ਖਾਲਿਦ ਤੇ ਅਨਿਰਬਾਨ 14 ਦਿਨਾਂ ਲਈ ਜੇਲ੍ਹ ਭੇਜੇ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਦੇਸ਼ ਧ੍ਰੋਹ ਦੇ ਮਾਮਲੇ 'ਚ ਗ੍ਰਿਫ਼ਤਾਰ ਉਮਰ ਖਾਲਿਦ ਅਤੇ ਅਨਿਰਬਾਨ ਭੱਟਾਚਾਰੀਆ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਉਮਰ ਅਤੇ ਅਨਿਰਬਾਨ 'ਤੇ ਉਪਰ ਦੋਸ਼ ਹੈ ਕਿ ਉਨ੍ਹਾ 9 ਫ਼ਰਵਰੀ ਨੂੰ ਜੇ ਐੱਨ ਯੂ 'ਚ ਹੋਏ ਇੱਕ ਸਮਾਗਮ 'ਚ ਦੇਸ਼-ਵਿਰੋਧੀ ਨਾਹਰੇ ਲਾਏ ਸਨ। ਜੇ ਐੱਨ ਯੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਨਾਲ ਸਾਰਿਆਂ ਨੂੰ ਨਾਲ ਬਿਠਾ ਕੇ ਪੁੱਛਗਿੱਛ ਕਰਨ ਮਗਰੋਂ ਪੁਲਸ ਹੁਣ ਤੱਕ 22 ਵਿਅਕਤੀਆ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਹੁਕਮ ਦਿੱਤਾ ਸੀ ਕਿ ਕਨ੍ਹਈਆ ਦੇ ਨਾਲ-ਨਾਲ ਉਮਰ ਅਤੇ ਅਨਿਰਬਾਨ ਵਿਰੁੱਧ ਕਾਰਵਾਈ ਨੂੰ ਗੁਪਤ ਰੱਖਿਆ ਜਾਵੇ। ਅਦਾਲਤ ਨੇ ਪੁਲਸ ਨੂੰ ਇਹ ਵੀ ਹਦਾਇਤ ਕੀਤੀ ਸੀ ਕਿ ਦੋਸ਼ੀ ਵਿਦਿਆਰਥੀਆਂ ਦੇ ਇੱਕ ਝਰੀਟ ਤੱਕ ਨਹੀਂ ਆਉਣੀ ਚਾਹੀਦੀ ਅਤੇ ਕੋਈ ਹੰਗਾਮਾ ਨਹੀਂ ਹੋਣਾ ਚਾਹੀਦਾ।