ਉਜਾਗਰ ਸਿੰਘ ਬੀਰ ਭਵਨ ਵੱਲੋਂ 'ਨਵਾਂ ਜ਼ਮਾਨਾ' ਮਸ਼ੀਨਰੀ ਫੰਡ 'ਚ ਇੱਕ ਲੱਖ ਦਾ ਯੋਗਦਾਨ

ਜਲੰਧਰ (ਟਹਿਣਾ)
ਦੇਸ਼ ਦੀ ਅਜ਼ਾਦੀ ਵਿੱਚ ਕਾਮਰੇਡ ਉਜਾਗਰ ਸਿੰਘ ਬੀਰ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਗ਼ਰੀਬਾਂ, ਦੱਬੇ ਕੁਚਲਿਆਂ ਅਤੇ ਕਿਰਤੀ ਲੋਕਾਂ ਦੀ ਲੜਾਈ ਲੜਨ ਦੇ ਲੇਖੇ ਲਾਇਆ। 1982 ਵਿੱਚ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੀ ਯਾਦ 'ਚ ਧਰਮਕੋਟ ਵਿੱਚ ਉਜਾਗਰ ਸਿੰਘ ਬੀਰ ਭਵਨ ਸਥਾਪਤ ਹੈ, ਜੋ ਦੇਸ਼ ਭਗਤ ਲਹਿਰਾਂ ਦਾ ਮੁੱਖ ਕੇਂਦਰ ਹੈ।
'ਨਵਾਂ ਜ਼ਮਾਨਾ' ਨਾਲ ਪੁਰਾਣੀ ਸਾਂਝ ਨੂੰ ਚੇਤੇ ਕਰਦਿਆਂ ਇਸ ਭਵਨ ਦੀ ਕਮੇਟੀ ਵੱਲੋਂ ਅਦਾਰੇ ਵਿੱਚ ਫੇਰੀ ਪਾਈ ਗਈ। ਕਮੇਟੀ ਦੇ ਪ੍ਰਧਾਨ ਕਾ. ਸੂਰਤ ਸਿੰਘ, ਦਫ਼ਤਰੀ ਸਕੱਤਰ ਸ੍ਰੀ ਹਰਦਿਆਲ ਸਿੰਘ ਘਾਲੀ, ਸ੍ਰੀ ਤਰਸੇਮ ਸਿੰਘ ਖਜ਼ਾਨਚੀ, ਨਿਰੰਜਣ ਸਿੰਘ, ਗੁਰਮੇਲ ਸਿੰਘ ਰੱਜੀਵਾਲ, ਮੇਜਰ ਸਿੰਘ ਜਲਾਲਾਬਾਦ , ਸੁਖਚੈਨ ਸਿੰਘ ਦਾਤਾ ਤੇ ਸ੍ਰੀ ਗੁਰਮੇਲ ਸਿੰਘ ਰੱਜੀਵਾਲ ਨੇ ਜਿੱਥੇ ਅਦਾਰੇ ਨਾਲ ਜੁੜੀਆਂ ਲੰਮੇ ਸਮੇਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ, ਉਥੇ 'ਨਵਾਂ ਜ਼ਮਾਨਾ' ਮਸ਼ੀਨਰੀ ਫੰਡ ਲਈ ਇੱਕ ਲੱਖ ਰੁਪਏ ਦੀ ਰਾਸ਼ੀ ਸੰਪਾਦਕ ਕਾਮਰੇਡ ਜਤਿੰਦਰ ਪਨੂੰ ਅਤੇ ਜਨਰਲ ਮੈਨੇਜਰ ਸ੍ਰੀ ਗੁਰਮੀਤ ਸਿੰਘ ਨੂੰ ਸੌਂਪੀ ਗਈ।
ਇਸ ਮੌਕੇ ਗੱਲ ਕਰਦਿਆਂ ਕਾ. ਸੂਰਤ ਸਿੰਘ ਨੇ ਕਿਹਾ, 'ਇਹ ਰਾਸ਼ੀ ਸੌਂਪ ਕੇ ਉਹ ਦੇ ਧੰਨ ਭਾਗ ਸਮਝ ਰਹੇ ਹਨ, ਕਿਉਂਕਿ ਸੱਚੀ-ਸੁੱਚੀ ਪੱਤਰਕਾਰੀ ਦੀ ਮਿਸ਼ਾਲ ਜਗਦੀ ਰੱਖਣ ਲਈ ਅਦਾਰੇ ਵੱਲੋਂ ਜਿੰਨਾਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ, ਉਸ ਅੱਗੇ ਇਹ ਰਾਸ਼ੀ ਬਹੁਤ ਨਿਗੂਣੀ ਹੈ।'
ਉਨ੍ਹਾਂ ਇਹ ਵੀ ਕਿਹਾ ਕਿ ਅਦਾਰੇ ਦੇ ਪ੍ਰੇਮੀ ਕੁਝ ਹੋਰ ਸੱਜਣਾਂ ਵੱਲੋਂ ਉਨ੍ਹਾਂ ਨਾਲ ਸੰਪਰਕ ਕਾਇਮ ਕੀਤਾ ਗਿਆ ਹੈ ਤੇ ਬਹੁਤ ਜਲਦ ਉਹ ਮਸ਼ੀਨਰੀ ਫੰਡ ਵਿੱਚ ਹੋਰ ਯੋਗਦਾਨ ਪਵਾਉਣਗੇ।
ਕਾਮਰੇਡ ਪਨੂੰ ਵੱਲੋਂ ਕਾ. ਉਜਾਗਰ ਸਿੰਘ ਬੀਰ ਭਵਨ ਦੀ ਸਮੁੱਚੀ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਕਾ. ਬੀਰ ਵੱਲੋਂ ਪਾਈਆਂ ਪੈੜਾਂ 'ਤੇ ਚੱਲਣ ਵਾਲੇ ਸਾਰੇ ਸਾਥੀਆਂ 'ਤੇ ਸਾਨੂੰ ਬੇਹੱਦ ਮਾਣ ਹੈ।
ਉਨ੍ਹਾਂ ਕਿਹਾ ਕਿ ਬਹੁਤ ਸਾਰੇ ਹੋਰ ਸਾਥੀਆਂ ਵੱਲੋਂ ਅਦਾਰੇ ਦੇ ਮੋਢੇ ਨਾਲ ਮੋਢੇ ਜੋੜ ਕੇ ਖੜਿਆ ਗਿਆ ਹੈ, ਜਿਸ ਕਰਕੇ ਉਹ 'ਅਰਜਨ ਸਿੰਘ ਗੜਗੱਜ ਫਾਊਂਡੇਸ਼ਨ' ਵੱਲੋਂ ਸਭ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਨ।