Latest News

ਵਿਆਹਾਂ ਵਿੱਚ ਮੌਤਾਂ ਦਾ ਵਰਤਾਰਾ

Published on 29 Feb, 2016 11:25 AM.

ਕੱਲ੍ਹ ਬਟਾਲੇ ਵਿੱਚ ਇੱਕ ਵਿਆਹ ਸਮਾਗਮ ਵਿੱਚ ਇੱਕ ਅਧਿਆਪਕਾ ਦਾ ਕਤਲ ਸਾਡੇ ਪੰਜਾਬ ਦੀ ਵਿਗੜ ਚੁੱਕੀ ਅਮਨ-ਕਾਨੂੰਨ ਦੀ ਸਥਿਤੀ ਦੀ ਇੱਕ ਹੋਰ ਮਿਸਾਲ ਹੈ। ਇਹ ਬੜੀ ਅਫਸੋਸ ਨਾਕ ਘਟਨਾ ਹੈ। ਅਸੀਂ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਹਾਂ ਕਿ ਹਰ ਘਰ ਵਿੱਚ ਅਤੇ ਹਰ ਸਮਾਗਮ ਵਿੱਚ ਪੁਲਸ ਬਿਠਾਈ ਜਾਣੀ ਸੰਭਵ ਨਹੀਂ ਹੁੰਦੀ ਅਤੇ ਇਹ ਕੰਮ ਕੋਈ ਸਰਕਾਰ ਕਰ ਵੀ ਨਹੀਂ ਸਕਦੀ। ਗੱਲ ਤਾਂ ਮਾਹੌਲ ਦੀ ਹੈ। ਪੰਜਾਬ ਵਿੱਚ ਮਾਹੌਲ ਹੀ ਏਦਾਂ ਦਾ ਬਣ ਗਿਆ ਹੈ ਕਿ ਜਿਨ੍ਹਾਂ ਕੋਲ ਹਥਿਆਰ ਹਨ ਅਤੇ ਕਿਸੇ ਵੱਡੇ ਬੰਦੇ ਨਾਲ ਸਿੱਧੀ ਜਾਂ ਅਸਿੱਧੀ ਢੋਅ ਦਾ ਭਰਮ ਹੈ, ਉਹ ਲੋਕ ਕਿਸੇ ਬੰਦੇ ਨੂੰ ਮਾਰ ਦੇਣ ਵਿੱਚ ਪਲ ਨਹੀਂ ਲਾਉਂਦੇ।
ਕੱਲ੍ਹ ਦਾ ਮਾਮਲਾ ਬੜੀ ਮਾਮੂਲੀ ਕਿਸਮ ਦੀ ਬਦਮਾਸ਼ੀ ਤੋਂ ਕਤਲ ਤੱਕ ਪਹੁੰਚ ਗਿਆ। ਵਿਗੜੇ ਹੋਏ ਕਾਕੇ ਵਿਆਹ ਵਿੱਚ ਖਰੂਦ ਕਰਦੇ ਪਏ ਸਨ। ਆਪਣੇ ਬੱਚੇ ਵਾਸਤੇ ਆਈਸ ਕਰੀਮ ਲੈਣ ਲਈ ਜਦੋਂ ਇੱਕ ਬੀਬੀ ਉਨ੍ਹਾਂ ਦੇ ਕੋਲੋਂ ਲੰਘਣ ਲੱਗੀ ਤਾਂ ਉਨ੍ਹਾਂ ਨੇ ਬਦਤਮੀਜ਼ੀ ਕਰ ਦਿੱਤੀ। ਅੱਗੋਂ ਉਹ ਬੀਬੀ ਇਸ ਦਾ ਵਿਰੋਧ ਕਰਨ ਲੱਗੀ ਤਾਂ ਵਿਗੜੇ ਹੋਏ ਕਾਕਿਆਂ ਨੇ ਉਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਉਸ ਵੇਲੇ ਕੋਲ ਖੜੇ ਲੋਕਾਂ ਨੇ ਉਨ੍ਹਾਂ ਨੂੰ ਫੜਨ ਦੇ ਬਾਅਦ ਪੁਲਸ ਨੂੰ ਸੌਂਪ ਦਿੱਤਾ। ਅਗਲੀ ਕਾਰਵਾਈ ਪੁਲਸ ਕਰੇਗੀ, ਪਰ ਏਨਾ ਕਾਫ਼ੀ ਨਹੀਂ। ਇਹ ਗੱਲ ਇਸ ਕਰ ਕੇ ਕਾਫ਼ੀ ਨਹੀਂ ਕਿ ਇਹ ਵਿਆਹ ਵਿੱਚ ਪਹਿਲਾ ਕਤਲ ਵੀ ਨਹੀਂ ਤੇ ਆਖਰੀ ਵੀ ਨਹੀਂ ਸਾਬਤ ਹੋਣ ਲੱਗਾ।
