ਅਮਰਜੀਤ ਸਿੰਘ 'ਅਕਸ' ਨਹੀਂ ਰਹੇ


ਜਲੰਧਰ (ਸਵਰਨ ਟਹਿਣਾ)
ਆਪਣੀ ਪੂਰੀ ਹੱਯਾਤੀ ਪੱਤਰਕਾਰਤਾ ਦੇ ਲੇਖੇ ਲਾਉਣ ਵਾਲੇ ਅਮਰਜੀਤ ਸਿੰਘ ਅਕਸ (72 ਸਾਲ) ਦਾ ਸਸਕਾਰ ਅੱਜ ਨਵੀਂ ਦਿੱਲੀ ਸਥਿਤ ਪੰਜਾਬੀ ਬਾਗ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਾਹਿਤਕਾਰ, ਪਾਠਕ, ਸਕੇ-ਸਬੰਧੀ ਤੇ ਪਰਵਾਰਕ ਮੈਂਬਰ ਹਾਜ਼ਰ ਸਨ। ਉਨ੍ਹਾਂ ਨਮਿਤ ਅੰਤਮ ਅਰਦਾਸ 6 ਮਾਰਚ ਨੂੰ ਗੁਰਦੁਆਰਾ ਸਿੰਘ ਸਭਾ, ਰਾਜੌਰੀ ਗਾਰਡਨ ਵਿਖੇ ਹੋਵੇਗੀ।
ਜ਼ਿਕਰਯੋਗ ਹੈ ਕਿ ਅਮਰਜੀਤ ਸਿੰਘ ਦਾ ਦੇਹਾਂਤ ਇੱਕ ਰਾਤ ਪਹਿਲਾਂ ਹੋ ਗਿਆ ਸੀ। ਉਹ ਪਿਛਲੇ ਕੁਝ ਸਮੇਂ ਤੋਂ ਕਿਡਨੀ ਦੇ ਰੋਗ ਤੋਂ ਪੀੜਤ ਸਨ। ਅਮਰਜੀਤ ਸਿੰਘ ਦਾ ਜਨਮ 13 ਜੁਲਾਈ 1944 ਨੂੰ ਜੇਹਲਮ (ਪਾਕਿਸਤਾਨ) ਵਿੱਚ ਹੋਇਆ ਸੀ। ਉਹ ਪੂਰੀ ਜ਼ਿੰਦਗੀ ਪੱਤਰਕਾਰਤਾ ਖੇਤਰ ਨਾਲ ਜੁੜੇ ਰਹੇ। ਉਹ ਕਈ ਸਾਹਿਤਕ ਤੇ ਸੱਭਿਆਚਾਰਕ ਮੈਗ਼ਜ਼ੀਨਾਂ ਦੇ ਸੰਪਾਦਕ ਰਹੇ। 1975 ਵਿੱਚ ਉਨ੍ਹਾਂ ਵੱਲੋਂ ਸ਼ੁਰੂ ਕੀਤਾ ਗਿਆ ਸਾਹਿਤਕ ਤੇ ਸੱਭਿਆਚਾਰਕ ਮੈਗਜ਼ੀਨ 'ਅਕਸ' ਇਸ ਕਦਰ ਮਕਬੂਲ ਹੋਇਆ ਕਿ ਇਹ ਮੈਗ਼ਜ਼ੀਨ ਪੱਕੇ ਤੌਰ 'ਤੇ ਉਨ੍ਹਾਂ ਦੀ ਪਛਾਣ ਬਣ ਗਿਆ। 41 ਸਾਲ 'ਅਕਸ' ਮੈਗਜ਼ੀਨ ਦੀ ਸੰਪਾਦਨਾ ਕਰਨ ਵਾਲੇ ਅਮਰਜੀਤ ਸਿੰਘ ਆਖਰੀ ਦਿਨ ਤੱਕ ਮੈਗਜ਼ੀਨ ਦੇ ਕੰਮਾਂ ਵਿੱਚ ਜੁਟੇ ਹੋਏ ਸਨ।
ਸ: ਅਮਰਜੀਤ ਸਿੰਘ ਨੂੰ ਜਵਾਨ ਉਮਰੇ ਪੱਤਰਕਾਰਤਾ ਦੀ ਚੇਟਕ ਲੱਗ ਗਈ। 1962 ਵਿੱਚ ਉਹ 'ਭਾਰਤ ਜਯੋਤੀ' ਮੈਗਜ਼ੀਨ ਦੇ ਸਹਾਇਕ ਸੰਪਾਦਕ ਬਣੇ ਤੇ ਉਸ ਤੋਂ ਬਾਅਦ 1963 ਵਿੱਚ 'ਪੰਜ ਦਰਿਆ' ਮੈਗ਼ਜ਼ੀਨ ਨਾਲ ਜੁੜ ਗਏ। 1970 ਵਿੱਚ ਉਹ ਦਿੱਲੀ ਤੋਂ ਪ੍ਰਕਾਸ਼ਤ ਹੁੰਦੇ ਹਫ਼ਤਾਵਰੀ ਅਖ਼ਬਾਰ 'ਪੰਥ ਪ੍ਰਕਾਸ਼' ਦੇ ਸੰਪਾਦਕ ਬਣੇ ਤੇ 1972 ਵਿੱਚ ਉਹ 'ਅੰਮ੍ਰਿਤ ਪੱਤ੍ਰਕਾ' ਅਖ਼ਬਾਰ ਨਾਲ ਜੁੜ ਗਏ।
1973 ਵਿੱਚ ਉਨ੍ਹਾਂ 'ਪੰਜਾਬ ਪ੍ਰੈਸ ਸਰਵਿਸ' ਏਜੰਸੀ ਬਣਾਈ, ਜੋ ਪੰਜਾਬੀ ਦੀ ਪਹਿਲੀ ਖ਼ਬਰਾਂ ਤੇ ਫੀਚਰ ਸੇਵਾ ਨਾਲ ਸਬੰਧਤ ਏਜੰਸੀ ਸੀ। ਸੰਪਾਦਨ ਦੀ ਜ਼ਿੰਮੇਵਾਰੀ ਦੇ ਨਾਲ ਨਾਲ ਉਹ ਸਮੇਂ-ਸਮੇਂ 'ਤੇ ਵੱਖ-ਵੱਖ ਅਖ਼ਬਾਰਾਂ ਵਿੱਚ ਸਮਾਜਿਕ ਮਸਲਿਆਂ ਬਾਰੇ ਲਿਖਤਾਂ ਲਿਖਦੇ ਰਹਿੰਦੇ ਸਨ। 'ਅਕਸ' ਵਿੱਚ ਪ੍ਰਕਾਸ਼ਤ ਹੁੰਦਾ ਉਨ੍ਹਾਂ ਦਾ ਕਾਲਮ 'ਤੇ ਹੋਰ ਫਿਰ' ਪਾਠਕਾਂ ਵੱਲੋਂ ਬੜੇ ਚਾਅ ਨਾਲ ਪੜ੍ਹਿਆ ਜਾਂਦਾ ਸੀ।
ਉਨ੍ਹਾਂ ਦੀਆਂ ਦੋ ਪੁਸਤਕਾਂ 'ਸਰੋਕਾਰ' (ਲੇਖ ਸੰਗ੍ਰਹਿ) ਅਤੇ 'ਮਹਿਫ਼ਲ ਮਿੱਤਰਾਂ ਦੀ' ਪ੍ਰਕਾਸ਼ਤ ਹੋਈਆਂ। ਇਸ ਤੋਂ ਇਲਾਵਾ ਉਨ੍ਹਾਂ ਕਈ ਪੁਸਤਕਾਂ ਦੀ ਸਥਾਪਨਾ ਵੀ ਕੀਤੀ। ਕੁਝ ਸਮਾਂ ਪਹਿਲਾਂ ਉਨ੍ਹਾਂ 'ਪੰਜਾਬੀਅਤ ਦਾ ਅਲੰਬਰਦਾਰ-ਬਰਜਿੰਦਰ ਸਿੰਘ ਹਮਦਰਦ' ਪੁਸਤਕ ਦੀ ਸੰਪਾਦਨਾ ਕੀਤੀ ਸੀ। ਸਾਹਿਤਕ ਹਲਕਿਆਂ ਵਿੱਚ ਅਮਰਜੀਤ ਸਿੰਘ ਦੀ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਮਿੱਤਰਤਾ ਦੀ ਗੱਲ ਅਕਸਰ ਹੁੰਦੀ ਰਹਿੰਦੀ ਸੀ। ਪੱਤਰਕਾਰੀ ਖੇਤਰ ਵਿੱਚ ਬਹੁਮੁੱਲੇ ਯੋਗਦਾਲ ਬਦਲੇ ਉਨ੍ਹਾਂ ਨੂੰ ਬਹੁਤ ਸਾਰੇ ਮਾਣ ਸਨਮਾਨਾਂ ਨਾਲ ਨਿਵਾਜ਼ਿਆ ਗਿਆ ਸੀ। ਉਨ੍ਹਾਂ ਦੀ ਮੌਤ 'ਤੇ ਸਾਹਿਤਕ ਹਲਕਿਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।