ਗੋਲੀ ਚੱਲਦੀ ਤੋਂ ਗੱਲ ਨਹੀਂ ਹੋ ਸਕਦੀ

ਪਾਕਿਸਤਾਨ ਦੀ ਸਰਕਾਰ ਨੇ ਇੱਕ ਵਾਰ ਫਿਰ ਇਹ ਸੱਦਾ ਦੁਹਰਾ ਦਿੱਤਾ ਹੈ ਕਿ ਦੋਵਾਂ ਦੇਸ਼ਾਂ ਦੀ ਗੱਲਬਾਤ ਦਾ ਵਿਦੇਸ਼ ਸੈਕਟਰੀ ਪੱਧਰ ਦਾ ਦੌਰ ਚਲਾ ਲਿਆ ਜਾਵੇ। ਉਹ ਤਰੀਕ ਮਿਥਣ ਨੂੰ ਬੜੇ ਕਾਹਲੇ ਹਨ। ਭਾਰਤ ਵਿੱਚ ਇਸ ਗੱਲ ਬਾਰੇ ਅਜੇ ਆਮ ਸਹਿਮਤੀ ਨਹੀਂ ਬਣ ਸਕਦੀ। ਰਾਜ ਕਰਦੀ ਅਤੇ ਵਿਰੋਧ ਦੀ ਧਿਰ ਵਿਚਾਲੇ ਵੀ ਕੁਝ ਮੱਤਭੇਦ ਹਨ ਤੇ ਖ਼ੁਦ ਰਾਜ ਕਰਦੀ ਪਾਰਟੀ ਦੇ ਆਪਣੇ ਵਿੱਚ ਵੀ ਇੱਕਸੁਰਤਾ ਨਹੀਂ। ਆਮ ਸਹਿਮਤੀ ਬਣਨ ਤੱਕ ਭਾਰਤ ਸਰਕਾਰ ਕਾਹਲੀ ਨਹੀਂ ਕਰ ਸਕਦੀ ਤੇ ਉਸ ਨੂੰ ਇਸ ਤਰ੍ਹਾਂ ਦੀ ਕਾਹਲੀ ਇਸ ਕਰ ਕੇ ਵੀ ਕਰਨੀ ਨਹੀਂ ਚਾਹੀਦੀ ਕਿ ਪਿਛਲੇ ਸਮੇਂ ਵਿੱਚ ਕਾਹਲੀ ਅੱਗੇ ਟੋਇਆਂ ਦਾ ਨਤੀਜਾ ਅਸੀਂ ਲੋਕ ਭੁਗਤ ਚੁੱਕੇ ਹਾਂ।
ਜਦੋਂ ਅਟਲ ਬਿਹਾਰੀ ਵਾਜਪਾਈ ਬਿਨਾਂ ਬੁਲਾਇਆਂ ਲਾਹੌਰ ਗਏ ਸਨ ਤਾਂ ਕਾਰਗਿਲ ਦੀ ਜੰਗ ਦਾ ਨਤੀਜਾ ਭੁਗਤਣਾ ਪਿਆ ਸੀ। ਜਦੋਂ ਉਨ੍ਹਾਂ ਨੇ ਜਨਰਲ ਮੁਸ਼ੱਰਫ਼ ਨਾਲ ਗੱਲਬਾਤ ਦਾ ਦੌਰ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਰਤ ਦੇ ਪਾਰਲੀਮੈਂਟ ਭਵਨ ਉੱਤੇ ਹਮਲੇ ਦਾ ਦਿਨ ਦੇਖਣਾ ਪੈ ਗਿਆ ਸੀ। ਡਾਕਟਰ ਮਨਮੋਹਨ ਸਿੰਘ ਦੀਆਂ ਕੋਸ਼ਿਸ਼ਾਂ ਆਖਰ ਨੂੰ ਮੁੰਬਈ ਦੇ ਦਹਿਸ਼ਤਗਰਦ ਹਮਲੇ ਨੇ ਰੋਲ ਦਿੱਤੀਆਂ ਸਨ। ਭਾਰਤ ਦੇ ਇਸ ਵਕਤ ਦੇ ਪ੍ਰਧਾਨ ਮੰਤਰੀ ਨੇ ਵੀ ਕਾਹਲ ਕਰ ਕੇ ਵੇਖ ਲਈ ਹੈ। ਉਹ ਮਾਸਕੋ ਗਏ ਤਾਂ ਓਥੋਂ ਕਾਬਲ ਵਿੱਚ ਜਾਣ ਦਾ ਪ੍ਰੋਗਰਾਮ ਸੀ। ਵਾਪਸੀ ਉੱਤੇ ਦਿੱਲੀ ਨੂੰ ਆਉਣ ਦੀ ਥਾਂ ਅਚਾਨਕ ਲਾਹੌਰ ਚਲੇ ਗਏ ਅਤੇ ਇਹ ਆਸ ਜਗਾ ਲਈ ਕਿ ਹੁਣ ਦੋਵਾਂ ਦੇਸ਼ਾਂ ਵਿੱਚ ਸੰਬੰਧ ਸੁਧਰ ਜਾਣੇ ਹਨ। ਨਤੀਜਾ ਪਠਾਨਕੋਟ ਦੇ ਹਵਾਈ ਫ਼ੌਜ ਦੇ ਅੱਡੇ ਉੱਤੇ ਹਮਲੇ ਦੇ ਰੂਪ ਵਿੱਚ ਨਿਕਲਿਆ। ਏਨੇ ਹੱਲੇ ਝੱਲਣ ਪਿੱਛੋਂ ਭਾਰਤ ਨੂੰ ਕਿਸੇ ਵੀ ਤਰ੍ਹਾਂ ਦੀ ਕਾਹਲ-ਕਦਮੀ ਤੋਂ ਬਚਣ ਦੀ ਲੋੜ ਹੈ। ਇਸ ਦੇ ਬਾਵਜੂਦ ਕੁਝ ਲੋਕ ਇਸ ਗੱਲ ਲਈ ਜ਼ੋਰ ਦੇਈ ਜਾਂਦੇ ਹਨ ਕਿ ਪਾਕਿਸਤਾਨ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਗੱਲਬਾਤ ਦੇ ਦਰਵਾਜ਼ੇ ਬੰਦ ਕਰਨੇ ਗ਼ਲਤ ਹਨ। ਉਨ੍ਹਾਂ ਦੀ ਇਹ ਸੋਚ ਬਹੁਤੀ ਠੀਕ ਨਹੀਂ ਜਾਪਦੀ।
ਕੱਲ੍ਹ ਬੁੱਧਵਾਰ ਦੇ ਦਿਨ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਵਿੱਚ ਭਾਰਤ ਦੇ ਕੌਂਸਲੇਟ ਉੱਤੇ ਹਮਲਾ ਕੀਤਾ ਗਿਆ ਹੈ। ਉਸ ਹਮਲੇ ਵਿੱਚ ਛੇ ਅੱਤਵਾਦੀ ਮਾਰੇ ਗਏ, ਭਾਰਤ ਦੇ ਕਿਸੇ ਨਾਗਰਿਕ ਦਾ ਨੁਕਸਾਨ ਤਾਂ ਨਹੀਂ ਹੋਇਆ, ਪਰ ਅੱਤਵਾਦੀਆਂ ਦੇ ਹਮਲੇ ਕਾਰਨ ਸੁਰੱਖਿਆ ਵਾਲੇ ਅਤੇ ਕੁਝ ਆਮ ਅਫ਼ਗ਼ਾਨ ਨਾਗਰਿਕ ਮਾਰੇ ਜਾਣੇ ਵੀ ਭਾਰਤ ਲਈ ਦੁੱਖ ਦਾ ਵਿਸ਼ਾ ਹਨ। ਉਹ ਸਾਡੇ ਭਾਰਤੀ ਲੋਕਾਂ ਦਾ ਬਚਾਅ ਕਰਦੇ ਜਾਨ ਵਾਰ ਗਏ ਹਨ। ਏਦਾਂ ਦਾ ਹਮਲਾ ਉਸ ਦੇਸ਼ ਵਿੱਚ ਕਿਸੇ ਭਾਰਤੀ ਕੌਂਸਲੇਟ ਉੱਤੇ ਪਹਿਲੀ ਵਾਰੀ ਨਹੀਂ ਹੋਇਆ। ਜਲਾਲਾਬਾਦ ਦਾ ਇਹ ਹੀ ਕੌਂਸਲਖਾਨਾ ਪਿਛਲੇ ਅੱਠ ਸਾਲਾਂ ਦੌਰਾਨ ਨੌਂ ਵਾਰ ਹਮਲੇ ਦਾ ਨਿਸ਼ਾਨਾ ਬਣ ਚੁੱਕਾ ਹੈ। ਭਾਰਤ ਦਾ ਇੱਕ ਹੋਰ ਕੌਂਸਲੇਟ ਮਜ਼ਾਰ-ਇ-ਸ਼ਰੀਫ਼ ਵਿੱਚ ਹਾਲੇ ਕੁਝ ਸਮਾਂ ਪਹਿਲਾਂ ਅੱਤਵਾਦੀਆਂ ਦੇ ਹਮਲੇ ਦੀ ਮਾਰ ਹੇਠ ਆਇਆ ਤੇ ਉਸ ਥਾਂ ਅੱਤਵਾਦੀਆਂ ਨਾਲ ਮੁਕਾਬਲਾ ਪੰਝੀ ਘੰਟੇ ਚੱਲਣ ਪਿੱਛੋਂ ਮਸਾਂ ਸਿਰੇ ਲੱਗ ਸਕਿਆ ਸੀ।
ਅਫ਼ਗ਼ਾਨਿਸਤਾਨ ਦੇ ਸਿਆਸੀ ਆਗੂ, ਰਾਸ਼ਟਰਪਤੀ ਅਤੇ ਗਵਰਨਰ ਹੀ ਨਹੀਂ, ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਵੀ ਖੁੱਲ੍ਹੇ ਤੌਰ ਉੱਤੇ ਕਈ ਵਾਰ ਇਹ ਗੱਲ ਕਹਿ ਚੁੱਕੇ ਹਨ ਕਿ ਇਹ ਹਮਲੇ ਪਾਕਿਸਤਾਨ ਵਿੱਚੋਂ ਕੀਤੇ ਤੇ ਕਰਵਾਏ ਜਾਂਦੇ ਹਨ। ਪਾਕਿਸਤਾਨ ਸਰਕਾਰ ਦਾ ਹਰ ਵਾਰੀ ਇੱਕੋ ਤਰ੍ਹਾਂ ਦਾ ਜਵਾਬ ਹੁੰਦਾ ਹੈ ਕਿ ਸਾਡੇ ਆਪਣੇ ਦੇਸ਼ ਵਿੱਚ ਵੀ ਹਮਲੇ ਹੁੰਦੇ ਹਨ, ਇਸ ਲਈ ਸਾਡੇ ਉੱਤੇ ਇਹ ਦੋਸ਼ ਲਾਉਣਾ ਗ਼ਲਤ ਹੈ। ਇਸ ਵਿੱਚ ਸ਼ੱਕ ਨਹੀਂ ਕਿ ਉਸ ਦੇ ਆਪਣੇ ਉੱਤੇ ਵੀ ਹਮਲੇ ਹੁੰਦੇ ਹਨ, ਪਰ ਇਸ ਵਿੱਚ ਇੱਕ ਫ਼ਰਕ ਹੈ। ਭਾਰਤ ਅਤੇ ਅਫ਼ਗ਼ਾਨਿਸਤਾਨ ਵਿੱਚ ਜਦੋਂ ਹਮਲੇ ਹੁੰਦੇ ਹਨ ਤਾਂ ਉਹ ਪਾਕਿਸਤਾਨ ਵਿੱਚੋਂ ਕੀਤੇ ਜਾਂ ਕਰਵਾਏ ਜਾਂਦੇ ਹਨ, ਪਰ ਜਦੋਂ ਉਸ ਦੇਸ਼ ਦੇ ਆਪਣੇ ਘਰ ਅੰਦਰ ਹਮਲੇ ਹੁੰਦੇ ਹਨ ਤਾਂ ਉਨ੍ਹਾਂ ਦੇ ਆਪਣੇ ਵਿਗਾੜੇ ਹੋਏ ਦਹਿਸ਼ਤਗਰਦ ਕਰਦੇ ਹਨ। ਇਨ੍ਹਾਂ ਨੂੰ ਪਾਕਿਸਤਾਨ ਦੇ ਹਾਕਮਾਂ ਨੇ ਗਵਾਂਢ ਦੇ ਦੇਸ਼ਾਂ ਨੂੰ ਲਗਾਤਾਰ ਤੰਗ ਕਰਦੇ ਰਹਿਣ ਨੂੰ ਤਿਆਰ ਕੀਤਾ ਸੀ, ਪਰ ਹੁਣ ਜਦੋਂ ਉਹ ਇਹ ਵੇਖਦੇ ਹਨ ਕਿ ਗਵਾਂਢ ਦੇ ਦੇਸ਼ਾਂ ਵਿੱਚ ਜਾਣਾ ਜਾਨ-ਲੇਵਾ ਹੋ ਸਕਦਾ ਹੈ ਤਾਂ ਆਪਣੇ ਦੇਸ਼ ਅੰਦਰ ਵੀ ਉਹੋ ਖ਼ੂਨ-ਖ਼ਰਾਬਾ ਕਰਨ ਲੱਗੇ ਹਨ। ਗਵਾਂਢੀ ਦੇਸ਼ਾਂ ਵਿੱਚ ਜਿੱਥੇ ਕੋਈ ਹਮਲਾ ਹੋਵੇ, ਓਥੇ ਪਾਕਿਸਤਾਨ ਦੀਆਂ ਏਜੰਸੀਆਂ ਦਾ ਹੱਥ ਜ਼ਾਹਰ ਹੁੰਦਾ ਹੈ, ਪਰ ਪਾਕਿਸਤਾਨ ਵਿੱਚ ਹੋਏ ਹਮਲਿਆਂ ਦੇ ਬਾਰੇ ਕਦੇ ਵੀ ਗਵਾਂਢ ਦੇ ਕਿਸੇ ਦੇਸ਼ ਦਾ ਹੱਥ ਨਹੀਂ ਨਿਕਲਦਾ। ਇਹ ਗੱਲ ਦੁਨੀਆ ਭਰ ਦੇ ਲੋਕ ਜਾਣਦੇ ਹਨ।
ਜਦੋਂ ਪਠਾਨਕੋਟ ਤੋਂ ਅਫ਼ਗ਼ਾਨਿਸਤਾਨ ਵਾਲੇ ਜਲਾਲਾਬਦ ਤੱਕ ਹਰ ਗੱਲ ਵਿੱਚ ਪਾਕਿਸਤਾਨੀ ਸ਼ਰਾਰਤ ਹੀ ਨਿਕਲ ਰਹੀ ਹੈ, ਓਦੋਂ ਉਸ ਦੇਸ਼ ਨਾਲ ਕਿਸੇ ਤਰ੍ਹਾਂ ਦੀ ਗੱਲਬਾਤ ਵਿੱਚ ਕਾਹਲੀ ਨਹੀਂ ਕਰਨੀ ਚਾਹੀਦੀ। ਇਸ ਤੋਂ ਇਹ ਅਰਥ ਨਹੀਂ ਲੈਣਾ ਚਾਹੀਦਾ ਕਿ ਕਦੇ ਵੀ ਗੱਲਬਾਤ ਨਹੀਂ ਕਰਨੀ, ਸਗੋਂ ਇਹ ਸਮਝਣਾ ਬਣਦਾ ਹੈ ਕਿ ਜਦੋਂ ਤੱਕ ਗੋਲੀ ਚੱਲ ਰਹੀ ਹੋਵੇ, ਉਸ ਦੀ ਗੂੰਜ ਵਿੱਚ ਗੱਲ ਸੁਣੀ ਨਹੀਂ ਜਾਣੀ। ਇਸ ਕਰ ਕੇ ਉਸ ਦੇਸ਼ ਦੀ ਸਰਕਾਰ ਨੂੰ ਕਹਿ ਦੇਣਾ ਚਾਹੀਦਾ ਹੈ ਕਿ ਗੱਲ ਕਰਨ ਦਾ ਚਾਅ ਹੈ ਤਾਂ ਪਹਿਲਾਂ ਗੋਲੀ ਚੱਲਣੀ ਬੰਦ ਕਰਾਵੇ। ਅੱਜ ਨਹੀਂ ਤਾਂ ਕੱਲ੍ਹ ਸਹੀ, ਗੱਲ ਕਦੇ ਵੀ ਹੋ ਸਕਦੀ ਹੈ, ਪਹਿਲੀ ਲੋੜ ਗੱਲਬਾਤ ਦਾ ਮਾਹੌਲ ਸਿਰਜਣ ਦੀ ਹੈ।