ਜਨਤਕ-ਜਮਹੂਰੀ ਜਥੇਬੰਦੀਆਂ ਵੱਲੋਂ ਸੰਘ ਪਰਵਾਰ ਦੇ ਹਮਲੇ ਵਿਰੁੱਧ ਵਿਰੋਧ ਮਾਰਚ

ਪਟਿਆਲਾ (ਨ ਜ਼ ਸ)
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਆਗੂਆਂ ਕਨੱ੍ਹਈਆ ਕੁਮਾਰ ਤੇ ਉਮਰ ਖਾਲਿਦ ਸਮੇਤ ਵਿਦਿਆਰਥੀਆਂ 'ਤੇ ਦਰਜ ਕੇਸ ਰੱਦ ਕਰਕੇ ਰਿਹਾਅ ਕਰਨ, ਬਸਤੀਵਾਦੀ ਦੌਰ ਦੇ ਕਾਨੂੰਨ ਦੇਸ਼ ਧ੍ਰੋਹ ਨੂੰ ਰੱਦ ਕਰਨ, ਯੂਨੀਵਰਸਿਟੀਆਂ ਸਮੇਤ ਵਿਦਿਅਕ ਅਦਾਰਿਆਂ ਵਿੱਚ ਪੁਲਸ ਦਖਲ-ਅੰਦਾਜ਼ੀ ਬੰਦ ਕਰਨ ਅਤੇ ਮੋਦੀ ਹਕੂਮਤ ਵੱਲੋਂ ਆਰ.ਐੱਸ.ਐੱਸ. ਦੇ ਫਿਰਕੂ ਫ਼ਾਸ਼ੀਵਾਦੀ ਏਜੰਡੇ ਨੂੰ ਵਿੱਦਿਆ, ਇਤਿਹਾਸਕ ਖੋਜ ਤੇ ਸੱਭਿਆਚਾਰ ਉਪਰ ਥੋਪਣ ਦੇ ਯਤਨ ਤੇਜ਼ ਕੀਤੇ ਜਾਣ ਵਿਰੁੱਧ ਅੱਜ ਸੰਘ ਪਰਵਾਰ ਦੇ ਹਮਲਿਆਂ ਵਿਰੁੱਧ ਜਨਤਕ ਜਮਹੂਰੀ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਪਟਿਆਲਾ ਸ਼ਹਿਰ ਵਿੱਚ ਵਿਰੋਧ ਮਾਰਚ ਕੀਤਾ ਗਿਆ। ਜਗਮੋਹਣ ਸਿੰਘ, ਅਮਰਜੀਤ ਘਨੋਰ, ਸੁੱਚਾ ਸਿੰਘ, ਰਾਮਿੰਦਰ ਸਿੰਘ ਪਟਿਆਲਾ, ਪ੍ਰੇਮ ਸਿੰਘ ਨੰਨਵਾਂ, ਮਨੋਹਰ ਲਾਲ ਸ਼ਰਮਾ ਅਤੇ ਵਿਧੂ ਸ਼ੇਖਰ ਭਾਰਦਵਾਜ ਦੀ ਅਗਵਾਈ ਹੇਠ ਹੋਏ ਇਸ ਵਿਰੋਧ ਮਾਰਚ ਵਿੱਚ ਵੱਡੀ ਗਿਣਤੀ 'ਚ ਮਜ਼ਦੂਰ, ਕਿਸਾਨ, ਨੌਜਵਾਨ, ਮੁਲਾਜ਼ਮ, ਵਿਦਿਆਰਥੀ ਅਤੇ ਔਰਤਾਂ ਨੇ ਸ਼ਮੂਲੀਅਤ ਕੀਤੀ। ਮਾਰਚ ਤੋਂ ਪਹਿਲਾਂ ਨਹਿਰੂ ਪਾਰਕ ਵਿਖੇ ਇੱਕ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਦਿੱਲੀ ਦੇ ਤਖਤ 'ਤੇ ਗੱਦੀ ਨਸ਼ੀਨ ਹੋਈ ਹੈ, ਉਦੋਂ ਤੋਂ ਹੀ ਉਹ ਆਰ.ਐੱਸ.ਐੱਸ. ਦੇ ਹਿੰਦੂਤਵੀ ਏਜੰਡੇ ਨੂੰ ਦੇਸ਼ ਉਪਰ ਥੋਪਣ ਦੇ ਯਤਨ ਕਰ ਰਹੀ ਹੈ ਜਿਸ ਕਾਰਨ ਦੇਸ਼ ਵਿੱਚ ਘੱਟ ਗਿਣਤੀਆਂ ਖਾਸ ਕਰਕੇ ਮੁਸਲਮਾਨਾਂ, ਅੰਬੇਡਕਰਵਾਦੀਆਂ, ਕਮਿਊਨਿਸਟਾਂ, ਤਰਕਸ਼ੀਲਾਂ ਅਤੇ ਹੋਰ ਅਗਾਂਹਵਧੂ ਵਿਚਾਰਾਂ ਵਾਲੇ ਵਿਅਕਤੀਆਂ ਨੂੰ ਵਿਸ਼ੇਸ਼ ਨਿਸ਼ਾਨਾ ਬਣਾ ਰਹੀ ਹੈ। ਸੰਘ ਪਰਵਾਰ ਨੇ ਕਦੇ ਘਰ ਵਾਪਸੀ, ਕਦੇ ਲਵ ਜੇਹਾਦ ਵਰਗੇ ਨਾਅਰਿਆਂ ਨਾਲ ਕਦੇ ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਦੇ ਦਲਿਤ ਵਿਦਿਆਰਥੀ ਰੋਹਿਤ ਵੇਮੁਲਾ ਅਤੇ ਹੁਣ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਝੂਠੇ ਪ੍ਰਾਪੇਗੰਡੇ ਨਾਲ ਬਦਨਾਮ ਕਰਕੇ ਨਿਸ਼ਾਨਾ ਬਣਾ ਰਹੀ ਹੈ, ਜਿਸ ਨੇ ਹਰ ਸੂਝਵਾਨ ਮਨੁੱਖ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਪਹਿਲਾਂ ਵੀ ਪ੍ਰੋ. ਕਲਬੁਰਗੀ, ਗੋਵਿੰਦ ਪੰਸਾਰੇ ਅਤੇ ਦਬੋਲਕਰ ਵਰਗੇ ਵਿਦਵਾਨਾਂ ਤੇ ਲੇਖਕਾਂ ਦੇ ਕਤਲ ਤੱਕ ਕਰ ਦਿੱਤੇ ਗਏ ਹਨ। ਇਸ ਮਾਹੌਲ ਵਿਰੁੱਧ ਇਕ ਤਕੜੀ ਜੱਦੋ-ਜਹਿਦ ਖੜੀ ਕਰਨ ਦਾ ਪ੍ਰਣ ਕਰਦੇ ਹੋਏ ਬੁਲਾਰਿਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਸੰਘ ਪਰਵਾਰ ਦੇ ਫਿਰਕੂ ਫ਼ਾਸ਼ੀਵਾਦੀ ਹਮਲਿਆਂ ਤੋਂ ਦੇਸ਼ ਦੇ ਲੋਕਾਂ ਨੂੰ ਜਾਗ੍ਰਿਤ ਕੀਤਾ ਜਾਵੇਗਾ।
ਇਕੱਠ ਨੂੰ ਡਾ. ਸੁੱਚਾ ਸਿੰਘ ਗਿੱਲ, ਹਰਭਜਨ ਬੁੱਟਰ, ਜਤਿੰਦਰ ਚੱਢਾ, ਰਣਜੀਤ ਸਿੰਘ ਸਵਾਜਪੁਰ, ਅਮਨਦੀਪ ਸਿੰਘ, ਸੁਮਿਤ ਸ਼ਮੀ, ਅਮਰਜੀਤ ਸਿੰਘ, ਸੁਰੇਸ਼ ਕੁਮਾਰ ਆਲਮਪੁਰ, ਇਕਬਾਲ ਸਿੰਘ ਮੰਡੋਲੀ, ਕਰਮਚੰਦ ਭਾਰਦਵਾਜ, ਇੰਦਰਜੀਤ ਢਿੱਲੋਂ, ਹਰਿੰਦਰ ਬਾਜਵਾ ਅਤੇ ਐਡਵੋਕੇਟ ਰਾਜੀਵ ਲੋਹਟਬੱਦੀ ਨੇ ਸੰਬੋਧਨ ਕੀਤਾ। ਅਖੀਰ 'ਚ ਸ਼ਹਿਰ ਵਿੱਚ ਮਾਰਚ ਕਰਨ ਮਗਰੋਂ ਸਥਾਨਕ ਸ਼ੇਰਾਂਵਾਲਾ ਗੇਟ ਵਿਖੇ ਮੋਦੀ ਸਰਕਾਰ ਤੇ ਸੰਘ ਪਰਵਾਰ ਦਾ ਪੁਤਲਾ ਫੂਕਿਆ ਗਿਆ।