21 ਦਿਨ ਬਾਅਦ ਕਨ੍ਹੱਈਆ ਜੇਲ੍ਹ ਤੋਂ ਰਿਹਾਅ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਦਿੱਲੀ ਹਾਈ ਕੋਰਟ ਵੱਲੋਂ ਜ਼ਮਾਨਤ ਦਿੱਤੇ ਜਾਣ ਮਗਰੋਂ ਜੇ ਐੱਨ ਯੂ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਨੂੰ ਅੱਜ ਸ਼ਾਮ ਤਿਹਾੜ ਜੇਲ੍ਹ 'ਚੋਂ ਰਿਹਾਅ ਕਰ ਦਿੱਤਾ ਗਿਆ। ਰਿਹਾਈ ਸੰਬੰਧੀ ਜਾਰੀ ਪ੍ਰਕਿਰਿਆ ਪਟਿਆਲਾ ਹਾਊਸ ਅਦਾਲਤ 'ਚ ਪੂਰੀ ਕੀਤੀ ਗਈ। ਵਿਦਿਆਰਥੀ ਆਗੂ ਦੀ ਰਿਹਾਈ ਦੇ ਮੱਦੇਨਜ਼ਰ ਤਿਹਾੜ ਜੇਲ੍ਹ ਦੇ ਬਾਹਰ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਸਨ। ਕਨ੍ਹੱਈਆ ਦੇ ਸਵਾਗਤ ਲਈ ਜੇ ਐੱਨ ਯੂ ਸਟੂਡੈਂਟਸ ਯੂਨੀਅਨ ਦੇ ਮੈਂਬਰ ਵੱਡੀ ਗਿਣਤੀ 'ਚ ਜਮ੍ਹਾ ਹੋ ਗਏ ਸਨ। ਜਾਣਕਾਰੀ ਮੁਤਾਬਕ ਕਨ੍ਹੱਈਆ ਨੂੰ ਅਧਿਕਾਰਤ ਤੌਰ 'ਤੇ ਸ਼ਾਮ 6.30 ਵਜੇ ਰਿਹਾਅ ਕੀਤਾ ਗਿਆ, ਪਰ ਸੁਰੱਖਿਆ ਕਾਰਨਾਂ ਕਾਰਨ ਉਸ ਨੂੰ ਪਹਿਲਾਂ ਹੀ ਹਰੀ ਨਗਰ ਪੁਲਸ ਥਾਣੇ ਲਿਜਾਇਆ ਗਿਆ ਸੀ, ਜਿੱਥੋਂ ਉਸ ਨੂੰ ਦੱਖਣ-ਪੱਛਮੀ ਪੁਲਸ ਦੀ ਸੁਰੱਖਿਆ 'ਚ ਲਿਆ ਗਿਆ ਅਤੇ ਬਾਅਦ ਵਿੱਚ ਯੂਨੀਵਰਸਿਟੀ ਪਹੁੰਚਾਇਆ ਗਿਆ।
ਸ਼ਾਮ ਵੇਲੇ ਕਨ੍ਹੱਈਆ ਕੁਮਾਰ ਦੇ ਵਕੀਲ ਤਿਹਾੜ ਜੇਲ੍ਹ ਪੁੱਜੇ ਅਤੇ ਅਦਾਲਤ ਦੇ ਫੈਸਲੇ ਦੀ ਕਾਪੀ ਜੇਲ੍ਹ ਅਧਿਕਾਰੀਆਂ ਨੂੰ ਦਿੱਤੀ। ਕਨ੍ਹੱਈਆ ਦੀ ਰਿਹਾਈ ਦੇ ਮੱੱਦੇਨਜ਼ਰ ਤਿਹਾੜ ਜੇਲ੍ਹ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਅਤੇ ਕਮਾਂਡੋਜ਼ ਤਾਇਨਾਤ ਕੀਤੇ ਗਏ। ਇਸ ਦੇ ਨਾਲ ਹੀ ਕਨ੍ਹੱਈਆ ਦੀ ਸੁਰੱਖਿਆ ਲਈ ਸੁਰੱਖਿਆ ਦਸਤਿਆਂ ਅਤੇ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ।
ਕਨ੍ਹੱਈਆ ਨੂੰ ਅਦਾਲਤ ਵੱਲੋਂ ਜ਼ਮਾਨਤ ਦਿੱਤੇ ਜਾਣ ਮਗਰੋਂ ਉਸ ਦੇ ਘਰ 'ਤੇ ਜੇ ਐੱਨ ਯੂ ਕੈਂਪਸ 'ਚ ਮੇਲੇ ਵਰਗਾ ਮਾਹੌਲ ਦੇਖਣ ਨੂੰ ਮਿਲਿਆ। ਸੈਂਕੜੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਕਨ੍ਹੱਈਆ ਦੀ ਹਮਾਇਤ 'ਚ ਨਾਅਰੇਬਾਜ਼ੀ ਕੀਤੀ, ਜਦਕਿ ਉਸ ਦੇ ਘਰ ਵਾਲਿਆਂ ਅਤੇ ਹਮਾਇਤੀਆਂ ਨੇ ਮਠਿਆਈ ਵੰਡ ਕੇ ਤੇ ਪਟਾਕੇ ਚਲਾ ਕੇ ਉਸ ਦੀ ਰਿਹਾਈ ਦਾ ਸਵਾਗਤ ਕੀਤਾ।
