ਯੇਚੁਰੀ ਨੇ ਰਾਜ ਸਭਾ 'ਚ ਉਠਾਇਆ ਜੇ ਐੱਨ ਯੂ ਵਿਵਾਦ ਦਾ ਮੁੱਦਾ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਾਜ ਸਭਾ 'ਚ ਅੱਜ ਕਮਿਊਨਿਸਟ ਆਗੂ ਸੀਤਾ ਰਾਮ ਯੇਚੁਰੀ ਨੇ ਜੇ ਐਨ ਯੂ ਵਿਵਾਦ ਅਤੇ ਹੈਦਰਾਬਾਦ 'ਚ ਰਿਸਰਚ ਸਕਾਲਰ ਰੋਹਿਤ ਵੇਮੁੱਲਾ ਦੀ ਖੁਦਕੁਸ਼ੀ ਦਾ ਮਾਮਲਾ ਉਠਾਉਂਦਿਆਂ ਜਵਾਹਰ ਲਾਲ ਨਹਿਰੂ ਵਿਵਾਦ 'ਚ ਮੋਦੀ ਸਰਕਾਰ ਪੱਖਪਾਤ ਭਰੀ ਦਖ਼ਲ ਅੰਦਾਜ਼ੀ ਦਾ ਦੋਸ਼ ਲਾਇਆ। ਉਨ੍ਹਾ ਕਿਹਾ ਕਿ ਯੂਨੀਵਰਸਿਟੀ ਕੈਂਪਸ 'ਚ ਆਯੋਜਿਤ ਇੱਕ ਪ੍ਰੋਗਰਾਮ 'ਚ ਦੇਸ਼ ਵਿਰੋਧੀ ਨਾਅਰੇਬਾਜ਼ੀ ਮਗਰੋਂ ਕੁਝ ਵਿਦਿਆਰਥੀਆਂ 'ਤੇ ਦੇਸ਼ ਧਰੋਹ ਦਾ ਦੋਸ਼ ਲਾਇਆ ਗਿਆ ਹੈ। ਉਨ੍ਹਾ ਕਿਹਾ ਕਿ ਰਾਸ਼ਟਰਵਾਦ ਦੇ ਨਾਂਅ 'ਤੇ ਯੂਨੀਵਰਸਿਟੀ ਨੂੰ ਹੀ ਸਜ਼ਾ ਦਿੱਤੀ ਜਾ ਰਹੀ ਹੈ ਅਤੇ ਮੇਰੇ ਵਿਚਾਰ 'ਚ ਇਹ ਬੇਹੱਦ ਮੰਦਭਾਗੀ ਗੱਲ ਹੈ। ਉਨ੍ਹਾ ਭਾਜਪਾ ਮੈਂਬਰਾਂ ਨੂੰ ਕਿਹਾ ਕਿ ਉਹ ਸਾਨੂੰ ਦੇਸ਼ ਭਗਤੀ ਦਾ ਪਾਠ ਨਾ ਪੜ੍ਹਾਉਣ। ਬਹਿਸ 'ਚ ਦਖਲ ਦਿੰਦਿਆਂ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਇਸ ਬਾਰੇ ਕੋਈ ਵਿਵਾਦ ਨਹੀਂ ਕਿ ਯੂਨੀਵਰਸਿਟੀ 'ਚ ਸੁਤੰਤਰ ਵਿਚਾਰਾਂ ਦੀ ਅਜ਼ਾਦੀ ਹੋਣੀ ਚਾਹੀਦੀ ਹੈ, ਪਰ ਇਸ ਦੇ ਨਾਲ ਵਿਚਾਰਕ ਨਜ਼ਰੀਆ ਵੀ ਹੈ। ਉਨ੍ਹਾ ਕਿਹਾ ਕਿ ਇਸ ਵਿਚਾਰਕ ਨਜ਼ਰੀਏ ਤਹਿਤ ਇਸ ਪੱਧਰ ਦੀ ਅਸਹਿਨਸ਼ੀਲਤਾ ਕਿਉਂ ਦਿਖਾਈ ਜਾ ਰਹੀ ਹੈ।
ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ 'ਚ ਭਰੋਸਾ ਦਿੱਤਾ ਕਿ ਕਿਸੇ ਵੀ ਬੇਕਸੂਰ ਵਿਦਿਆਰਥੀ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਉਨ੍ਹਾ ਕਿਹਾ ਕਿ ਜੇ ਦੇਸ਼ ਧਰੋਹ ਦੇ ਦੋਸ਼ ਸਹੀ ਹਨ ਤਾਂ ਅਦਾਲਤ ਉਨ੍ਹਾ ਨੂੰ ਬਰਕਰਾਰ ਰੱਖ ਸਕਦਾ ਹੈ ਅਤੇ ਜੇ ਦੋਸ਼ ਗਲਤ ਹਨ ਤਾਂ ਅਦਾਲਤ 'ਚ ਟਿਕ ਨਹੀਂ ਸਕਣਗੇ। ਉਨ੍ਹਾ ਮੈਂਬਰਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ 'ਚ ਅਦਾਲਤ ਦੇ ਫ਼ੈਸਲੇ ਦੀ ਉਡੀਕ ਕਰਨ।