ਭਾਰਤ-ਪਾਕਿ ਵਿਦੇਸ਼ ਸਕੱਤਰ ਪੱਧਰ ਦੀ ਗੱਲਬਾਤ ਛੇਤੀ : ਅਜ਼ੀਜ਼

ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਕਰ ਰਹੀ ਪਾਕਿਸਤਾਨੀ ਟੀਮ ਅਗਲੇ ਕੁਝ ਦਿਨਾਂ 'ਚ ਭਾਰਤ ਦਾ ਦੌਰਾ ਕਰ ਸਕਦੀ ਹੈ। ਇਸ ਦੇ ਨਾਲ ਹੀ ਅਜ਼ੀਜ਼ ਨੇ ਆਸ ਪ੍ਰਗਟਾਈ ਕਿ ਉਸ ਮਗਰੋਂ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਸਕੱਤਰਾਂ ਦੀ ਮੀਟਿੰਗ ਛੇਤੀ ਨਿਰਧਾਰਤ ਕੀਤੀ ਜਾਵੇਗੀ।
ਪਾਕਿਸਤਾਨ ਰਣਨੀਤਕ ਵਾਰਤਾ 'ਚ ਆਪਣੀ ਪਹਿਲੀ ਟਿੱਪਣੀ 'ਚ ਅਜ਼ੀਜ਼ ਨੇ ਕਿਹਾ ਕਿ ਵਾਰਤਾ ਪ੍ਰਕ੍ਰਿਆ ਬਹਾਲ ਕਰਨ ਦੀ ਸਹਿਮਤੀ 'ਤੇ 2 ਜਨਵਰੀ ਨੂੰ ਪਠਾਨਕੋਟ ਏਅਰਬੇਸ 'ਤੇ ਹਮਲੇ ਨਾਲ ਰੁਕਾਵਟ ਪਈ। ਪਾਕਿਸਤਾਨ ਨੇ ਪਠਾਨਕੋਟ ਹਮਲੇ ਮਗਰੋਂ ਕੁਝ ਅਹਿਮ ਕਦਮ ਚੁੱਕੇ ਹਨ। ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਹਮਲੇ ਤੋਂ ਤੁਰੰਤ ਮਗਰੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਫ਼ੋਨ ਕੀਤਾ ਅਤੇ ਜਾਂਚ 'ਚ ਪਾਕਿਸਤਾਨ ਵੱਲੋਂ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾ ਕਿਹਾ ਕਿ ਦੋਹਾਂ ਦੇਸ਼ਾਂ ਦੇ ਕੌਮੀ ਸੁਰੱਖਿਆ ਸਲਾਹਕਾਰ ਲਗਾਤਾਰ ਆਪਸੀ ਸੰਪਰਕ 'ਚ ਹਨ।
ਉਨ੍ਹਾ ਕਿਹਾ ਕਿ ਪਾਕਿਸਤਾਨ 'ਚ ਪਠਾਨਕੋਟ ਹਮਲੇ ਦੇ ਸੰਬੰਧ 'ਚ ਮਾਮਲਾ ਦਰਜ ਹੋ ਗਿਆ ਹੈ ਅਤੇ ਵਿਸ਼ੇਸ਼ ਜਾਂਚ ਟੀਮ ਵੱਲੋਂ ਅਗਲੇ ਕੁਝ ਦਿਨਾਂ 'ਚ ਭਾਰਤ ਜਾਣ ਦੀ ਉਮੀਦ ਹੈ, ਇਸ ਲਈ ਸਾਨੂੰ ਆਸ ਹੈ ਕਿ ਵਿਦੇਸ਼ ਸਕੱਤਰ ਪੱਧਰੀ ਗੱਲਬਾਤ ਬਾਰੇ ਛੇਤੀ ਫ਼ੈਸਲਾ ਹੋਵੇਗਾ। ਉਨ੍ਹਾ ਕਿਹਾ ਕਿ ਸ਼ਰੀਫ਼ ਸਰਕਾਰ ਦੀ ਗੁਆਂਢੀਆਂ ਪ੍ਰਤੀ ਸ਼ਾਂਤੀ ਨੀਤੀ ਕਾਰਨ ਹੀ ਪਾਕਿਸਤਾਨ ਨੇ ਭਾਰਤ ਨਾਲ ਸੰਪਰਕ ਕੀਤਾ। ਉਨ੍ਹਾ ਕਿਹਾ ਕਿ ਸਾਡਾ ਮੰਨਣਾ ਹੈ ਕਿ ਕਸ਼ਮੀਰ ਮੁੱਦੇ ਸਮੇਤ ਸਾਰੇ ਪੈਂਡਿੰਗ ਮੁੱਦਿਆਂ ਦਾ ਹੱਲ ਭਾਰਤ ਨਾਲ ਗੱਲਬਾਤ ਰਾਹੀਂ ਹੀ ਸੰਭਵ ਹੈ। ਅਸੀਂ ਅੱਤਵਾਦ 'ਤੇ ਆਪਣੇ ਸੰਬੰਧਤ ਸਰੋਕਾਰਾਂ ਦੇ ਹੱਲ ਲਈ ਇੱਕ ਵਿਵਸਥਾ ਦੀ ਤਜਵੀਜ਼ ਵੀ ਰੱਖੀ ਹੈ।
ਅਜ਼ੀਜ਼ ਨੇ ਕਿਹਾ ਕਿ ਪਠਾਨਕੋਟ ਅੱਤਵਾਦੀ ਹਮਲੇ ਦੇ ਸੰਬੰਧ 'ਚ ਭਾਰਤ ਵੱਲੋਂ ਮਿਲੇ ਸੁਰਾਗਾਂ ਦੇ ਅਧਾਰ 'ਤੇ ਜਾਂਚ ਲਈ ਪਾਕਿਸਤਾਨ ਸਰਕਾਰ ਨੇ 6 ਮੈਂਬਰੀ ਟੀਮ ਦਾ ਗਠਨ ਕੀਤਾ ਹੈ। ਉਨ੍ਹਾ ਕਿਹਾ ਕਿ ਪੰਜਾਬ ਪੁਲਸ ਦੇ ਅੱਤਵਾਦ ਰੋਕੂ ਵਿਭਾਗ ਨੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੱਲੋਂ ਮੁਹੱਈਆ ਕਰਵਾਈ ਗਈ ਸੂਚਨਾ ਦੇ ਅਧਾਰ 'ਤੇ ਐੱਫ਼ ਆਈ ਆਰ ਦਰਜ ਕੀਤੀ ਕਿ ਪਾਕਿਸਤਾਨ ਵੱਲੋਂ 4 ਅੱਤਵਾਦੀ ਭਾਰਤ 'ਚ ਦਾਖਲ ਹੋਏ ਅਤੇ ਏਅਰਬੇਸ 'ਤੇ ਹਮਲਾ ਕੀਤਾ ਅਤੇ ਇਸ ਹਮਲੇ ਕਾਰਨ ਦੋਹਾਂ ਦੇਸ਼ਾਂ ਵਿਚਕਾਰ ਵਿਦੇਸ਼ ਸਕੱਤਰ ਪੱਧਰੀ ਗੱਲਬਾਤ ਮੁਲਤਵੀ ਹੋ ਗਈ ਅਤੇ ਹੁਣ ਤੱਕ ਗੱਲਬਾਤ ਦੀਆਂ ਨਵੀਂਆਂ ਮਿਤੀਆਂ ਦਾ ਫ਼ੈਸਲਾ ਨਹੀਂ ਹੋਇਆ।
ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਾਕਿਸਤਾਨ ਦੌਰੇ ਦੀ ਪਾਕਿਸਤਾਨ ਦੇ ਜ਼ਿਆਦਾਤਰ ਲੋਕਾਂ ਨੇ ਹਮਾਇਤ ਕੀਤੀ।