ਜਲੰਧਰ ਦੀ ਛੋਟੀ ਬਾਰਾਦਰੀ 'ਚ ਸਾਫ਼-ਸਫ਼ਾਈ ਦੇ ਮੰਦੜੇ ਹਾਲ

ਜਲੰਧਰ (ਨਵਾਂ ਜ਼ਮਾਨਾ ਸਰਵਿਸ)
ਸਿੱਖਿਆ ਦੇ ਪਸਾਰ ਦੇ ਨਾਲ ਜਿਉਂ-ਜਿਉਂ ਮਨੁੱਖ ਨੂੰ ਸੋਝੀ ਆਉਂਦੀ ਜਾ ਰਹੀ ਹੈ, ਉਹ ਆਪਣੇ ਚੌਗਿਰਦੇ ਬਾਰੇ ਜਾਗਰੂਕ ਹੋ ਰਿਹਾ ਹੈ। ਜਿਹੜਾ ਵਿਅਕਤੀ ਚੌਗਿਰਦੇ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਾਫ਼-ਸਫ਼ਾਈ ਨਹੀਂ ਰੱਖਦਾ ਜਾਂ ਸਾਫ਼-ਸਫ਼ਾਈ ਦੇ ਰਾਹ ਦਾ ਰੋੜਾ ਬਣਦਾ ਹੈ, ਉਸ ਨੂੰ ਅਨਪੜ੍ਹ-ਜਾਹਲ ਦਾ ਨਾਂਅ ਦਿੱਤਾ ਜਾਂਦਾ ਹੈ, ਪਰ ਜੇ ਕੋਈ ਉੱਚ ਅਫ਼ਸਰ ਅਜਿਹਾ ਕਰੇ ਤਾਂ ਉਸ ਬਾਰੇ ਕੀ ਕਿਹਾ ਜਾਵੇ?
ਮਾਮਲਾ ਜਲੰਧਰ ਦੀ ਛੋਟੀ ਬਾਰਾਦਰੀ-2 ਦਾ ਹੈ, ਜਿੱਥੇ ਇੱਕ ਪੀ ਸੀ ਐੱਸ ਅਧਿਕਾਰੀ ਨਿਰਧਾਰਤ ਥਾਂ 'ਤੇ ਗੁਸਲਖਾਨਾ ਨਹੀਂ ਬਣਨ ਦੇ ਰਿਹਾ। ਇਹ ਮੁੱਦਾ ਸੀਨੀਅਰ ਸਿਟੀਜ਼ਨਜ਼ ਇਨਵਾਇਰਨਮੈਂਟ ਸੇਵਰ ਕਮੇਟੀ ਨੇ ਥੱਕ-ਹਾਰ ਨੇ ਮੁੱਖ ਮੰਤਰੀ ਪੰਜਾਬ ਕੋਲ ਉਠਾਇਆ ਹੈ। ਇਹ ਸੰਗਠਨ ਜਲੰਧਰ ਦੇ ਚੌਗਿਰਦੇ ਦੀ ਸਾਂਭ-ਸੰਭਾਲ ਲਈ ਸਰਗਰਮ ਹੈ। ਇਸ ਵੱਲੋਂ ਛੋਟੀ ਬਾਰਾਦਰੀ ਦੀ ਹਰੀ ਪੱਟੀ ਅਤੇ ਕਮਿਊਨਿਟੀ ਸੈਂਟਰ ਦੀ ਸਾਂਭ-ਸੰਭਾਲ ਦੇ ਨਾਲ-ਨਾਲ ਵੱਖ-ਵੱਖ ਸਕੂਲਾਂ 'ਤੇ ਆਪਣੀ ਜੇਬ 'ਚੋਂ 7-8 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਇਨ੍ਹਾਂ ਕਾਰਜਾਂ 'ਚ ਸਰਕਾਰ ਦੀ ਕੋਈ ਮਦਦ ਨਹੀਂ ਲਈ ਗਈ।
ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਇੱਕ ਪਾਸੇ ਪੂਰੇ ਭਾਰਤ 'ਚ ਪ੍ਰਧਾਨ ਮੰਤਰੀ ਵੱਲੋਂ 'ਸਵੱਛ ਭਾਰਤ ਅਭਿਆਨ' ਦੇ ਨਾਂਅ 'ਤੇ ਲੋਕਾਂ ਨੂੰ ਸਾਫ਼-ਸਫ਼ਾਈ ਰੱਖਣ ਲਈ ਜਾਗਰੂਕ ਕਰਨ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ, ਪਰ ਕ੍ਰਿਸਟਲ ਪਲਾਜ਼ਾ, ਛੋਟੀ ਬਾਰਾਦਰੀ-2, ਜਿਸ ਨੂੰ ਪੜ੍ਹੇ-ਲਿਖੇ ਸੱਭਿਅਕ ਲੋਕਾਂ ਦਾ ਇਲਾਕਾ ਕਿਹਾ ਜਾਂਦਾ ਹੈ, 'ਚ ਸਾਫ਼ ਸਫ਼ਾਈ ਦਾ ਬੁਰਾ ਹਾਲ ਹੈ। ਕ੍ਰਿਸਟਲ ਪਲਾਜ਼ਾ, ਛੋਟੀ ਬਾਰਾਦਰੀ-2 'ਚ ਗੁਸਲਖਾਨੇ ਦੀ ਵਿਵਸਥਾ ਹੈ। ਇਸ ਮਕਸਦ ਲਈ ਸਾਡੀ ਸੰਸਥਾ ਨੇ ਪੁਡਾ ਦੇ ਸੰਬੰਧਤ ਅਧਿਕਾਰੀਆਂ ਕੋਲ ਕਈ ਵਾਰ ਪਹੁੰਚ ਕੀਤੀ ਹੈ, ਪਰ ਉਨ੍ਹਾਂ ਇਸ ਸੰਬੰਧ 'ਚ ਅਜੇ ਤੱਕ ਡੱਕਾ ਵੀ ਦੋਹਰਾ ਨਹੀਂ ਕੀਤਾ।
ਉਨ੍ਹਾ ਦੋਸ਼ ਲਾਇਆ ਕਿ ਇੱਕ ਪੀ ਸੀ ਐੱਸ ਅਧਿਕਾਰੀ ਦੇ ਦਬਾਅ ਹੇਠ ਪੁੱਡਾ ਗੁਸਲਖਾਨੇ ਦੀ ਉਸਾਰੀ ਨਹੀਂ ਕਰ ਰਹੀ, ਕਿਉਂਕਿ ਇਸ ਮਕਸਦ ਲਈ ਰੱਖੀ ਗਈ ਥਾਂ ਦੇ ਨੇੜੇ ਇਸ ਅਧਿਕਾਰੀ ਦਾ ਮਕਾਨ ਹੈ।
ਸ੍ਰੀ ਮੁਲਤਾਨੀ ਨੇ ਦੱਸਿਆ ਕਿ ਇੱਕ ਬਹੁਤ ਹੀ ਗਹਿਮਾ-ਗਹਿਮੀ ਵਾਲੀ ਮਾਰਕਿਟ ਦੇ ਨਾਲ ਹੋਣ ਕਾਰਨ ਇਸ ਇਲਾਕੇ ਦੀ ਖੁੱਲ੍ਹੀ ਥਾਂ ਦੀ ਵਰਤੋਂ ਪਾਰਕਿੰਗ ਵਜੋਂ ਕੀਤੀ ਜਾਂਦੀ ਹੈ ਅਤੇ ਬਾਕੀ ਬਚਦੇ ਥਾਂ ਦੀ ਲੋਕ ਪਿਸ਼ਾਬ ਤੇ ਪਖਾਨੇ ਲਈ ਕਰਦੇ ਹਨ। ਸਿੱਟੇ ਵਜੋਂ ਬਹੁਤ ਜ਼ਿਆਦਾ ਬਦਬੂ ਪੈਦਾ ਹੋ ਰਹੀ ਹੈ।
ਉਨ੍ਹਾ ਕਿਹਾ ਕਿ ਜਨ ਹਿੱਤ 'ਚ ਉਨ੍ਹਾ ਦੀ ਸੁਸਾਇਟੀ ਇਸ ਥਾਂ 'ਤੇ ਗੁਸਲਖਾਨਾ ਉਸਾਰਨ ਲਈ ਵਿੱਤੀ ਯੋਗਦਾਨ ਪਾਉਣ ਲਈ ਵੀ ਤਿਆਰ ਹੈ। ਉਨ੍ਹਾ ਮੁੱਖ ਮੰਤਰੀ ਤੋਂ ਇਸ ਮਾਮਲੇ 'ਚ ਦਖ਼ਲ ਦੇਣ ਤੇ ਪੁੱਡਾ ਨੂੰ ਰਾਖਵੀਂ ਜਗ੍ਹਾ 'ਚ ਗੁਸਲਖਾਨੇ ਦੀ ਉਸਾਰੀ ਕਰਨ ਦੀ ਹਦਾਇਤ ਦੇਣ ਦੀ ਮੰਗ ਕੀਤੀ। ਸ੍ਰੀ ਮੁਲਤਾਨੀ ਨੇ ਦੱਸਿਆ ਕਿ ਇਸ ਸੰਬੰਧ 'ਚ ਉਨ੍ਹਾ ਮੁੱਖ ਮੰਤਰੀ ਪੰਜਾਬ ਨੂੰ ਇੱਕ ਚਿੱਠੀ ਲਿਖੀ ਹੈ, ਜਿਸ ਦੀਆਂ ਨਕਲਾਂ ਪ੍ਰਧਾਨ ਮੰਤਰੀ, ਜਲੰਧਰ ਦੇ ਡਿਪਟੀ ਕਮਿਸ਼ਨਰ ਅਤੇ ਪੁੱਡਾ ਜਲੰਧਰ ਦੇ ਪ੍ਰਸ਼ਾਸਕ ਨੂੰ ਵੀ ਭੇਜੀਆਂ ਗਈਆਂ ਹਨ।