ਰਾਜੀਵ ਗਾਂਧੀ ਕਤਲ ਕਾਂਡ ਦੀ ਦੋਸ਼ੀ ਨਲਿਨੀ ਪੈਰੋਲ 'ਤੇ ਬਾਹਰ

ਵੇਲੋਰ (ਨਵਾਂ ਜ਼ਮਾਨਾ ਸਰਵਿਸ)-ਰਾਜੀਵ ਗਾਂਧੀ ਕਤਲ ਕਾਂਡ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੀ ਨਲਿਨੀ ਸ਼ਿਰੀਹਰਨ ਇੱਕ ਦਿਨ ਦੀ ਪੈਰੋਲ 'ਤੇ ਜੇਲ੍ਹ ਤੋਂ ਬਾਹਰ ਆਈ ਹੈ। ਉਸ ਨੂੰ ਆਪਣੇ ਪਿਤਾ ਦੇ ਅੰਤਿਮ ਸੰਸਕਾਰ 'ਚ ਹਿੱਸਾ ਲੈਣ ਲਈ ਬੁੱਧਵਾਰ ਨੂੰ ਇੱਕ ਦਿਨ ਦੀ ਪੈਰੋਲ 'ਤੇ ਰਿਹਾਅ ਕੀਤਾ ਗਿਆ। ਇੱਕ ਮਹਿਲਾ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਨਲਿਨੀ ਨੂੰ 12 ਘੰਟੇ ਦੀ ਪੈਰੋਲ 'ਤੇ ਰਿਹਾਅ ਕੀਤਾ ਗਿਆ ਹੈ ਤੇ ਉਸ ਨੂੰ ਸ਼ਾਮ ਨੂੰ ਪਰਤਣਾ ਹੋਵੇਗਾ। ਨਲਿਨੀ ਦੇ ਪਿਤਾ ਸ਼ੰਕਰ ਨਰਾਇਣ ਦਾ ਦੇਹਾਂਤ ਤਿਰੂਵੇਲੀ 'ਚ ਹੋਇਆ। ਉਹ ਇੱਕ ਸੇਵਾਮੁਕਤ ਪੁਲਸ ਇੰਸਪੈਕਟਰ ਸਨ, ਉਸ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਨਲਿਨੀ ਨੂੰ 10 ਪੁਲਸ ਮੁਲਾਜ਼ਮਾਂ ਦੇ ਨਾਲ ਬੁੱਧਵਾਰ ਸਵੇਰੇ ਵੇਲੋਰ ਜੇਲ੍ਹ ਤੋਂ ਚੇਨਈ ਰਵਾਨਾ ਕੀਤਾ ਗਿਆ।
ਵਰਨਣਯੋਗ ਹੈ ਕਿ 21 ਮਈ 1991 ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਕਤਲ ਕਰ ਦਿੱਤਾ ਗਿਆ ਸੀ। ਇਹ ਕਤਲ ਲਿੱਟੇ ਮੁਖੀ ਪ੍ਰਭਾਕਰਨ ਦੇ ਕਹਿਣ 'ਤੇ ਹੋਇਆ ਸੀ। ਇਸ ਕਤਲ ਦੇ ਦੋਸ਼ 'ਚ ਨਲਿਨੀ ਦੇ ਨਾਲ ਉਸ ਦੇ ਤਿੰਨ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜਿਨ੍ਹਾਂ 'ਚ ਨਲਿਨੀ ਦਾ ਪਤੀ ਮੁਰਗਨ ਵੀ ਸ਼ਾਮਲ ਹੈ। ਰਾਜ ਸਰਕਾਰ ਨੇ ਸਾਲ 2000 'ਚ ਰਹਿਮ ਦੀ ਪਟੀਸ਼ਨ ਨੂੰ ਮਨਜੂਰ ਕਰਦਿਆਂ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ। ਪਿਛਲੇ ਸਾਲ ਉਸ ਨੇ ਆਪਣੀ ਸਮੇਂ ਤੋਂ ਪਹਿਲਾਂ ਰਿਹਾਈ ਲਈ ਮਦਰਾਸ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ।