ਆਮ ਆਦਮੀ ਪਾਰਟੀ ਪੰਜਾਬ 'ਚ ਸੌ ਸੀਟਾਂ ਜਿੱਤੇਗੀ : ਕੇਜਰੀਵਾਲ


ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ)
ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ਼ਹਿਰ ਦੀ ਨਸ਼ਿਆਂ ਤਂੋ ਪੀੜਤ ਵਿਧਵਾਵਾਂ ਦੀ ਅਬਾਦੀ ਵਜੋਂ ਜਾਣੀ ਜਾਂਦੀ ਮਕਬੂਲਪੁਰਾ ਵਿਖੇ ਜਿੱਥੇ ਪੰਜਾਬ ਵਿੱਚ ਉਹਨਾ ਦੀ ਪਾਰਟੀ ਦੀ ਸਰਕਾਰ ਬਣਨ 'ਤੇ ਪੰਜਾਬ ਵਿੱਚੋਂ ਨਸ਼ਾ ਪਹਿਲੇ ਮਹੀਨੇ ਹੀ ਖਤਮ ਕਰਨ ਦਾ ਐਲਾਨ ਕੀਤਾ, ਉਥੇ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਕਥਿਤ ਤੌਰ 'ਤੇ ਸਮੱਗਲਿੰਗ ਕਰਨ ਵਾਲੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਸਾਰੇ ਤਸਕਰਾਂ ਨੂੰ ਜੇਲ੍ਹ ਯਾਤਰਾ 'ਤੇ ਭੇਜਿਆ ਜਾਵੇਗਾ। ਇਸ ਦੌਰਾਨ ਕੁਝ ਲੋਕਾਂ ਨੇ ਕੇਜਰੀਵਾਲ ਵਾਪਸ ਜਾਓ ਦੇ ਨਾਅਰੇ ਲਾ ਕੇ ਕਾਲੀਆ ਝੰਡੀਆ ਵੀ ਵਿਖਾਈਆਂ।
ਪੰਜਾਬ ਦੌਰੇ ਦੇ ਦੌਰਾਨ ਤੀਸਰੇ ਦਿਨ ਅੰਮ੍ਰਿਤਸਰ ਪੁੱਜੇ ਆਪ ਮੁੱਖੀ ਅਰਵਿੰਦ ਕੇਜਰੀਵਾਲ ਨੇ ਡਰੱਗਜ਼ ਤੋਂ ਪ੍ਰਭਾਵਿਤ ਪਰਵਾਰਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀਆ ਸ਼ਿਕਾਇਤਾਂ ਵੀ ਸੁਣੀਆ। ਉਨ੍ਹਾ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ੋਰ ਦਿੱਤਾ ਕਿ ਉਹ ਕਿਸਾਨੀ ਕਰਜ਼ਿਆਂ ਦੀ ਜਬਰਨ ਵਸੂਲੀ ਬੰਦ ਕਰਨ। ਉਨ੍ਹਾ ਦੋਸ਼ ਲਾਇਆ ਕਿ ਅੱਜ ਇੱਥੇ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾਈਆਂ ਨੇ ਰਲ ਕੇ ਕਾਲੇ ਝੰਡਿਆਂ ਦਾ ਵਿਖਾਵਾ ਕਰਵਾਇਆ ਹੈ, ਪਰ ਉਹਨਾਂ ਨੂੰ ਇਸ ਘਟੀਆ ਕਾਰਵਾਈ ਦਾ ਪਹਿਲਾਂ ਹੀ ਪਤਾ ਸੀ, ਕਿਉਕਿ ਆਪ ਦੀ ਚੜ੍ਹਤ ਵੇਖ ਕੇ ਇਹ ਪੂਰੀ ਤਰ੍ਹਾਂ ਘਬਰਾ ਗਏ ਹਨ। ਉਨ੍ਹਾਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਉਸ ਦਾਅਵੇ ਨੂੰ ਸਿਰੇ ਤੋਂ ਰੱਦ ਕੀਤਾ, ਜਿਸ ਵਿੱਚ ਉਹਨਾ ਕਿਹਾ ਸੀ ਕਿ ਪੰਜਾਬ ਨਸ਼ਾ ਮੁਕਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਖੜਗ ਭੁਜਾ ਵਜੋ ਜਾਣੇ ਜਾਂਦੇ ਪੰਜਾਬ ਦੇ ਪਿੰਡਾਂ ਦੇ ਪਿੰਡ ਤੇ ਸ਼ਹਿਰ ਨਸ਼ਿਆਂ ਦੀ ਲਪੇਟ ਵਿਚ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤਹਿ ਹੈ ਤੇ ਸੂਬੇ ਨੂੰ ਨਸ਼ਾ ਮੁਕਤ ਕਰਕੇ ਨਵੇ ਭਵਿੱਖ ਦੀ ਸਿਰਜਣਾ ਕੀਤੀ ਜਾਵੇਗੀ।
ਉਨ੍ਹਾਂ ਦਿੱਲੀ ਦੇ ਕਿਸਾਨ ਦੀ ਪੰਜਾਬ ਨਾਲ ਤੁਲਨਾ ਕਰਦਿਆ ਕਿਹਾ ਕਿ ਦਿੱਲੀ ਦੇ ਪੀੜਤ ਕਿਸਾਨ ਨੂੰ ਉਨ੍ਹਾਂ ਦੀ ਸਰਕਾਰ ਨੇ 20 ਹਜ਼ਾਰ ਪ੍ਰਤੀ ਏਕੜ ਦੇ ਹਿਸਾਬ ਮੁਆਵਜਾ ਦਿੱਤਾ ਹੈ, ਪਰ ਕਿਸਾਨ ਹਿਤੈਸ਼ੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਨੇ ਰਾਹਤ ਦੇਣ ਦੀ ਥਾਂ ਪੰਜਾਬ ਦੇ ਕਿਸਾਨਾਂ ਨੂੰ ਆਤਮ-ਹੱਤਿਆ ਕਰਨ ਲਈ ਮਜਬੂਰ ਕੀਤਾ ਹੈ, ਜੋ ਕਿਸਾਨਾਂ ਦੀਆਂ ਸਮੱਸਿਆਵਾਂ ਨਿਪਟਾਉਣ 'ਚ ਅਸਫਲ ਰਹੇ ਹਨ। ਕੇਜਰੀਵਾਲ ਨਸ਼ਿਆਂ ਦੀ ਮਾਰ ਹੇਠ ਲੱਗਭੱਗ 20 ਪੀੜਤ ਪਰਵਾਰਾਂ ਦੀਆਂ ਵਿਧਵਾਵਾਂ ਤੇ ਹੋਰ ਔਰਤਾਂ ਨੂੰ ਮਿਲੇ, ਜਿਨ੍ਹਾਂ ਦੇ ਘਰਾਂ ਦੇ ਚਿਰਾਗ ਨਸ਼ਿਆ ਦੀ ਹਨੇਰੀ ਨੇ ਬੁਝਾ ਦਿੱਤੇ ਹਨ। ਇਸ ਮੌਕੇ ਕੇਜਰੀਵਾਲ ਨੂੰ ਪੀੜਤ ਔਰਤਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਕੋਈ ਵਿਸ਼ੇਸ ਸਹਾਇਤਾ ਉਨ੍ਹਾਂ ਨੂੰ ਨਹੀਂ ਮਿਲੀ, ਜਿਸ ਕਾਰਨ ਉਹ ਬੇਹੱਦ ਆਰਥਕ ਤੰਗੀਆਂ ਝੱਲ ਰਹੇ ਹਨ। ਭਰੇ ਹੋਏ ਮਨ ਨਾਲ ਸ਼ਸੀ ਨਾਂਅ ਦੀ ਔਰਤ ਨੇ ਦੱਸਿਆ ਕਿ ਉਸ ਦੇ ਤਿੰਨ ਬੇਟੇ ਰਾਜੂ (23), ਵਿੱਕੀ (22), 2006 ਤੇ ਲੱਕੀ (19) 2014 'ਚ ਸਮੈਕ ਤੇ ਹੋਰ ਨਸ਼ੇ ਲੈਣ ਨਾਲ ਭਰ ਜਵਾਨੀ 'ਚ ਆਪਣੀ ਜੀਵਨ ਲੀਲਾ ਖਤਮ ਕਰ ਗਏ ਹਨ। ਉਸ ਦੀ ਵਿਧਵਾ ਨੂੰਹ ਤੇ ਇਕ ਬੇਟੀ ਘਰ ਵਿੱਚ ਹਨ ਤੇ ਉਸ ਦਾ ਪਤੀ ਦਿਹਾੜੀ ਕਰਕੇ ਟੱਬਰ ਪਾਲ ਰਿਹਾ ਹੈ। ਇਸ ਮੌਕੇ ਸਥਾਨਕ ਲੋਕਾਂ ਇਹ ਵੀ ਦੋਸ਼ ਲਾਇਆ ਗਿਆ ਕਿ ਲੱਗਭੱਗ 49 ਨਸ਼ਿਆਂ ਤੋਂ ਪੀੜਤ ਪਰਵਾਰਾਂ ਨੇ ਕੇਜਰੀਵਾਲ ਨੂੰ ਮਿਲਣਾ ਸੀ, ਪਰ ਅਕਾਲੀਆਂ ਲੱਗਭੱਗ 29 ਪੀੜਤ ਘਰਾਂ 'ਤੇ ਕਬਜ਼ਾ ਕਰ ਲਿਆ, ਜਿਸ ਕਾਰਨ ਉਹ ਕੇਜਰੀਵਾਲ ਨੂੰ ਆਪਣੀ ਦੁੱਖਾਂ ਭਰੀ ਕਹਾਣੀ ਦੱਸਣ ਤੋਂ ਅਸਮੱਰਥ ਰਹੇ। ਬਾਅਦ ਵਿਚ ਕੇਜਰੀਵਾਲ ਨੇ ਜ਼ਿਲ੍ਹੇ ਦੇ ਵਪਾਰੀਆਂ ਤੇ ਸਨਅਤਕਾਰਾਂ ਨਾਲ ਸਰਕਟ ਹਾਊਸ ਵਿਖੇ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਭਰੋਸਾ ਦਿੱਤਾ ਕਿ 'ਆਪ' ਸਰਕਾਰ ਬਣਨ 'ਤੇ ਪੰਜਾਬ ਦੀ ਸਨਅਤ ਤੇ ਵਪਾਰ ਨੂੰ ਮੁੜ ਲੀਹ 'ਤੇ ਲਿਆਉਣ ਲਈ ਵਚਨਬੱਧ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਮੁਅੱਤਲ ਸਾਂਸਦ ਡਾ. ਧਰਮਵੀਰ ਗਾਂਧੀ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਲਈ ਮੁਆਫ਼ੀ ਮੰਗਣ ਪਵੇਗੀ। ਉਹਨਾਂ ਕਿਹਾ ਕਿ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਪਾਰਟੀ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ। ਉਹਨਾ ਆਖਿਆ ਕਿ ਉਹ ਅਕਾਲੀਆਂ ਤੇ ਖ਼ਾਸ ਤੌਰ 'ਤੇ ਬਿਕਰਮ ਮਜੀਠੀਆ ਦੀਆਂ ਗਿੱਦੜ ਭਬਕੀਆਂ ਤੋਂ ਨਹੀਂ ਡਰਦੇ ਅਤੇ ਉਸ ਦੇ ਹਰ ਸਵਾਲ ਦਾ ਜਵਾਬ ਮੂੰਹ ਤੋੜ ਤਰੀਕੇ ਨਾਲ ਦੇਣਗੇ।
