਆਂ ਉਨ੍ਹਾ ਕਿਹਾ ਕਿ 7200 ਕਿਲੋਮੀਟਰ ਹਾਈਵੇ ਦੀ ਉਸਾਰੀ ਕੀਤੀ ਗਈ ਹੈ ਅਤੇ ਹਾਈਵੇ ਨੂੰ ਹਰਾ-ਭਰਾ ਬਣਾਉਣ ਲਈ ਗਰੀਨ ਹਾਈਵੇ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਟਰੇਨਾਂ 'ਚ ਵੀ ਬਾਇਉ ਟਾਇਲਟ ਬਣਾਏ ਜਾ ਰਹੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਜਨਾ ਡਿਜੀਟਲ ਇੰਡੀਆ ਦੀ ਸਿਫ਼ਤ ਕਰਦਿਆਂ ਉਨ੍ਹਾ ਕਿਹਾ ਕਿ ਪਿੰਡਾਂ ਨੂੰ ਤਕਨੀਕ ਨਾਲ ਜੋੜਣ ਦਾ ਕੰਮ ਜਾਰੀ ਹੈ। 1.55 ਲੱਖ ਡਾਕਖਾਨੇ ਆਨ ਲਾਈਨ ਕੀਤੇ ਗਏ ਹਨ ਅਤੇ ਰਿਕਾਰਡ ਸਾਫ਼ਟਵੇਅਰ ਨਿਰਯਾਤ ਕੀਤੇ ਗਏ ਹਨ। ਦੇਸ਼ 'ਚ ਮੋਬਾਈਲ ਉਤਪਾਦਨ ਦੁਗਣਾ ਹੋਇਆ ਹੈ।
ਅੱਤਵਾਦ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਇਹ ਇੱਕ ਕੌਮਾਂਤਰੀ ਸਮੱਸਿਆ ਹੈ। ਉਨ੍ਹਾ ਕਿਹਾ ਕਿ ਅੱਤਵਾਦ ਨਾਲ ਨਿਪਟਣ ਲਈ ਸਾਰਿਆਂ ਦਾ ਇੱਕਜੁਟ ਹੋਣਾ ਜ਼ਰੂਰੀ ਹੈ। ਫ਼ੌਜੀਆਂ ਨੇ ਜਿਸ ਤਰ੍ਹਾਂ ਪਠਾਨਕੋਟ ਹਮਲਾ ਨਾਕਾਮ ਕੀਤਾ, ਉਹ ਸ਼ਲਾਘਾਯੋਗ ਹੈ।
ਪ੍ਰਣਬ ਮੁਖਰਜੀ ਨੇ ਕਿਹਾ ਕਿ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਸਮਾਜਕ ਸੁਰੱਖਿਆ ਪ੍ਰਦਾਨ ਕਰਨ ਲਈ ਤਿੰਨ ਨਵੀਆਂ ਬੀਮਾ ਤੇ ਪੈਨਸ਼ਨ ਸਕੀਮਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੀਮਾਂ ਦਾ ਲਾਭ ਗਰੀਬ ਤੋਂ ਗਰੀਬ ਵਿਅਕਤੀ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ ਗਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ।