ਭਾਰਤ ਘੱਟ ਗਿਣਤੀਆਂ ਦਾ ਦੇਸ਼-ਗਰੇਵਾਲ, ਨਾਗਰਾ

ਚੰਡੀਗੜ੍ਹ (ਨਵਾਂ ਜ਼ਮਾਨਾ ਸਰਵਿਸ)
ਭਾਰਤ 'ਚ ਘੱਟ ਗਿਣਤੀ, ਬਹੁ-ਗਿਣਤੀ ਅਤੇ ਭਾਰਤ ਦੇ ਮਹਾਨ ਹੋਣ ਬਾਰੇ ਚਰਚਾ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲਾਂ ਗੁਰਦਰਸ਼ਨ ਸਿੰਘ ਗਰੇਵਾਲ ਅਤੇ ਐਚ ਐਸ ਨਾਗਰਾ ਨੇ ਕਿਹਾ ਕਿ ਭਾਰਤ ਕੁਝ ਹਜ਼ਾਰ ਸਾਲ ਪਹਿਲਾਂ ਇੱਕ ਮਹਾਨ ਦੇਸ਼ ਸੀ, ਪਰ ਅੱਜ ਭਾਰਤ ਸਭ ਤੋਂ ਵੱਡੀ ਗਿਣਤੀ, ਫਿਰਕਿਆਂ, ਭਾਈਚਾਰਿਆਂ, ਧਰਮਾਂ, ਵਿਸ਼ਵਾਸਾਂ ਅਤੇ ਉਸ ਤੋਂ ਅੱਗੇ ਜਾਤਾਂ ਅਤੇ ਸ਼੍ਰੇਣੀਆਂ 'ਚ ਵੰਡਿਆ ਹੋਇਆ ਹੈ ਅਤੇ ਸਾਡੀ ਇਕਸੁਰਤਾ ਸਿਰਫ਼ ਚੋਣਾਂ ਵੇਲੇ ਹੀ ਦਿਸਦੀ ਹੈ। ਉਨ੍ਹਾ ਕਿਹਾ ਕਿ ਕਾਂਗਰਸ ਆਗੂ ਸ਼ਸ਼ੀ ਥਰੂਰ ਦਾ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਭਾਰਤ ਘੱਟ ਗਿਣਤੀਆਂ ਦਾ ਦੇਸ਼ ਹੈ ਅਤੇ ਇਥੇ ਕੋਈ ਵੀ ਬਹੁ-ਗਿਣਤੀ ਨਹੀਂ ਅਤੇ ਆਪਣੇ ਧਰਮ ਨੂੰ ਬਹੁ-ਗਿਣਤੀ ਦਾ ਧਰਮ ਆਖਣਾ ਗਲਤ ਹੈ। ਇਸ ਦਾ ਸਭ ਤੋਂ ਤਾਜ਼ਾ ਉਦਾਹਰਣ ਹਰਿਆਣਾ ਹੈ, ਜਿੱਥੇ ਹਿੰਦੂਆਂ ਦਾ ਇੱਕ ਵਰਗ ਜਾਟ ਸੋਚਦਾ ਸੀ ਕਿ ਉਹ ਬਹੁ-ਗਿਣਤੀ 'ਚ ਹੈ, ਪਰ ਕੁਝ ਹੀ ਦਿਨਾਂ 'ਚ ਸਾਬਤ ਹੋ ਗਿਆ ਕਿ ਬਹੁ-ਗਿਣਤੀ ਦੂਜਿਆਂ ਦੀ ਕੀਮਤ 'ਤੇ ਸਭ ਕੁਝ ਨਹੀਂ ਕਰ ਸਕਦੀ।
ਗਰੇਵਾਲ ਤੇ ਨਾਗਰਾ ਨੇ ਕਿਹਾ ਕਿ ਪਾਕਿਸਤਾਨ ਇਸਲਾਮਿਕ ਦੇਸ਼ ਹੋਣ ਦੇ ਨਾਲ-ਨਾਲ ਵੰਡਿਆ ਹੋਇਆ ਹੈ, ਜਿੱਥੇ ਤਾਲਿਬਾਨ ਆਖਦਾ ਹੈ ਕਿ ਤੁਹਾਡਾ ਇਸਲਾਮ ਫਰਜ਼ੀ ਹੈ, ਕਿਉਂਕਿ ਤੁਸੀਂ ਬੱਚਿਆਂ ਨੂੰ ਅਜ਼ਾਦ ਸਿੱਖਿਆ ਮੁਹੱਈਆ ਕਰਵਾਉਂਦੇ ਹੋ, ਜੋ ਗੈਰ ਇਸਲਾਮਿਕ ਹੈ। ਇਸੇ ਕਰਕੇ ਤਾਲਿਬਾਨ ਵੱਲੋਂ ਸਕੂਲੀ ਬੱਚੇ ਮਾਰੇ ਜਾ ਰਹੇ ਹਨ ਅਤੇ ਸ਼ੀਆ ਤੇ ਸੁੰਨੀਆਂ 'ਚ ਵੀ ਵੰਡ ਹੈ। ਉਨ੍ਹਾ ਕਿਹਾ ਕਿ ਭਾਜਪਾ/ਸੰਘ 2014 ਦੀਆਂ ਚੋਣਾਂ ਜਿੱਤਣ ਮਗਰੋਂ ਦਿੱਲੀ ਤੇ ਬਿਹਾਰ 'ਚ ਹਾਰ ਗਏ, ਜਿਸ ਤੋਂ ਸਾਫ਼ ਹੈ ਕਿ ਲੋਕ ਗੱਲਾਂ ਨਹੀਂ ਸਗੋਂ ਨਤੀਜੇ ਚਾਹੁੰਦੇ ਹਨ ਅਤੇ ਮੋਦੀ ਦੀ ਅਸਹਿਨਸ਼ੀਲਤਾ ਬਾਰੇ ਚੁੱਪੀ ਨੇ ਓਬਾਮਾ ਨੂੰ ਬੋਲਣ ਲਈ ਮਜਬੂਰ ਕਰ ਦਿੱਤਾ। ਉਨ੍ਹਾ ਕਿਹਾ ਕਿ ਮੋਦੀ ਦੇ ਅਣਥਕ ਪ੍ਰਧਾਨ ਮੰਤਰੀ ਦੇ ਅਕਸ ਨੂੰ ਗ੍ਰਹਿਣ ਲੱਗ ਗਿਆ ਹੈ। ਉਨ੍ਹਾ ਕਿਹਾ ਕਿ ਮੰਦਭਾਗੀ ਗੱਲ ਹੈ ਕਿ ਸੰਘ ਪਰਵਾਰ ਦੇ ਪ੍ਰਚਾਰਕ ਸਮੇਂ ਦੀ ਚਾਲ ਨਹੀਂ ਸਮਝ ਰਹੇ ਅਤੇ ਆਪਣੇ ਹੀ ਟੀਚੇ ਹਾਸਲ ਕਰਨ 'ਚ ਰੁਕਾਵਟਾਂ ਖੜੀਆਂ ਕਰ ਰਹੇ ਹਨ ਅਤੇ ਜੇ ਉਨ੍ਹਾ ਆਪਣੇ ਵਤੀਰੇ 'ਚ ਤਬਦੀਲੀ ਨਾ ਲਿਆਂਦੀ ਤਾਂ 2019 'ਚ ਨਵੀਂ ਕਹਾਣੀ ਲਿਖੀ ਜਾ ਸਕਦੀ ਹੈ। ਹਾਈ ਕੋਰਟ ਦੇ ਇਹਨਾਂ ਦੋਵੇਂ ਸੀਨੀਅਰ ਵਕੀਲਾਂ ਨੇ ਕਿਹਾ ਕਿ ਮਤਭੇਦਾਂ ਨੂੰ ਬਰਦਾਸ਼ਤ ਕਰਨਾ ਅਤੇ ਸ਼ਲਾਘਾ ਕਰਨਾ ਹੀ ਜਮਹੂਰੀਅਤ 'ਚ ਰਹਿਣ ਦਾ ਇਕੋ-ਇੱਕ ਤਰੀਕਾ ਹੈ ਅਤੇ ਵਿਰੋਧੀਆਂ ਨਾਲ ਨਫ਼ਰਤ ਰਾਹੀਂ ਲੋਕਤੰਤਰ ਮਜ਼ਬੂਤ ਨਹੀਂ ਕੀਤਾ ਜਾ ਸਕਦਾ।