Latest News
ਪੰਜਾਬ ਦੀ ਰਾਜਨੀਤੀ ਵਿੱਚ ਵਧ ਰਹੀ ਕੌੜ

Published on 24 Feb, 2016 11:52 AM.

ਪੰਜਾਬ ਦੀ ਰਾਜਨੀਤੀ ਪਹਿਲਾਂ ਹੀ ਭਖੀ ਪਈ ਹੈ, ਪਰ ਹੁਣ ਦਿੱਲੀ ਦਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦਾ ਮੁਖੀ ਅਰਵਿੰਦ ਕੇਜਰੀਵਾਲ ਵੀ ਇਸ ਰਾਜ ਵਿੱਚ ਗੇੜਾ ਮਾਰਨ ਆ ਰਿਹਾ ਹੈ। ਹਰ ਕਿਸੇ ਰਾਜਨੀਤਕ ਧਿਰ ਦਾ ਇਹ ਹੱਕ ਹੈ ਕਿ ਉਹ ਆਪਣਾ ਪ੍ਰਚਾਰ ਕਰੇ ਤੇ ਜੇ ਕੋਈ ਉਸ ਉੱਤੇ ਦੋਸ਼ ਲਾਉਂਦਾ ਹੈ ਤਾਂ ਉਸ ਦੋਸ਼ ਦੇ ਜਵਾਬ ਦਾ ਵੀ ਉਸ ਨੂੰ ਹੱਕ ਹੈ। ਏਨਾ ਹੀ ਹੱਕ ਉਸ ਦੇ ਵਿਰੋਧ ਦੀ ਧਿਰ ਨੂੰ ਵੀ ਹੈ। ਜਦੋਂ ਸਾਰੀਆਂ ਰਾਜਨੀਤਕ ਧਿਰਾਂ ਆਪੋ ਆਪਣਾ ਇਹ ਹੱਕ ਵਰਤਣ ਲੱਗ ਪੈਣ ਤਾਂ ਓਥੇ ਜਾ ਕੇ ਇੱਕ ਫਰਜ਼ ਵੀ ਉਨ੍ਹਾਂ ਦੇ ਜ਼ਿੰਮੇ ਹੁੰਦਾ ਹੈ ਕਿ ਉਹ ਬਿਆਨਬਾਜ਼ੀ ਕਰਦੇ ਸਮੇਂ ਇੱਕ ਹੱਦ ਤੱਕ ਸੀਮਤ ਰਹਿਣ ਤੇ ਇਹੋ ਜਿਹੀ ਕੋਈ ਗੱਲ ਨਾ ਕਹਿਣ, ਜਿਸ ਦੇ ਨਾਲ ਸਮਾਜ ਵਿੱਚ ਤਨਾਅ ਪੈਦਾ ਹੋ ਸਕਦਾ ਹੋਵੇ। ਇੱਕ ਪਾਰਟੀ ਜਿੱਤ ਜਾਵੇ ਜਾਂ ਦੂਸਰੀ, ਸਮਾਜ ਵਿੱਚ ਜਿਸ ਵੀ ਕਿਸਮ ਦਾ ਤਨਾਅ ਪੈਦਾ ਹੋ ਗਿਆ, ਉਹ ਸਾਰਿਆਂ ਨੂੰ ਆਖਰ ਵਿੱਚ ਭੁਗਤਣਾ ਪੈਂਦਾ ਹੈ।
ਅਸੀਂ ਪਿਛਲੇ ਦਿਨਾਂ ਵਿੱਚ ਅਕਾਲੀਆਂ ਅਤੇ ਕਾਂਗਰਸੀਆਂ ਦੀ ਤੁਹਮਤਬਾਜ਼ੀ ਕਈ ਵਾਰੀ ਹੱਦਾਂ ਟੱਪ ਰਹੀ ਵੇਖਦੇ ਰਹੇ ਹਾਂ। ਫਿਰ ਇੱਕ ਵਾਰੀ ਇਹੋ ਜਿਹਾ ਮੌਕਾ ਵੀ ਆਇਆ ਕਿ ਅਕਾਲੀਆਂ ਤੇ ਉਨ੍ਹਾਂ ਦੇ ਰਾਜਸੀ ਪੱਖ ਤੋਂ ਭਾਈਵਾਲ ਭਾਜਪਾ ਵਾਲਿਆਂ ਦੀ ਆਪੋ ਵਿੱਚ ਦੂਸ਼ਣਬਾਜ਼ੀ ਹੋਣ ਲੱਗੀ ਸੀ। ਓਦੋਂ ਭਾਜਪਾ ਦੇ ਕੌਮੀ ਪ੍ਰਧਾਨ ਨੇ ਏਥੇ ਆ ਕੇ ਨਸ਼ਾ ਵਿਰੋਧੀ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਸੀ ਤੇ ਉਸ ਦਾ ਰਾਹ ਰੋਕਣ ਲਈ ਅਕਾਲੀ ਦਲ ਵੱਲੋਂ ਪਾਕਿਸਤਾਨ ਨਾਲ ਜੋੜਦੇ ਚਾਰ ਗੇਟਾਂ ਮੂਹਰੇ ਰੈਲੀਆਂ ਕਰ ਦਿੱਤੀਆਂ ਗਈਆਂ ਸਨ। ਫਿਰ ਦੋਵਾਂ ਧਿਰਾਂ ਵਿੱਚ ਕੁਝ ਜੰਗਬੰਦੀ ਹੋ ਗਈ ਤੇ ਦੋਵਾਂ ਦਾ ਆਢਾ ਕਾਂਗਰਸ ਨਾਲ ਲੱਗਾ ਜਾਪਣ ਲੱਗ ਪਿਆ। ਕੁਝ ਦੇਰ ਪਿੱਛੋਂ ਜਦੋਂ ਭਾਜਪਾ ਦੇ ਕੁਝ ਲੀਡਰਾਂ ਦੇ ਨਾਂਅ ਨਸ਼ੀਲੇ ਪਦਾਰਥਾਂ ਤੇ ਹੋਰ ਸਕੈਂਡਲਾਂ ਵਿੱਚ ਆਉਣ ਲੱਗ ਪਏ ਤਾਂ ਉਨ੍ਹਾਂ ਦਾ ਇੱਕ ਵੱਡਾ ਹਿੱਸਾ ਇਸ ਨੂੰ ਅਕਾਲੀ ਆਗੂਆਂ ਦੀ ਚਾਲ ਕਹਿਣ ਲੱਗ ਪਿਆ ਸੀ। ਓਦੋਂ ਇੱਕ ਵਾਰੀ ਫਿਰ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਇਆ ਤੇ ਉਨ੍ਹਾਂ ਨੇ ਆਪਣੇ ਸਾਂਝੇ ਦੁਸ਼ਮਣ ਵਜੋਂ ਕਾਂਗਰਸ ਵੱਲ ਗੋਲੇ ਦਾਗਣੇ ਸ਼ੁਰੂ ਕੀਤੇ। ਕਾਂਗਰਸੀ ਆਗੂਆਂ ਨੇ ਜਦੋਂ ਉਨ੍ਹਾਂ ਨੂੰ ਮੈਦਾਨ ਵਿੱਚੋਂ ਲਾਂਭੇ ਹੋਈ ਧਿਰ ਕਹਿ ਕੇ ਚਿੜਾਇਆ ਤੇ ਲੜਾਈ ਦੀ ਸਾਹਮਣੀ ਧਿਰ ਆਮ ਆਦਮੀ ਪਾਰਟੀ ਨੂੰ ਕਹਿ ਦਿੱਤਾ ਤਾਂ ਅਕਾਲੀ-ਭਾਜਪਾ ਵਾਲੇ ਵੀ ਇੱਕਦਮ ਸੁਰ ਬਦਲ ਕੇ ਆਪ ਵਾਲਿਆਂ ਦੇ ਖ਼ਿਲਾਫ਼ ਧੂੰਆਂਧਾਰ ਚਾਂਦਮਾਰੀ ਸ਼ੁਰੂ ਕਰ ਕੇ ਉਨ੍ਹਾਂ ਨੂੰ ਜਵਾਬੀ ਹਮਲਾਵਰੀ ਲਈ ਉਕਸਾਉਣ ਲੱਗੇ ਸਨ।
ਏਥੋਂ ਤੱਕ ਇਹ ਸਾਰਾ ਕੁਝ ਸਿਆਸੀ ਸਰਗਰਮੀ ਵਿੱਚ ਆਉਂਦਾ ਸੀ, ਪਰ ਇਸ ਤੋਂ ਅੱਗੇ ਵਧ ਕੇ ਕਈ ਲੀਡਰਾਂ ਨੇ ਨਿੱਜੀ ਪੱਧਰ ਦੀਆਂ ਕਹਾਣੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਿਆਸੀ ਲੜਾਈ ਨੂੰ ਸਿਆਸੀ ਹੱਦ ਤੱਕ ਰੱਖਿਆ ਠੀਕ ਹੁੰਦਾ ਹੈ, ਨਿੱਜੀ ਨਹੀਂ ਬਣਾਉਣਾ ਚਾਹੀਦਾ। ਅਸੀਂ ਕਈ ਸਾਲ ਇਹ ਵੇਖਦੇ ਰਹੇ ਹਾਂ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਧਾਰਨ ਮੌਕਿਆਂ ਉੱਤੇ ਵੀ ਇੱਕ ਦੂਸਰੇ ਬਾਰੇ ਨਿੱਜੀ ਪੱਧਰ ਦੀ ਚੋਭ ਲਾਉਣ ਤੋਂ ਨਹੀਂ ਰਹਿੰਦੇ, ਪਰ ਉਹ ਆਪਣੇ ਪੱਧਰ ਦੇ ਦੋ ਲੀਡਰਾਂ ਤੱਕ ਰਹਿੰਦੀ ਤਾਂ ਠੀਕ ਸੀ, ਹੁਣ ਇਸ ਤੋਂ ਬਹੁਤ ਹੇਠਾਂ ਵਾਲੇ ਵੀ ਉਹੋ ਬੋਲੀ ਬੋਲਣ ਲੱਗੇ ਹਨ। ਰਾਜਸੀ ਪੱਖ ਤੋਂ ਛੋਟੇ ਕੱਦ ਵਾਲੇ ਲੋਕ ਜਦੋਂ ਕਿਸੇ ਸਿਖ਼ਰਲੀ ਹਸਤੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜਵਾਬ ਵਿੱਚ ਉਸ ਪੱਖ ਵੱਲੋਂ ਵੀ ਇਹੋ ਜਿਹੇ ਆਗੂ ਬੋਲ ਪੈਂਦੇ ਹਨ, ਜਿਨ੍ਹਾਂ ਨੂੰ ਹਿੰਦੀ ਸ਼ਬਦਾਵਲੀ ਵਿੱਚ 'ਛੁੱਟ ਭਈਆ ਨੇਤਾ'’ਕਹਿਣ ਦਾ ਰਿਵਾਜ ਹੈ। ਵੱਡੇ ਲੀਡਰਾਂ ਨੂੰ ਇਸ ਪੱਧਰ ਤੱਕ ਜਾਣ ਵਾਲੇ ਆਪੋ ਆਪਣੇ ਪਿਛਲੱਗਾਂ ਦੀ ਵਾਗ ਖਿੱਚ ਕੇ ਰੱਖਣੀ ਚਾਹੀਦੀ ਹੈ ਤੇ ਕਹਿ ਦੇਣਾ ਚਾਹੀਦਾ ਹੈ ਕਿ ਉਹ ਆਪਣੀ ਹੱਦ ਪਛਾਣ ਕੇ ਚੱਲਣ।
ਹੁਣ ਜਦੋਂ ਇਨ੍ਹਾਂ ਦੋਵਾਂ ਧਿਰਾਂ ਨਾਲ ਬਰਾਬਰ ਭਿੜਦੀ ਜਾਪਦੀ ਤੀਸਰੀ ਪਾਰਟੀ ਮੈਦਾਨ ਵਿੱਚ ਆ ਨਿਕਲੀ ਹੈ, ਉਸ ਦੇ ਲੀਡਰਾਂ ਨਾਲ ਵੀ ਇਹੋ ਆਢਾ ਲੱਗ ਰਿਹਾ ਜਾਪਦਾ ਹੈ। ਕੁਝ ਨੇਤਾ ਜਦੋਂ ਤੱਕ ਕਾਂਗਰਸ ਪਾਰਟੀ ਜਾਂ ਅਕਾਲੀ ਦਲ ਵਿੱਚ ਹੁੰਦੇ ਸਨ, ਜਿਹੜੀ ਬਿਨਾਂ ਜ਼ਾਬਤੇ ਤੋਂ ਬੋਲੀ ਜਾਣ ਦੀ ਆਦਤ ਏਥੇ ਪਾ ਚੁੱਕੇ ਸਨ, ਉਹੋ ਕੁਝ ਆਪ ਪਾਰਟੀ ਵਿੱਚ ਜਾ ਕੇ ਕਰਦੇ ਦਿੱਸਦੇ ਹਨ। ਕਾਂਗਰਸ ਅਤੇ ਅਕਾਲੀ ਦਲ ਦੇ ਕੁਝ ਆਗੂ ਇਸ ਗੱਲੋਂ ਨਾਰਾਜ਼ ਹੁੰਦੇ ਹਨ। ਇਸ ਤਰ੍ਹਾਂ ਦੀਆਂ ਗੱਲਾਂ ਤੋਂ ਨਾਰਾਜ਼ ਹੋਣਾ ਸੁਭਾਵਕ ਹੈ, ਪਰ ਆਦਤਾਂ ਉਨ੍ਹਾਂ ਹੀ ਪਾਈਆਂ ਸਨ। ਏਦਾਂ ਦੇ ਬੰਦੇ ਜਦੋਂ ਬੋਲਦੇ ਹਨ ਤਾਂ ਉਹ ਰੋਕੇ ਜਾ ਸਕਣੇ ਸੰਭਵ ਨਹੀਂ, ਪਰ ਬੀਤੇ ਵਿੱਚ ਇਹੋ ਜਿਹੇ ਬੰਦਿਆਂ ਨੂੰ ਅਜਿਹੇ ਭੱਦੇ ਬੋਲ ਬੋਲਣ ਦੀ ਖੁੱਲ੍ਹ ਦੇ ਕੇ ਜਿਹੜੀ ਗ਼ਲਤੀ ਕੀਤੀ ਸੀ, ਉਸ ਤੋਂ ਸਬਕ ਸਿੱਖ ਲੈਣਾ ਚਾਹੀਦਾ ਹੈ। ਜਿਹੜੀ ਭੁੱਲ ਪਿਛਲੇ ਸਮੇਂ ਵਿੱਚ ਹੋ ਚੁੱਕੀ ਹੈ, ਉਹ ਹੋਰ ਕਿਸੇ ਛੋਟੇ ਨੇਤਾ ਦੇ ਮਾਮਲੇ ਵਿੱਚ ਨਾ ਹੀ ਕੀਤੀ ਜਾਵੇ।
ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਬਹੁਤੀਆਂ ਦੂਰ ਨਹੀਂ, ਪਰ ਇਹ ਬਹੁਤੀਆਂ ਨੇੜੇ ਵੀ ਨਹੀਂ। ਅਜੇ ਵੀ ਇੱਕ ਸਾਲ ਰਹਿੰਦਾ ਹੈ। ਜਦੋਂ ਅਗੇਤੇ ਹੀ ਬਿਆਨਬਾਜ਼ੀ ਦਾ ਇਹ ਪੱਧਰ ਦਿਖਾਈ ਦੇਣ ਲੱਗੇ ਤਾਂ ਚੋਣਾਂ ਨੇੜੇ ਜਾਣ ਤੱਕ ਇਸ ਵਿੱਚੋਂ ਬਹੁਤ ਸਾਰੀ ਸੜ੍ਹਿਆਂਦ ਆਉਣ ਲੱਗ ਪਵੇਗੀ। ਛੋਟੇ ਚੇਲਿਆਂ ਦਾ ਕੁਝ ਨਹੀਂ ਵਿਗੜਨਾ। ਜਿਹੜੇ ਵੱਡੇ ਆਗੂ ਦੋਵੇਂ ਨਹੀਂ, ਹੁਣ ਤਿੰਨ ਪਾਸੀਂ ਆਪੋ ਆਪਣੀ ਪਾਰਟੀ ਦੀ ਅਗਵਾਈ ਲਈ ਜ਼ਿੰਮੇਵਾਰ ਹਨ, ਉਨ੍ਹਾਂ ਨੂੰ ਇਹ ਅਹਿਸਾਸ ਹੋਣਾ ਚਾਹੀਦਾ ਹੈ। ਪੱਛਮੀ ਬੰਗਾਲ ਵਿੱਚ ਹੁਣੇ ਤੋਂ ਅਰਧ ਫ਼ੌਜੀ ਦਸਤੇ ਜਾਣ ਲੱਗ ਪਏ ਹਨ ਤੇ ਜੇ ਇਹੋ ਜਿਹੀ ਖਿੱਚੋਤਾਣ ਪੈਦਾ ਹੋਣ ਲੱਗ ਪਈ ਤਾਂ ਇਹ ਨੌਬਤ ਪੰਜਾਬ ਵਿੱਚ ਵੀ ਆ ਸਕਦੀ ਹੈ। ਪੰਜਾਬ ਦੇ ਲੋਕ ਚੋਣਾਂ ਤਾਂ ਤਾਂਘ ਨਾਲ ਉਡੀਕਦੇ ਹਨ, ਪਰ ਉਹ ਇਹ ਗੱਲ ਨਹੀਂ ਚਾਹੁਣਗੇ ਕਿ ਚੋਣਾਂ ਤੋਂ ਪਹਿਲਾਂ ਏਥੇ ਸੜਕਾਂ ਉੱਤੇ ਨਾਕੇ ਲੱਗੇ ਹੋਏ ਓਦਾਂ ਹੀ ਦਿਖਾਈ ਦੇਣ ਲੱਗਣ, ਜਿੱਦਾਂ ਪੰਝੀ ਸਾਲ ਪਿੱਛੇ ਲੱਗੇ ਹੁੰਦੇ ਸਨ।

954 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper