ਸਿੱਖਿਆ ਮੰਤਰੀ ਦੇ ਹਲਕੇ 'ਚ ਠੇਕੇ 'ਤੇ ਕੰਮ ਕਰ ਰਹੇ ਐੱਸ ਐੱਸ ਏ, ਰਮਸਾ ਅਧਿਆਪਕਾਂ ਵੱਲੋਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਰਾਜ ਪੱਧਰੀ ਰੈਲੀ

ਰੂਪਨਗਰ (ਖੰਗੂੜਾ)
ਠੇਕੇ 'ਤੇ ਕੰਮ ਕਰ ਰਹੇ ਐੱਸ ਐੱਸ ਏ, ਰਮਸਾ ਅਧਿਆਪਕਾਂ ਦੀ ਯੂਨੀਅਨ ਵੱਲੋਂ ਅੱਜ ਇੱਥੇ ਪੰਜਾਬ ਦੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੇ ਹਲਕੇ 'ਚ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਰਾਜ ਪੱਧਰੀ ਰੈਲੀ ਕੀਤੀ ਗਈ। ਰੈਲੀ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਤੋਂ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ। ਉਨ੍ਹਾਂ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਲ 2017 ਦੇ ਵਿਧਾਨ ਸਭਾ ਚੋਣ ਵਿੱਚ ਅਕਾਲੀ-ਭਾਜਪਾ ਗੱਠਜੋੜ ਖਿਲਾਫ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਰਾਜ ਪੱਧਰੀ ਰੈਲੀ ਦੌਰਾਨ ਵੱਡੀ ਗਿਣਤੀ 'ਚ ਐੱਸ ਐੱਸ ਏ ਰਮਸਾ ਅਧਿਆਪਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਸਨ। ਰੈਲੀ ਦੌਰਾਨ ਉਨ੍ਹਾਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਅਤੇ ਕਿਹਾ ਕਿ ਜੇਕਰ 31 ਮਾਰਚ ਤੱਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਪੰਜਾਬ ਸਰਕਾਰ ਖਿਲਾਫ ਅਰਥੀ ਫੂਕ ਰੋਸ ਰੈਲੀਆਂ ਕੀਤੀਆਂ ਜਾਣਗੀਆਂ।
ਰੈਲੀ ਦੌਰਾਨ 12 ਹਜ਼ਾਰ ਅਧਿਆਪਕਾਂ, ਹੈੱਡ ਟੀਚਰਾਂ ਅਤੇ ਲੈਬ ਅਟੈਂਡੈਂਟਾਂ ਦੀਆਂ ਸੇਵਾਵਾਂ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ, ਰਮਸਾ ਅਧਿਆਪਕਾਂ ਅਤੇ ਲੈਬ ਅਟੈਂਡੈਂਟਾਂ ਦੀ ਤਿੰਨ ਮਹੀਨੇ ਦੀ ਤਨਖਾਹ ਜਾਰੀ ਕਰਨ, ਅਧਿਆਪਕਾਂ 'ਤੇ ਦਰਜ ਝੂਠੇ ਕੇਸ ਰੱਦ ਕਰਨ ਦੀ ਮੰਗ ਕੀਤੀ ਗਈ। ਰੈਲੀ ਨੂੰ ਯੂਨੀਅਨ ਦੇ ਪੰਜਾਬ ਪ੍ਰਧਾਨ ਰਾਮ ਭਜਨ ਚੌਧਰੀ ਅਤੇ ਜਨਰਲ ਸਕੱਤਰ ਅਰਜਿੰਦਰ ਸਿੰਘ ਕਲੇਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਹੋਈ ਮੀਟਿੰਗ ਵਿੱਚ ਸੇਵਾਵਾਂ ਰੈਗੂਲਰ ਕਰਨ ਲਈ ਇੱਕ ਹਾਈ ਪਾਵਰ ਕਮੇਟੀ ਬਣਾਈ ਗਈ ਸੀ, ਜਿਨ੍ਹਾਂ ਦੋ ਮਹੀਨੇ ਵਿੱਚ ਆਪਣੀ ਰਿਪੋਰਟ ਦੇਣੀ ਸੀ, ਲੇਕਿਨ ਕਮੇਟੀ ਆਪਣੀ ਰਿਪੋਰਟ ਅੱਜ ਤੱਕ ਪੇਸ਼ ਨਹੀਂ ਕਰ ਸਕੀ, ਜਿਸ ਕਰਕੇ ਸਮੂਹ ਅਧਿਆਪਕਾਂ 'ਚ ਪੰਜਾਬ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ ਅਤੇ ਮਜਬੂਰ ਹੋ ਕੇ ਰੋਸ ਰੈਲੀਆਂ ਕਰਨੀ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ-ਭਾਜਪਾ ਸਰਕਾਰ ਨੇ ਆਪਣਾ ਰਵੱਈਆ ਇਸੇ ਤਰ੍ਹਾਂ ਜਾਰੀ ਰੱਖਿਆ ਤਾਂ ਸਾਲ 2017 ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗੱਠਜੋੜ ਨੂੰ ਕਰਾਰਾ ਜਵਾਬ ਦਿੱਤਾ ਜਾਵੇਗਾ ਅਤੇ ਚੋਣ ਜਿੱਤਣ ਨਹੀਂ ਦਿੱਤੀ ਜਾਵੇਗੀ। ਸਰਕਾਰ ਦੇ ਝੂਠੇ ਵਾਅਦਿਆਂ ਕਾਰਨ ਉਨ੍ਹਾਂ 'ਚ ਭਾਰੀ ਰੋਸ਼ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ
ਅਮਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਤਨਖਾਹ ਕਦੇ ਸਮੇਂ 'ਤੇ ਜਾਰੀ ਨਹੀਂ ਹੁੰਦੀ, ਤਿੰਨ ਚਾਰ ਮਹੀਨਾ ਬਾਅਦ ਇੱਕ ਮਹੀਨਾ ਦੀ ਹੀ ਤਨਖਾਹ ਜਾਰੀ ਕੀਤੀ ਜਾਂਦੀ ਹੈ। ਹੁਣ ਵੀ ਤਿੰਨ ਮਹੀਨੇ ਤੋਂ ਤਨਖਾਹ ਜਾਰੀ ਨਹੀਂ ਹੋਈ ਹੈ, ਜਿਸ ਕਾਰਨ ਉਨ੍ਹਾਂ ਨੂੰ ਆਪਣੇ ਪਰਵਾਰਾਂ ਦਾ ਪਾਲਣ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਨੂੰ ਮੈਡੀਕਲ, ਕਮਾਈ ਛੁੱਟੀ ਵੀ ਨਹੀਂ ਦਿੱਤੀ ਜਾ ਰਹੀ ਹੈ। ਰੈਲੀ ਨੂੰ ਸੂਬਾ ਮੀਤ ਪ੍ਰਧਾਨ ਹਰਦੀਪ ਟੋਡਰਪੁਰ, ਬੇਅੰਤ ਸਿੰਘ, ਅਮਨ ਵਸ਼ਿਸ਼ਟ, ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ ਸਰਬਦੀਪ ਤਰਨ ਤਾਰਨ, ਗੁਰਜੀਤ ਸਿੰਘ ਗੁਰਦਾਸਪੁਰ, ਦੀਵਾ ਮੁਕਤਸਰ, ਸੁਭਾਸ਼ ਬਠਿੰਡਾ, ਅਮ੍ਰਿਤਪਾਲ ਫਤਿਹਗੜ੍ਹ ਸਾਹਿਬ, ਦਵਿੰਦਰ ਸਿੰਘ ਪੂਨੀਆ ਆਦਿ ਨੇ ਵੀ ਸੰਬੋਧਨ ਕੀਤਾ।
ਉਧਰ ਰੈਲੀ 'ਤੇ ਐਸ. ਐਸ. ਡੀ. ਤੇਜਦੀਪ ਸਿੰਘ ਅਤੇ ਡੀ ਐਸ ਪੀ ਹਰਬੀਰ ਸਿੰਘ ਅਟਵਾਲ ਨੇ ਪੇਨੀ ਨਜ਼ਰ ਬਣਾਈ ਰੱਖੀ ਅਤੇ ਗੁੱਸੇ 'ਚ ਆਏ ਅਧਿਆਪਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਮੰਗ ਨੂੰ ਲੈ ਕੇ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ।