ਕਨ੍ਹੱਈਆ ਦੇ ਸਿਰ ਦਾ ਇਨਾਮ ਰੱਖਣ ਵਾਲਾ ਨੰਗ ਨਿਕਲਿਆ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪੁਰਵਾਂਚਲ ਸੈਨਾ ਦੇ ਮੁਖੀ ਆਦਰਸ਼ ਸ਼ਰਮਾ ਨੇ ਜੇ ਐਨ ਯੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਨੂੰ ਗੋਲੀ ਮਾਰਨ ਵਾਲੇ ਨੂੰ 11 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਸੀ, ਪਰ ਉਹ ਨੰਗ ਨਿਕਲਿਆ ਹੈ ਅਤੇ ਉਸ ਦੇ ਖਾਤੇ 'ਚ ਸਿਰਫ਼ ਡੇਢ ਸੌ ਰੁਪਏ ਹਨ। ਰਿਪੋਰਟਾਂ ਮੁਤਾਬਕ ਬੇਗੂਸਰਾਏ ਦਾ ਰਹਿਣ ਵਾਲਾ ਆਦਰਸ਼ ਸ਼ਰਮਾ ਕਈ ਮਹੀਨਿਆ ਤੋਂ ਦਿੱਲੀ ਦੇ ਰੋਹਿਨੀ ਇਲਾਕੇ 'ਚ ਕਿਰਾਏ ਦੇ ਮਕਾਨ 'ਚ ਰਹਿੰਦਾ ਹੈ। ਪਾਰਲੀਮੈਂਟ ਸਟਰੀਟ ਇਲਾਕੇ 'ਚ ਆਪਣੇ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਉਹ ਗਾਇਬ ਹੈ। ਪੁਲਸ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਆਦਰਸ਼ ਦਾ ਮੋਬਾਇਲ ਫ਼ੋਨ ਬੰਦ ਆ ਰਿਹਾ ਹੈ ਅਤੇ ਉਹ ਆਪਣੇ ਪਰਵਾਰ ਦੇ ਸੰਪਰਕ 'ਚ ਵੀ ਨਹੀਂ ਹੈ। ਪੁਲਸ ਲਗਾਤਾਰ ਉਸ ਦੀ ਤਲਾਸ਼ ਕਰ ਰਹੀ ਹੈ। ਪੁਰਵਾਂਚਲ ਸੈਨਾ ਵੱਲੋਂ ਆਦਰਸ਼ ਨੇ ਵੱਖ-ਵੱਖ ਥਾਈਂ ਪੋਸਟਰ ਲਾਏ ਸਨ, ਜਿਨ੍ਹਾ 'ਚ ਕਨ੍ਹੱਈਆ ਕੁਮਾਰ ਨੂੰ ਮਾਰਨ ਵਾਲੇ ਨੂੰ 11 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਸੀ। ਪੁਲਸ ਨੇ ਇਹਨਾਂ ਪੋਸਟਰਾਂ ਦੇ ਅਧਾਰ 'ਤੇ ਆਦਰਸ਼ ਵਿਰੁੱਧ ਕੇਸ ਦਰਜ ਕੀਤਾ ਹੈ। ਇਹਨਾ ਪੋਸਟਰਾਂ ਉੱਪਰ ਆਦਰਸ਼ ਕੁਮਾਰ ਦਾ ਨਾਂਅ ਅਤੇ ਮੋਬਾਇਲ ਫ਼ੋਨ ਵੀ ਛਾਪਿਆ ਗਿਆ ਹੈ।