ਖਾਲੀ ਖਜ਼ਾਨੇ ਦਾ ਢਿੰਡੋਰਾ ਪਿੱਟ ਕੇ ਬਜ਼ੁਰਗ ਪੈਨਸ਼ਨਰਾਂ ਨੂੰ ਸੜਕਾਂ 'ਤੇ ਆਉਣ ਲਈ ਮਜਬੂਰ ਕਰ ਰਹੀ ਹੈ ਬਾਦਲ ਸਰਕਾਰ


ਰੂਪਨਗਰ (ਖੰਗੂੜਾ)
ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਪਾਵਰਕਾਮ/ਟਰਾਂਸਕੋ ਪੈਨਸ਼ਨਰਜ਼ ਵੈੱਲਫੇਅਰ ਅਸੋਸੀਏਸ਼ਨ ਦੇ ਮੈਂਬਰਾਂ 'ਚ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਜ਼ ਜਾਇੰਟ ਫਰੰਟ ਨਾਲ ਹੋਈਆਂ ਮੀਟਿੰਗਾਂ ਵਿੱਚ ਮੰਨੀਆਂ ਹੋਈਆਂ ਮੰਗਾਂ ਅਜੇ ਤੱਕ ਲਾਗੂ ਨਾ ਕਰਨ 'ਤੇ ਭਾਰੀ ਗੁੱਸਾ ਅਤੇ ਰੋਸ ਪਾਇਆ ਜਾ ਰਿਹਾ ਹੈ। ਪੈਨਸ਼ਨਰਜ਼ ਨੇ ਆਪਣੇ ਇਸ ਗੁੱਸੇ ਦਾ ਪ੍ਰਗਟਾਵਾ ਰੂਪਨਗਰ ਜ਼ਿਲ੍ਹੇ ਦੀਆਂ ਦੋਵੇਂ ਅਸੋਸੀਏਸ਼ਨ ਦੀ ਸਾਂਝੀ ਮਹੀਨਾਵਾਰ ਮੀਟਿੰਗ ਦੌਰਾਨ ਕੀਤਾ। ਮੀਟਿੰਗ ਇੱਥੇ ਮਹਾਰਾਜਾ ਰਣਜੀਤ ਸਿੰਘ ਬਾਗ ਵਿਖੇ ਰਤਨ ਸਿੰਘ ਅਤੇ ਬੀ.ਐੱਸ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਬੀ.ਐੱਸ.ਸੈਣੀ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੋਟਾਂ ਦੀ ਰਾਜਨੀਤੀ ਕਰਦੇ ਹੋਏ ਸੰਗਤ ਦਰਸ਼ਨ ਦੇ ਨਾਂਅ 'ਤੇ ਖੁੱਲ੍ਹੇ ਦਰਬਾਰ ਲਗਾ ਕੇ, ਧਾਰਮਿਕ ਯਾਤਰਾਵਾਂ ਕਰਵਾ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ ਅਤੇ ਕਰੋੜਾਂ/ ਅਰਬਾਂ ਰੁਪਿਆ ਲੁਟਾ ਰਹੇ ਹਨ, ਪਰੰਤੂ ਪੈਨਸ਼ਨਰਾਂ/ਮੁਲਾਜ਼ਮਾਂ ਦੀਆਂ ਮੰਗਾਂ ਪ੍ਰਵਾਨ ਕਰਨ ਦੀ ਬਜਾਇ ਖਜ਼ਾਨਾ ਖਾਲੀ ਹੋਣ ਦਾ ਢਿੰਡੋਰਾ ਪਿੱਟ ਕੇ ਬਜ਼ੁਰਗ ਪੈਨਸ਼ਨਰਾਂ ਨੂੰ ਸੜਕਾਂ 'ਤੇ ਆਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਵਰਨਣਯੋਗ ਹੈ ਕਿ ਪੈਨਸ਼ਨਰਜ਼ ਮੰਗ ਕਰ ਰਹੇ ਹਨ ਕਿ ਮਹਿੰਗਾਈ ਭੱਤੇ ਦੀਆਂ ਪਿਛਲੀਆਂ ਤਿੰਨ ਕਿਸ਼ਤਾਂ ਦਾ 23 ਮਹੀਨਿਆਂ ਦੇ ਬਕਾਏ ਦਾ ਤੁਰੰਤ ਭੁਗਤਾਨ ਕੀਤਾ ਜਾਵੇ, ਜਨਵਰੀ 2016 ਤੋਂ ਕੰਜਿਊਮਰ ਪਰਾਈਸ ਇੰਡੈਕਸ 6.73 ਵਧਣ ਨਾਲ 7% ਮਹਿੰਗਾਈ ਭੱਤੇ ਦੀ ਕਿਸ਼ਤ ਬਣਦੀ ਹੈ, ਪਰੰਤੂ ਕੇਂਦਰ ਸਰਕਾਰ ਸਿਰਫ 6% ਹੀ ਦੇਣ ਬਾਰੇ ਬਿਆਨ ਦੇਣ ਦੀ ਵੀ ਨਿਖੇਧੀ ਕੀਤੀ ਗਈ, ਕਰੌਨੀਕਲ ਬਿਮਾਰੀਆਂ ਦਾ ਸਰਟੀਫੀਕੇਟ ਪੀ ਜੀ ਆਈ ਚੰਡੀਗੜ੍ਹ ਤੋਂ ਬਣਨ ਦੀ ਬਜਾਇ ਜ਼ਿਲ੍ਹਾ ਪੱਧਰ 'ਤੇ ਸਿਵਲ ਸਰਜਨ ਵੱਲੋਂ ਹੀ ਜਾਰੀ ਕੀਤਾ ਜਾਵੇ, ਸਰਕਾਰ ਵੱਲੋਂ ਜਾਰੀ ਕੈਸ਼ਲੈੱਸ ਸਿਹਤ ਸਕੀਮ ਸੰਬੰਧੀ ਆਉਂਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਇਸ ਸਕੀਮ ਨੂੰ ਸਾਰਿਆਂ 'ਤੇ ਲਾਗੂ ਕਰਨ ਦੀ ਬਜਾਇ ਆਈ ਏ ਐੱਸ ਕਾਡਰ ਵਾਂਗ ਔਪਸ਼ਨਲ ਕੀਤਾ ਜਾਵੇ ਅਤੇ ਵੱਡੇ ਹਸਪਤਾਲਾਂ ਨੂੰ ਵੀ ਲਿਸਟ ਵਿੱਚ ਸ਼ਾਮਲ ਕੀਤਾ ਜਾਵੇ। ਮੀਟਿੰਗ ਵਿੱਚ ਸਾਰੇ ਸਾਥੀਆਂ ਨੇ ਮਾਰਚ 2016 ਵਿੱਚ ਬੱਜਟ ਸੈਸ਼ਨ ਦੌਰਾਨ ਮੋਹਾਲੀ ਵਿਖੇ ਹੋਣ ਜਾ ਰਹੇ ਸੂਬਾ ਪੱਧਰੀ ਰੋਸ ਮੁਜ਼ਾਹਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਪ੍ਰਣ ਲਿਆ। ਮੀਟਿੰਗ ਦੌਰਾਨ ਸਟੇਟ ਬੈਂਕ ਆਫ ਪਟਿਆਲਾ ਤੋਂ ਮੈਨੇਜਰ/ਲੋਨਜ਼ ਹਰੀ ਸਿੰਘ ਅਤੇ ਮੁਕੇਸ਼ ਕੁਮਾਰ ਨੇ ਪੈਨਸ਼ਨਰਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਬਾਰੇ ਵਿਚਾਰ ਪੇਸ਼ ਕੀਤੇ ਅਤੇ ਪੈਨਸ਼ਨਰਾਂ ਦੀ ਸਹੂਲਤ ਲਈ ਮਿਲਣਯੋਗ ਕਰਜ਼ਿਆਂ ਬਾਰੇ ਜਾਣਕਾਰੀ ਦਿੱਤੀ। ਮੀਟਿੰਗ ਨੂੰ ਗੁਰਇੰਦਰ ਸਿਘ ਪ੍ਰੀਤ, ਗੁਰਦੇਵ ਸਿੰਘ, ਰਾਮ ਸਰੂਪ, ਗੁਰਮੇਲ ਸਿੰਘ, ਇੰਜ. ਇਕਬਾਲ ਸਿੰਘ ਅਤੇ ਰਛਪਾਲ ਸਿੰਘ ਨੇ ਵੀ ਸੰਬੋਧਨ ਕੀਤਾ। ਮੀਟਿਗ ਦੇ ਸ਼ੁਰੂ ਵਿੱਚ ਸਵਰਗਵਾਸ ਹੋ ਗਏ ਸਾਥੀਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੇਲ ਸਿਘ ਦੇ ਪਿਤਾ ਗਿਆਨੀ ਗੁਰਦਿਆਲ ਸਿੰਘ, ਪ੍ਰੋ: ਐੱਸ. ਕੇ. ਭਾਟੀਆ, ਰਨਤ ਲਾਲ ਅਤੇ ਗੁਰਚਰਨ ਕੌਰ ਨੂੰ ਦੋ ਮਿਟ ਦਾ ਮੌਨ ਧਾਰ ਕੇ ਸ਼ਰਧਾਜਲੀ ਭੇਟ ਕੀਤੀ ਗਈ। ਐਸੋਸੀਏਸ਼ਨ ਪ੍ਰਧਾਨ ਰਤਨ ਸਿੰਘ ਨੇ ਆਏ ਮੈਂਬਰਾਂ ਦਾ ਧੰਨਵਾਦ ਕੀਤਾ।