ਰਾਹੁਲ ਦੀਆਂ ਨਜ਼ਰਾਂ ਹੁਣ ਪੰਜਾਬ 'ਤੇ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਪੰਜਾਬ ਚੋਣਾਂ ਬਾਰੇ ਵਿਚਾਰ ਕਰਨ ਲਈ 12 ਮਾਰਚ ਨੂੰ ਮੀਟਿੰਗ ਸੱਦੀ ਹੈ, ਜਿਸ 'ਚ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੀ ਸ਼ਾਮਲ ਹੋਣਗੇ।
ਪਾਰਟੀ ਅਨੁਸਾਰ ਕਾਂਗਰਸ ਪੰਜਾਬ 'ਚ ਇੱਕ ਦਹਾਕੇ ਤੋਂ ਸੱਤਾ ਤੋਂ ਬਾਹਰ ਹੈ ਅਤੇ ਰਾਹੁਲ ਗਾਂਧੀ ਚਾਹੁੰਦੇ ਹਨ ਕਿ ਬੁਰਾ ਦੌਰ ਖ਼ਤਮ ਹੋਵੇ। ਪੰਜਾਬ 'ਚ ਪਾਰਟੀ ਨੂੰ ਅਕਾਲੀ-ਭਾਜਪਾ ਗੱਠਜੋੜ ਦੇ ਨਾਲ-ਨਾਲ ਆਪ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਨੂੰ ਦੇਖਦਿਆਂ ਜਿੱਤ ਦੀ ਰਣਨੀਤੀ ਤਿਆਰ ਕਰਨ ਲਈ ਰਾਹੁਲ ਨੇ ਪੰਜਾਬ ਦੇ ਕਾਂਗਰਸ ਲੀਡਰਾਂ ਨਾਲ ਵਿਚਾਰ-ਵਟਾਂਦਰੇ ਲਈ ਮੀਟਿੰਗ ਸੱਦੀ ਹੈ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਸੂਬੇ ਦੇ ਕਾਂਗਰਸ ਆਗੂ ਆਪ ਨੇਤਾ ਅਰਵਿੰਦ ਕੇਜਰੀਵਾਲ ਦੀ ਹਮਲਾਵਰ ਪ੍ਰਚਾਰ ਯੋਜਨਾ ਤੇ ਵਰਕਰਾਂ ਰਾਹੀਂ ਵੋਟਰਾਂ ਤੱਕ ਪਹੁੰਚਣ ਦੀ ਉਨ੍ਹਾ ਦੀ ਰਣਨੀਤੀ ਤੋਂ ਲਗਾਤਾਰ ਸਾਵਧਾਨ ਹੋ ਰਹੇ ਹਨ।
ਪਤਾ ਚੱਲਿਆ ਹੈ ਕਿ ਕਿਸ਼ੋਰ ਸ਼ੁਰੂਆਤੀ ਸਰਵੇ ਕਰ ਚੁੱਕੇ ਹਨ ਅਤੇ ਉਹ ਮੀਟਿੰਗ 'ਚ ਦੱਸਣਗੇ ਕਿ ਕਾਂਗਰਸ ਨੂੰ ਸੂਬੇ 'ਚ ਜਿੱਤ ਲਈ ਕੀ ਕਰਨ ਦੀ ਲੋੜ ਹੈ, ਜਿੱਥੇ ਪਾਰਟੀ ਨੂੰ ਲਗਾਤਾਰ ਦੋ ਚੋਣਾਂ 'ਚ ਹਾਰ ਦਾ ਮੂੰਹ ਦੇਖਣਾ ਪਿਆ। ਕਾਂਗਰਸ ਨੇ ਸੂਬਾ ਵਿਧਾਨ ਸਭਾ ਚੋਣਾਂ 'ਚ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦਾ ਚਿਹਰਾ ਐਲਾਨਿਆ ਹੈ।
ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਨੇ ਪਿਛਲੇ ਹਫ਼ਤੇ ਉੱਤਰ ਪ੍ਰਦੇਸ਼ ਦੇ ਕਾਂਗਰਸ ਆਗੂਆਂ ਨਾਲ ਮੀਟਿੰਗ ਕੀਤੀ ਸੀ, ਜਿਸ 'ਚ ਪ੍ਰਸ਼ਾਂਤ ਕਿਸ਼ੋਰ ਵੀ ਮੌਜੂਦ ਸਨ। ਮੀਟਿੰਗ 'ਚ ਇਸ ਗੱਲ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ ਕਿ ਸਿਆਸਤ ਪੱਖੋਂ ਸਭ ਤੋਂ ਅਹਿਮ ਸੂਬੇ ਉੱਤਰ ਪ੍ਰਦੇਸ਼ 'ਚ ਚੀਜ਼ਾਂ ਨੂੰ ਕਿਵੇਂ ਬਦਲ ਕੇ ਪਾਰਟੀ ਦੇ ਹੱਕ 'ਚ ਕੀਤਾ ਜਾਵੇ।
ਪਾਰਟੀ ਸੂਤਰਾਂ ਅਨੁਸਾਰ ਪੰਜਾਬ ਤੇ ਯੂ ਪੀ 'ਚ ਚੰਗੇ ਨਤੀਜੇ ਆਉਣ ਮਗਰੋਂ ਪ੍ਰਸ਼ਾਂਤ ਕਿਸ਼ੋਰ ਦੀ ਸਹਾਇਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੱਦੀ ਸੂਬੇ ਗੁਜਰਾਤ ਲਈ ਜਾਵੇਗੀ।
ਜ਼ਿਕਰਯੋਗ ਹੈ ਕਿ ਪ੍ਰਸ਼ਾਂਤ ਕਿਸ਼ੋਰ ਨੇ ਲੋਕ ਸਭਾ ਚੋਣਾਂ 'ਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਅਤੇ ਬਿਹਾਰ ਵਿਧਾਨ ਸਭਾ ਚੋਣਾਂ 'ਚ ਜਨਤਾ ਦਲ (ਯੂ)-ਆਰ ਜੇ ਡੀ -ਕਾਂਗਰਸ ਗੱਠਜੋੜ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਸੀ।