ਪੰਜਾਬ 'ਚ ਨਸ਼ਿਆਂ ਦੇ ਕਾਰੋਬਾਰ ਲਈ ਬਾਦਲ ਦਾ ਪਰਵਾਰ ਤੇ ਉਸ ਦੇ ਰਿਸ਼ਤੇਦਾਰ ਜ਼ਿੰਮੇਵਾਰ : ਕੇਜਰੀਵਾਲ


ਮਾਛੀਵਾੜਾ ਸਾਹਿਬ, 29 ਫਰਵਰੀ (ਹਰਪ੍ਰੀਤ ਸਿੰਘ/ਜਗਦੀਸ਼ ਰਾਏ)
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੰਗਾਰਦਿਆਂ ਕਿਹਾ ਕਿ ਜੇ ਉਨ੍ਹਾਂ ਵਿਚ ਤਾਕਤ ਹੈ ਤਾਂ ਉਹ ਆਪਣੀ ਜ਼ਮੀਰ ਦੀ ਅਵਾਜ਼ ਨੂੰ ਸੁਣਦਿਆਂ ਕਸ਼ਮੀਰ ਦੇ ਉਨ੍ਹਾਂ ਨੌਜਵਾਨਾਂ 'ਤੇ ਦੇਸ਼-ਧ੍ਰੋਹੀ ਦੇ ਪਰਚੇ ਦਰਜ ਕਰਨ, ਜਿਹੜੇ ਕਿ ਪਾਕਿਸਤਾਨ ਪੱਖੀ ਸਰੇਆਮ ਨਾਅਰੇਬਾਜ਼ੀ ਕਰ ਰਹੇ ਹਨ ਤੇ ਦੇਸ਼ ਨੂੰ ਵੰਡਣ ਦੀਆਂ ਵਿਉਂਤਾਂ ਬਣਾ ਰਹੇ ਹਨ, ਪਰ ਉਨ੍ਹਾਂ ਨੂੰ ਪਤਾ ਹੈ ਕਿ ਜੇਕਰ ਉਨ੍ਹਾਂ ਨੇ ਕਸ਼ਮੀਰੀ ਨੌਜਵਾਨਾਂ 'ਤੇ ਇੱਕ ਵੀ ਦੇਸ਼-ਧ੍ਰੋਹੀ ਦਾ ਪਰਚਾ ਦਰਜ ਕਰ ਦਿੱਤਾ ਤਾਂ ਕਸ਼ਮੀਰ ਦੀ ਪੀ.ਡੀ.ਪੀ ਆਗੂ ਮਹਿਬੂਬਾ ਮੁਫ਼ਤੀ ਉਨ੍ਹਾਂ ਦੀ ਖਾਟ ਖੜੀ ਕਰਕੇ ਰੱਖ ਦੇਵੇਗੀ।
ਉਕਤ ਵਿਚਾਰਾਂ ਦਾ ਪ੍ਰਗਟਾਵਾ ਅਰਵਿੰਦ ਕੇਜਰੀਵਾਲ ਨੇ ਅੱਜ ਨੇੜਲੇ ਪਿੰਡ ਬੋਹਾਪੁਰ ਵਿਖੇ ਜਮਾਲਪੁਰ ਝੂਠੇ ਪੁਲਸ ਮੁਕਾਬਲੇ 'ਚ ਮਾਰੇ ਗਏ ਦੋ ਸਕੇ ਭਰਾਵਾਂ ਜਤਿੰਦਰ ਸਿੰਘ ਗੋਲਡੀ ਅਤੇ ਹਰਿੰਦਰ ਸਿੰਘ ਲਾਲੀ ਦੇ ਪਰਵਾਰ ਨਾਲ ਮਿਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪੰਜਾਬ ਵਿਚ ਚੱਲ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਖਾਸ ਕਰਕੇ ਚਿੱਟੇ ਪਾਊਡਰ ਦੀ ਰੋਕਥਾਮ ਤੇ ਇਸ ਦੇ ਜ਼ਿੰਮੇਵਾਰ ਲੋਕਾਂ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪਰਵਾਰ ਅਤੇ ਉਸਦੇ ਰਿਸ਼ਤੇਦਾਰ ਜ਼ਿੰਮੇਵਾਰ ਹਨ। ਉਸਦੇ ਰਿਸ਼ਤੇਦਾਰਾਂ ਨੇ ਪੈਸੇ ਦੀ ਹਵਸ਼ ਵਿਚ ਅੰਨ੍ਹੇ ਹੋ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਈ ਬਣਾ ਦਿੱਤਾ ਹੈ। ਪੰਜਾਬ ਦਾ ਜਿੰਨਾ ਹੁਣ ਬੁਰਾ ਹਾਲ ਹੈ, ਅਜਿਹਾ ਕਦੇ ਵੀ ਨਹੀਂ ਸੀ ਹੋਇਆ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ 'ਤੇ ਜਿਥੇ ਨਸ਼ਿਆਂ ਦੀ ਦਲਦਲ 'ਚ ਫਸੇ ਨੌਜਵਾਨਾਂ ਨੂੰ ਪ੍ਰੇਰਕੇ ਉਨ੍ਹਾਂ ਦਾ ਡਾਕਟਰੀ ਇਲਾਜ ਕਰਵਾ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ, ਉਥੇ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਅਨਸਰਾਂ ਨੂੰ ਜੇਲ੍ਹ ਵਿਚ ਡੱਕਿਆ ਜਾਵੇਗਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਪ ਦੀ ਸਰਕਾਰ ਆਉਣ 'ਤੇ ਪੰਜਾਬ ਵਿਚ ਜਿਨ੍ਹਾਂ ਨੌਜਵਾਨਾਂ 'ਤੇ ਅਕਾਲੀਆਂ ਨੇ ਪੁਲਸ ਦੀ ਸ਼ਹਿ 'ਤੇ ਝੂਠੇ ਪਰਚੇ ਦਰਜ ਕਰਵਾਏ ਹਨ, ਉਹ ਰੱਦ ਕਰਵਾਏ ਜਾਣਗੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਪਿੰਡ ਬੋਹਾਪੁਰ ਵਿਖੇ ਉਨ੍ਹਾਂ ਪੀੜਤ ਪਰਵਾਰ ਨਾਲ ਬੰਦ ਕਮਰੇ 'ਚ ਮੀਟਿੰਗ ਕੀਤੀ ਅਤੇ ਕਿਹਾ ਕਿ ਪਰਵਾਰ ਨੂੰ ਪੂਰਾ ਇਨਸਾਫ਼ ਮਿਲੇਗਾ ਅਤੇ ਆਮ ਆਦਮੀ ਪਾਰਟੀ ਉਨ੍ਹਾਂ ਦਾ ਡੱਟ ਕੇ ਸਾਥ ਦੇਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਦੇ ਇੰਚਾਰਜ ਸੰਜੇ ਸਿੰਘ, ਪਾਰਟੀ ਦੇ ਪੰਜਾਬ ਤੋਂ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਸੰਗਰੂਰ ਤੋਂ ਐੱਮ.ਪੀ ਭਗਵੰਤ ਮਾਨ ਆਮ ਆਦਮੀ ਪਾਰਟੀ ਵੱਲੋਂ ਪਰਮਜੀਤ ਸਿੰਘ ਢਿੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਤੇ ਆਪ ਆਗੂ ਸਰਬੰਸ ਸਿੰਘ ਮਾਣਕੀ, ਤਰਲੋਚਨ ਸਿੰਘ ਲਾਲੀ, ਜੈਦੀਪ ਸਿੰਘ ਵੀ ਸਨ।