ਉਨ੍ਹਾਂ ਆਖਿਆ ਕਿ ਬਾਦਲ ਸਰਕਾਰ ਨੇ ਪੂਰੇ ਪੰਜਾਬ ਨੂੰ ਨਸ਼ੇੜੀ ਬਣਾ ਦਿੱਤਾ ਹੈ ਤੇ ਪੂਰੇ ਪੰਜਾਬ ਵਿੱਚ ਬੱਚੇ-ਬੱਚੇ ਨੂੰ ਪਤਾ ਹੈ ਕਿ ਨਸ਼ਾ ਕੌਣ ਵੇਚਦਾ ਹੈ।ਉਨ੍ਹਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ 'ਤੇ ਵੀ ਪੰਜਾਬ 'ਚ ਨਸ਼ਾ ਬੰਦ ਨਹੀਂ ਹੋਵੇਗਾ, ਕਿਉਂਕਿ ਮਜੀਠੀਆ ਤੇ ਕੈਪਟਨ ਰਿਸ਼ਤੇਦਾਰ ਹਨ ਅਤੇ ਕੈਪਟਨ ਦੀ ਸਰਕਾਰ ਵੇਲੇ ਵੀ ਪੰਜਾਬ ਵਿੱਚ ਨਸ਼ਾ ਵਿਕਦਾ ਸੀ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ 100 ਦੇ ਲੱਗਭੱਗ ਸੀਟਾਂ ਜਿੱਤ ਕੇ ਦਿੱਲੀ ਦੀ ਤਰ੍ਹਾਂ ਸਰਕਾਰ ਬਣਾਏਗੀ। ਉਨ੍ਹਾ ਕਿਹਾ ਕਿ ਕਿ ਸਾਡੀ ਸਰਕਾਰ ਚੰਡੀਗੜ੍ਹ ਤੋਂ ਨਹੀਂ, ਪੰਜਾਬ ਤੋਂ ਚੱਲੇਗੀ।ਉਨ੍ਹਾ ਭਗਵੰਤ ਮਾਨ ਦੇ ਸੁਖਬੀਰ ਬਾਦਲ ਖ਼ਿਲਾਫ਼ ਚੋਣ ਲੜਨ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਉਨ੍ਹਾ ਦੇ ਚੋਣ ਲੜਨ ਬਾਰੇ ਫ਼ੈਸਲਾ ਪਾਰਟੀ ਕਰੇਗੀ। ਉਨ੍ਹਾ ਡੇਰਾਵਾਦ ਦੀ ਆਲੋਚਨਾ ਕਰਦਿਆ ਕਿਹਾ ਕਿ ਉਹ ਮੁੱਦਿਆਂ ਦੇ ਆਧਾਰ 'ਤੇ ਰਾਜਨੀਤੀ ਕਰਦੇ ਹਨ, ਧਰਮ ਦੀ ਰਾਜਨੀਤੀ ਨਹੀਂ ਕਰਦੇ।
ਉਨ੍ਹਾ ਕਿਹਾ ਕਿ ਜਗਦੀਸ਼ ਟਾਈਟਲਰ ਨਾਲ ਮੁਲਾਕਾਤ ਦੀ ਫ਼ੋਟੋ ਦਿੱਲੀ ਦੇ ਇੱਕ ਪ੍ਰੋਗਰਾਮ ਦੀ ਹੈ ਤੇ ਇਸ ਤੋਂ ਵੱਧ ਟਾਈਟਲਰ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਮੌਕੇ ਸੁੱਚਾ ਸਿੰਘ ਛੋਟੇਪੁਰ ਪੰਜਾਬ ਪ੍ਰਧਾਨ, ਲੋਕ ਸਭਾ ਮੈਂਬਰ ਭਗਵੰਤ ਮਾਨ, ਗੁਰਪ੍ਰੀਤ ਸਿੰਘ ਘੁੱਗੀ, ਗੁਰਿੰਦਰ ਸਿੰਘ ਬਾਜਵਾ, ਗੁਰਭੇਜ ਸਿੰਘ ਸੰਧੂ, ਕੁਲਦੀਪ ਸਿੰਘ ਧਾਲੀਵਾਲ ਤੇ ਸਰਬਜੀਤ ਸਿੰਘ ਗੁੰਮਟਾਲਾ ਆਦਿ ਹਾਜ਼ਰ ਸਨ।