ਸਾਡੇ ਪੰਜਾਬ ਵਿੱਚ ਹੁਣ ਇਹ ਆਮ ਗੱਲ ਹੋ ਗਈ ਹੈ ਕਿ ਵਿਆਹ-ਸ਼ਾਦੀਆਂ ਮੌਕੇ ਗੋਲੀਆਂ ਵੀ ਦੀਵਾਲੀ ਦੇ ਪਟਾਕਿਆਂ ਵਾਂਗ ਚਲਾਈਆਂ ਜਾਣ ਲੱਗੀਆਂ ਹਨ। ਹਰ ਮੈਰਿਜ ਪੈਲੇਸ ਵਿੱਚ ਇਹ ਬੋਰਡ ਟੰਗੇ ਹੋਏ ਹੁੰਦੇ ਹਨ ਕਿ ਵਿਆਹ-ਸ਼ਾਦੀ ਮੌਕੇ ਫਾਇਰਿੰਗ ਕਰਨ ਦੀ ਮਨਾਹੀ ਹੈ। ਇਸ ਦੇ ਬਾਵਜੂਦ ਗੋਲੀਆਂ ਚੱਲਦੀਆਂ ਹਨ। ਬਹੁਤੀ ਵਾਰ ਇਹ ਕੰਮ ਵੱਡੇ ਕਹੇ ਜਾਂਦੇ ਲੋਕਾਂ ਦੇ ਵਿਆਹਾਂ ਵਿੱਚ ਹੁੰਦਾ ਹੈ ਤੇ ਆਮ ਲੋਕ ਇਸ ਗੱਲੋਂ ਤ੍ਰਹਿਕੇ ਹੋਏ ਕਿਸੇ ਖੂੰਜੇ ਵਿੱਚ ਜਾ ਖੜੋਂਦੇ ਹਨ ਕਿ ਸਾਨੂੰ ਹੀ ਕੋਈ ਗੋਲੀ ਨਾ ਆ ਵੱਜਦੀ ਹੋਵੇ। ਬੜੀ ਵਾਰੀ ਏਦਾਂ ਹੁੰਦਾ ਵੀ ਹੈ। ਬੀਤੇ ਇੱਕ ਮਹੀਨੇ ਵਿੱਚ ਹੀ ਅੱਧੀ ਦਰਜਨ ਤੋਂ ਵੱਧ ਮਿਕਆਂ ਉੱਤੇ ਵਿਆਹਾਂ ਦੌਰਾਨ ਚੱਲੀਆਂ ਗੋਲੀਆਂ ਕਾਰਨ ਓਥੇ ਆਏ ਆਮ ਲੋਕਾਂ ਦੇ ਕਤਲ ਹੋਏ ਹਨ। ਹੁਸ਼ਿਆਰਪੁਰ ਵਿੱਚ ਇੱਕ ਵਿਆਹ ਤੋਂ ਪਹਿਲੀ ਰਾਤ ਜਾਗੋ ਕੱਢਣ ਦੌਰਾਨ ਕੁੜੀ ਦੇ ਭਰਾ ਨਾਲ ਕਾਲਜ ਤੋਂ ਆਏ ਦੋਸਤਾਂ ਨੇ ਗੋਲੀਆਂ ਚਲਾਈਆਂ ਤੇ ਇੱਕ ਬੰਦੇ ਦੀ ਜਾਨ ਲੈ ਲਈ। ਅਗਲੇ ਦਿਨ ਬਾਰਾਤ ਆਉਣ ਤੋਂ ਪਹਿਲਾਂ ਕੁੜੀ ਵਾਲਿਆਂ ਦੇ ਵਿਹੜੇ ਵਿੱਚ ਪੁਲਸ ਦੀ ਛਾਉਣੀ ਪਈ ਹੋਈ ਸੀ ਤੇ ਮ੍ਰਿਤਕ ਨੌਜਵਾਨ ਦੇ ਘਰ ਵਿੱਚੋਂ ਨਿਕਲਦੀਆਂ ਚੀਕਾਂ ਪਿੰਡ ਵਿੱਚ ਗੂੰਜ ਰਹੀਆਂ ਸਨ। ਥੋੜ੍ਹੇ ਦਿਨਾਂ ਪਿੱਛੋਂ ਏਦਾਂ ਹੀ ਇੱਕ ਹੋਰ ਵਿਆਹ ਵਿੱਚ ਜਾਗੋ ਮੌਕੇ ਗੋਲੀ ਚੱਲੀ ਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਮਾਲਵੇ ਵਿੱਚ ਵੀ ਇੱਕ ਪਿੰਡ ਵਿੱਚ ਏਸੇ ਤਰ੍ਹਾਂ ਵਿਆਹ ਵਿੱਚ ਲਾੜੇ ਦੇ ਪਰਵਾਰ ਦੇ ਇੱਕ ਜੀਅ ਦੀ ਮੌਤ ਹੋ ਗਈ ਅਤੇ ਗੋਲੀ ਚਲਉਣ ਵਾਲਾ ਓਸੇ ਪਰਵਾਰ ਦਾ ਜਵਾਈ ਹੋਣ ਕਾਰਨ ਚੱਲਦੇ ਵਿਆਹ ਦੌਰਾਨ ਉਸ ਨੂੰ ਪੁਲਸ ਲੈ ਗਈ। ਪੰਜਾਬੀਅਤ ਦੇ ਇਸ ਵਿਗਾੜ ਦਾ ਨਾ ਕਿਸੇ ਸਮਾਜੀ ਸੰਸਥਾ ਨੂੰ ਬਹੁਤਾ ਫ਼ਿਕਰ ਹੈ ਤੇ ਨਾ ਪ੍ਰਸ਼ਾਸਨ ਨੂੰ।
ਬਹੁਤ ਸਾਰੇ ਵਿਆਹਾਂ ਵਿੱਚ ਇਹ ਵੇਖਿਆ ਗਿਆ ਹੈ ਕਿ ਓਥੇ ਚੁਣੇ ਹੋਏ ਆਗੂ ਅਤੇ ਅਫ਼ਸਰ ਵੀ ਮੌਜੂਦ ਹੁੰਦੇ ਹਨ ਤੇ ਗੋਲੀ ਵੀ ਚੱਲੀ ਜਾਂਦੀ ਹੈ, ਪਰ ਕੋਈ ਰੋਕਦਾ ਨਹੀਂ। ਪੁੱਛਣ ਉੱਤੇ ਕਹਿ ਦੇਂਦੇ ਹਨ ਕਿ ਖੁਸ਼ੀ ਵਾਲਾ ਮੌਕਾ ਹੋਣ ਕਾਰਨ ਏਦਾਂ ਹੋ ਹੀ ਜਾਂਦਾ ਹੈ। ਜਿਸ ਵਿਆਹ ਵਿੱਚ ਕੋਈ ਵਿਅਕਤੀ ਮਾਰਿਆ ਜਾਵੇ, ਆਗੂਆਂ ਅਤੇ ਅਫ਼ਸਰਾਂ ਦੀਆਂ ਗੱਡੀਆਂ ਹੂਟਰ ਵਜਾਉਂਦੀਆਂ ਓਥੋਂ ਨਿਕਲ ਜਾਂਦੀਆਂ ਹਨ, ਤਾਂ ਕਿ ਬਾਅਦ ਵਿੱਚ ਕਿਹਾ ਜਾ ਸਕੇ ਕਿ ਸਾਡੇ ਆਉਣ ਤੋਂ ਬਾਅਦ ਵਾਰਦਾਤ ਹੋਈ ਸੀ। ਇਹੋ ਜਿਹੇ ਵਿਆਹ ਦੀ ਵੀਡੀਓ ਜਾਂ ਪੈਲੇਸ ਦੇ ਕੈਮਰਿਆਂ ਦੀ ਰਿਕਾਰਡਿੰਗ ਕੱਢ ਕੇ ਵੇਖੀ ਜਾਵੇ ਤਾਂ ਪਤਾ ਲੱਗ ਸਕਦਾ ਹੈ ਕਿ ਉਹ ਸਾਰੇ ਵੱਡੇ ਲੋਕ ਵਾਰਦਾਤ ਦੇ ਵਕਤ ਮੌਜੂਦ ਸਨ ਤੇ ਬਾਅਦ ਵਿੱਚ ਸ਼ੂਟਾਂ ਵੱਟ ਗਏ ਸਨ। ਪੁਲਸ ਕਦੇ ਵੀ ਇਸ ਤਰ੍ਹਾਂ ਦੀ ਪੈੜ ਨਹੀਂ ਕੱਢਦੀ। ਇਹੋ ਕਾਰਨ ਹੈ ਕਿ ਵਿਆਹਾਂ ਵਿੱਚ ਮੌਤ ਦਾ ਛੱਟਾ ਦੇਣ ਦਾ ਕੰਮ ਜਾਰੀ ਰਹਿੰਦਾ ਹੈ ਅਤੇ ਲੋਕ ਮਰਦੇ ਰਹਿੰਦੇ ਹਨ।
