ਵਿਰੋਧੀ ਧਿਰ ਵੱਲੋਂ ਬੱਜਟ ਪੂਰੀ ਤਰ੍ਹਾਂ ਖਾਰਜ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਅੱਜ ਪੇਸ਼ ਕੀਤੇ ਗਏ ਬੱਜਟ ਦੀ ਜਿਥੇ ਸੱਤਾਧਾਰੀ ਧਿਰ ਨੇ ਸ਼ਲਾਘਾ ਕੀਤੀ ਹੈ, ਉਥੇ ਆਪੋਜ਼ੀਸ਼ਨ ਪਾਰਟੀਆਂ ਨੇ ਇਸ ਦੀ ਆਲੋਚਨਾ ਕੀਤੀ ਹੈ।
ਜੇਤਲੀ ਵੱਲੋਂ ਪੇਸ਼ ਕੀਤੇ ਗਏ ਤੀਜੇ ਬੱਜਟ ਨੂੰ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ ਹੈ। ਕਾਂਗਰਸ ਆਗੂ ਮਨੀਸ਼ ਤਿਵਾੜੀ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਬੱਜਟ ਬਿਆਨਬਾਜ਼ੀ ਦਾ ਇੱਕ ਟੁਕੜਾ ਹੈ, ਜੋ ਅਰਥ ਵਿਵਸਥਾ ਦੇ ਸੁੰਗੜਨ 'ਚ ਸਹਾਈ ਹੋਵੇਗਾ।
ਲੋਕ ਸਭਾ 'ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਬੱਜਟ ਰਾਹੀਂ ਸਰਕਾਰ ਨੇ ਦਿਖਾ ਦਿੱਤਾ ਹੈ ਕਿ ਉਹ ਕਾਰਪੋਰੇਟ ਅਤੇ ਕਾਲਾ ਧਨ ਰੱਖਣ ਵਾਲਿਆਂ ਨੂੰ ਫਾਇਦਾ ਦੇਣਾ ਚਾਹੁੰਦੀ ਹੈ। ਉਨ੍ਹਾ ਅੱਗੇ ਕਿਹਾ ਕਿ ਕਿਸਾਨਾਂ ਲਈ ਕੁਝ ਕਰਨਾ ਸੀ ਤਾਂ ਉਨ੍ਹਾ ਦਾ ਕਰਜ਼ਾ ਮਾਫ਼ ਕੀਤਾ ਜਾਣਾ ਚਾਹੀਦਾ ਸੀ, ਜਿਵੇਂ ਮਨਮੋਹਨ ਸਿੰਘ ਸਰਕਾਰ ਵੇਲੇ ਕੀਤਾ ਗਿਆ ਸੀ। ਉਨ੍ਹਾ ਕਿਹਾ ਕਿ ਪੁਰਾਣੀਆਂ ਯੋਜਨਾਵਾਂ ਦੀ ਰੀਪੈਕੇਜਿੰਗ ਕੀਤੀ ਗਈ ਹੈ ਅਤੇ ਸਰਕਾਰ ਇਸੇ 'ਚ ਖੁਸ਼ ਹੈ। ਉਨ੍ਹਾ ਕਿਹਾ ਕਿ ਅੱਜ ਪੇਸ਼ ਕੀਤੇ ਗਏ ਬੱਜਟ 'ਚ ਗਰੀਬਾਂ ਲਈ ਕੁਝ ਨਹੀਂ ਹੈ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਬੱਜਟ ਨੂੰ ਲੈ ਕੇ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਮੋਦੀ ਸਰਕਾਰ ਦੀ ਸ਼ਲਾਘਾ ਕੀਤੀ ਹੈ। ਬੱਜਟ ਦੀਆਂ ਮੁੱਖ ਗੱਲਾਂ ਦਾ ਜ਼ਿਕਰ ਕਰਦਿਆਂ ਉਨ੍ਹਾ ਕਿਹਾ ਕਿ ਸਰਕਾਰ ਦੇ ਆਮ ਬੱਜਟ ਨਾਲ ਦੇਸ਼ ਦੇ ਗਰੀਬਾਂ 'ਚ ਖੁਸ਼ਹਾਲੀ ਆਵੇਗੀ।
ਆਰ ਜੇ ਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਗਏ ਬੱਜਟ 'ਚ ਗਰੀਬਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਦੇਸ਼ 'ਚ 25 ਕਰੋੜ ਲੋਕਾਂ ਦੇ ਸਿਰ 'ਤੇ ਛੱਤ ਨਹੀਂ, ਪਰ ਬੱਜਟ 'ਚ ਉਨ੍ਹਾ ਲਈ ਕੁਝ ਨਹੀਂ ਕੀਤਾ ਗਿਆ। ਦੂਜੇ ਪਾਸੇ ਮੋਦੀ ਸਰਕਾਰ ਦੇ ਮੰਤਰੀਆਂ ਨੇ ਬੱਜਟ ਦਾ ਸੁਆਗਤ ਕੀਤਾ ਹੈ। ਖੇਤੀ ਮੰਤਰੀ ਰਾਧਾ ਮੋਹਨ ਸਿੰਘ ਨੇ ਕਿਹਾ ਕਿ ਅਜ਼ਾਦੀ ਮਗਰੋਂ ਇਹ ਪਹਿਲਾ ਬੱਜਟ ਹੈ, ਜਿਹੜਾ ਪਿੰਡਾਂ, ਕਿਸਾਨਾਂ ਅਤੇ ਗਰੀਬਾਂ ਨੂੰ ਸਮਰਪਿਤ ਹੈ। ਊਰਜਾ ਮੰਤਰੀ ਪੀਯੂਸ਼ ਗੋਇਲ ਨੇ ਵੀ ਬੱਜਟ ਨੂੰ ਬੇਹਤਰੀਨ ਦਸਿਆ ਹੈ। ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਜੇਤਲੀ ਵੱਲੋਂ ਪੇਸ਼ ਕੀਤਾ ਗਿਆ ਬੱਜਟ ਹੁਣ ਤੱਕ ਦਾ ਬੇਹਤਰੀਨ ਬੱਜਟ ਹੈ। ਕਾਂਗਰਸ ਆਗੂ ਕਮਲ ਨਾਥ ਨੇ ਕਿਹਾ ਕਿ ਬੱਜਟ 'ਚ ਜੋ ਕੁਝ ਕੀਤਾ ਜਾਣਾ ਚਾਹੀਦਾ ਸੀ, ਨਹੀਂ ਕੀਤਾ ਗਿਆ, ਜਦਕਿ ਸਾਬਕਾ ਖ਼ਜ਼ਾਨਾ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਕਿ ਜੇਤਲੀ ਪ੍ਰੀਖਿਆ 'ਚ ਸਫ਼ਲ ਰਹੇ ਹਨ ਅਤੇ ਬੱਜਟ 'ਚ ਸਾਰਿਆਂ ਲਈ ਕੁਝ ਨਾ ਕੁਝ ਰੱਖਿਆ ਗਿਆ ਹੈ। ਸੀ ਪੀ ਆਈ ਦੇ ਸੀਨੀਅਰ ਆਗੂ ਡੀ ਰਾਜਾ ਨੇ ਕਿਹਾ ਕਿ ਬੱਜਟ 'ਚ ਕਾਰਪੋਰੇਟ ਸੈਕਟਰ 'ਤੇ ਖਾਸ ਧਿਆਨ ਦਿੱਤਾ ਗਿਆ ਹੈ ਅਤੇ ਬੱਜਟ ਤੋਂ ਕਾਰਪੋਰੇਟ ਸੈਕਟਰ ਨੂੰ ਬਹੁਤ ਲਾਭ ਹੋਇਆ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪਹਿਲੀ ਵਾਰ ਸੜਕਾਂ ਦੀ ਉਸਾਰੀ ਲਈ ਇੱਕ ਕਰੋੜ ਰੁਪਏ ਦੇ ਫੰਡ ਦਾ ਐਲਾਨ ਕੀਤਾ ਗਿਆ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਬੱਜਟ 'ਚ ਸਾਰਿਆਂ ਦੇ ਹਿੱਤਾਂ ਦਾ ਧਿਆਨ ਰੱਖਿਆ ਗਿਆ ਹੈ ਅਤੇ ਮੈਡੀਕਲ ਸਕੀਮ ਨਾਲ ਗਰੀਬਾਂ ਨੂੰ ਵੱਡੀ ਰਾਹਤ ਮਿਲੇਗੀ।
ਬੱਜਟ 'ਚ ਕੋਈ ਵੱਡਾ ਵਿਚਾਰ ਨਹੀਂ : ਮਨਮੋਹਨ ਸਿੰਘ
ਸਾਬਕਾ ਪ੍ਰਧਾਨ ਮੰਤਰੀ ਅਤੇ ਸੀਨੀਅਰ ਅਰਥ ਸ਼ਾਸਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਵੱਲੋਂ ਪੇਸ਼ ਕੀਤੇ ਗਏ ਬੱਜਟ ਦੇ ਗਹਿਰਾਈ ਨਾਲ ਅਧਿਐਨ ਦੀ ਲੋੜ ਹੈ।
ਉਨ੍ਹਾ ਕਿਹਾ ਕਿ ਬੱਜਟ 'ਚ ਕੋਈ ਵੱਡਾ ਵਿਚਾਰ ਨਹੀਂ ਦਿੱਤਾ ਗਿਆ। ਉਨ੍ਹਾ ਕਿਹਾ ਕਿ 2020 ਤੱਕ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦਾ ਸੁਪਨਾ ਅਸੰਭਵ ਹੈ, ਕਿਉਂਕਿ ਇਸ ਨੂੰ ਪੂਰਾ ਕਰਨ ਲਈ ਹਰ ਸਾਲ ਖੇਤੀ ਖੇਤਰ ਦੀ ਆਮਦਨ 14 ਫ਼ੀਸਦੀ ਵਧਾਏ ਜਾਣ ਦੀ ਲੋੜ ਹੈ।