ਜ਼ਿਕਰਯੋਗ ਹੈ ਕਿ ਕਨ੍ਹੱਈਆ ਕੁਮਾਰ ਲਈ ਤਿਹਾੜ ਜੇਲ੍ਹ 'ਚ ਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ। ਜੇਲ੍ਹ 'ਚ ਉਸ ਨੂੰ ਨਾ ਸਿਰਫ ਵੱਖਰੇ ਸੈੱਲ ਵਿੱਚ ਰੱਖਿਆ ਗਿਆ, ਸਗੋਂ ਖਾਣ-ਪੀਣ ਦੀ ਜਾਂਚ ਤੋਂ ਲੈ ਕੇ ਉਸ ਦੇ ਸੈੱਲ 'ਤੇ ਸੀ ਸੀ ਟੀ ਵੀ ਰਾਹੀਂ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਸੀ।
ਜੇ ਐੱਨ ਯੂ ਸਟੂਡੈਂਟ ਯੂਨੀਅਨ ਕਨ੍ਹੱਈਆ ਕੁਮਾਰ ਦੀ ਰਿਹਾਈ ਮਗਰੋਂ ਝੜਪਾਂ ਦੀ ਸ਼ੰਕਾ ਦੇ ਮੱਦੇਨਜ਼ਰ ਦਿੱਲੀ ਪੁਲਸ ਨੇ ਸਾਰੇ ਜ਼ਿਲ੍ਹਿਆਂ ਦੇ ਟਰੈਫਿਕ ਅਤੇ ਪੀ ਸੀ ਆਰ ਯੂਨਿਟਾਂ ਨੂੰ ਹਦਾਇਤ ਜਾਰੀ ਕਰਕੇ ਜੇ ਐੱਨ ਯੂ ਦੇ ਅੰਦਰ ਅਤੇ ਆਲੇ-ਦੁਆਲੇ ਅਤੇ ਦਿੱਲੀ ਯੂਨੀਵਰਸਿਟੀ 'ਚ ਸਖਤ ਨਿਗਰਾਨੀ ਲਈ ਕਿਹਾ ਹੈ।
ਪੁਲਸ ਸੂਤਰਾਂ ਅਨੁਸਾਰ ਜ਼ਮਾਨਤ 'ਤੇ ਬਾਹਰ ਹੋਣ ਮਗਰੋਂ ਕਨ੍ਹੱਈਆ ਆਪਣੇ ਹਮਾਇਤੀਆਂ ਨਾਲ ਜੰਤਰ ਮੰਤਰ, ਜੇ ਐੱਨ ਯੂ ਜਾਂ ਜੀ ਡੀ ਯੂ ਜਾ ਸਕਦਾ ਹੈ ਅਤੇ ਉਸ ਦੇ ਨਾਲ ਏ ਆਈ ਐੱਸ ਐੱਫ ਆਇਸਾ ਵਰਗੀਆਂ ਵਿਦਿਆਰਥੀ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਮੈਂਬਰ ਸ਼ਾਮਲ ਹੋ ਸਕਦੇ ਹਨ ਅਤੇ ਏ ਬੀ ਵੀ ਪੀ ਤੇ ਹੋਰ ਦੱਖਣ ਪੰਥੀ ਜਥੇਬੰਦੀਆਂ ਵੱਲੋਂ ਉਨ੍ਹਾ ਦਾ ਵਿਰੋਧ ਕਰਨ ਦੀ ਸੂਰਤ 'ਚ ਝੜਪ ਹੋ ਸਕਦੀ ਹੈ। ਇਸ 'ਚ ਅੱਗੇ ਕਿਹਾ ਗਿਆ ਕਿ ਮਾਮਲੇ ਦੀ ਗੰਭੀਰਤਾ ਅਤੇ ਸੰਵੇਦਨਸ਼ੀਲਤਾ ਨੂੰ ਦੇਖਦਿਆਂ ਸਖਤ ਨਿਗਰਾਨੀ ਰੱਖੀ ਜਾਵੇ ਅਤੇ ਲੋੜੀਂਦੀ ਗਿਣਤੀ ਵਿੱਚ ਮਹਿਲਾ ਪੁਲਸ ਮੁਲਾਜ਼ਮਾਂ ਦਾ ਪ੍ਰਬੰਧ ਵੀ ਕੀਤਾ ਜਾਵੇ। ਪੀ ਸੀ ਆਰ ਤੇ ਟਰੈਫਿਕ ਪੁਲਸ ਨੂੰ ਵੀ ਕਿਸੇ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਮੁਸ਼ਤੈਦ ਰਹਿਣ ਲਈ ਕਿਹਾ ਗਿਆ ਹੈ।