ਕੱਲ੍ਹ ਦੀ ਬਟਾਲਾ ਵਾਲੀ ਵਾਰਦਾਤ ਤੋਂ ਬਾਅਦ ਪੰਜਾਬ ਸਰਕਾਰ ਤੇ ਪੁਲਸ ਨੂੰ ਇਹ ਹਦਾਇਤਾਂ ਜਾਰੀ ਕਰ ਦੇਣੀਆਂ ਚਾਹੀਦੀਆਂ ਹਨ ਕਿ ਕਿਸੇ ਵੀ ਮੈਰਿਜ ਪੈਲੇਸ ਵਿੱਚ ਗੋਲੀ ਚਲਾਉਣ ਦੀ ਮਨਾਹੀ ਹੈ ਤੇ ਜਿੱਥੇ ਗੋਲੀ ਚੱਲਣ ਦੀ ਰਿਪੋਰਟ ਆਈ, ਉਸ ਪੈਲੇਸ ਦਾ ਲਾਇਸੈਂਸ ਕੈਂਸਲ ਕਰ ਦਿੱਤਾ ਜਾਵੇਗਾ। ਪੈਲੇਸਾਂ ਦੇ ਪ੍ਰਬੰਧਕਾਂ ਕੋਲ ਏਦਾਂ ਦੇ ਗਾਰਡ ਬਿਨਾਂ ਸ਼ੱਕ ਨਹੀਂ ਹੁੰਦੇ, ਜਿਹੜੇ ਕਿਸੇ ਹਥਿਆਰਬੰਦ ਬੇਵਕੂਫ ਨੂੰ ਅੱਗੇ ਹੋ ਕੇ ਫੜ ਸਕਣ, ਪਰ ਏਦਾਂ ਦੀ ਹਦਾਇਤ ਹੋਣ ਤੋਂ ਬਾਅਦ ਉਹ ਖੜੇ ਪੈਰ ਇਸ ਬਾਰੇ ਪੁਲਸ ਨੂੰ ਸੂਚਨਾ ਦੇਣ ਲੱਗ ਜਾਣਗੇ। ਪਿਛਲੇ ਦਿਨਾਂ ਵਿੱਚ ਏਨੀਆਂ ਮੌਤਾਂ ਹੋਣ ਤੋਂ ਪਹਿਲਾਂ ਵੀ ਤੇ ਬਾਅਦ ਵਿੱਚ ਵੀ ਕਿਸੇ ਪੈਲੇਸ ਨੇ ਅਜੇ ਤੱਕ ਪੁਲਸ ਨੂੰ ਏਦਾਂ ਦੀ ਸੂਚਨਾ ਨਹੀਂ ਦਿੱਤੀ ਕਿ ਏਥੇ ਗੋਲੀ ਚੱਲ ਰਹੀ ਹੈ। ਉਨ੍ਹਾਂ ਨੂੰ ਇਸ ਦੇ ਪਾਬੰਦ ਕਰਨ ਦੀ ਲੋੜ ਹੈ। ਇਨਸਾਨੀ ਜਾਨ ਏਨੀ ਸਸਤੀ ਨਹੀਂ ਮੰਨੀ ਜਾ ਸਕਦੀ ਕਿ ਕੋਈ ਚਾਂਭਲਿਆ ਸ਼ਰਾਬੀ ਉੱਠ ਕੇ ਗੋਲੀਆਂ ਚਲਾਵੇ ਤੇ ਬੰਦਾ ਮਾਰਨ ਨੂੰ ਇੱਕ ਸ਼ੁਗਲ ਸਮਝਣ ਦੀ ਬੇਵਕੂਫੀ ਕਰ ਸਕੇ। ਇਹ ਖੇਡ ਬੰਦ ਹੋਣੀ ਚਾਹੀਦੀ ਹੈ। ਅਮਨ-ਕਾਨੂੰਨ ਦੀ ਹਾਲਤ ਤਾਂ ਉਂਜ ਵੀ ਚੰਗੀ ਨਹੀਂ, ਪਰ ਇਹ ਵਰਤਾਰਾ ਜਿਵੇਂ ਵਧੀ ਜਾ ਰਿਹਾ ਹੈ, ਇਸ ਨੂੰ ਕਦੇ ਨਾ ਕਦੇ ਰੋਕਣਾ ਹੀ ਪਵੇਗਾ।

778 Views

e-Paper