ਸ਼ੀਨਾ ਬੋਰਾ ਕਤਲ ਕੇਸ; ਸੀ ਬੀ ਆਈ ਵੱਲੋਂ ਪੀਟਰ ਵਿਰੁੱਧ ਸਪਲੀਮੈਂਟ ਚਾਰਜਸ਼ੀਟ ਦਾਇਰ


ਮੁੰਬਈ (ਨਵਾਂ ਜ਼ਮਾਨਾ ਸਰਵਿਸ)-ਸ਼ੀਨਾ ਬੋਰਾ ਕਤਲ ਕੇਸ 'ਚ ਸੀ ਬੀ ਆਈ ਨੇ ਪੀਟਰ ਮੁਖਰਜੀ ਵਿਰੁੱਧ ਪੂਰਕ ਦੋਸ਼ ਪੱਤਰ ਦਾਖ਼ਲ ਕਰ ਦਿੱਤਾ ਹੈ। ਇੰਦਰਾਣੀ ਦੇ ਪਤੀ ਪੀਟਰ ਮੁਖਰਜੀ ਨੂੰ ਵੀ ਸ਼ੀਨਾ ਕਤਲ ਕੇਸ 'ਚ ਦੋਸ਼ੀ ਬਣਾਇਆ ਗਿਆ ਸੀ ਅਤੇ ਮਗਰੋਂ ਸੀ ਬੀ ਆਈ ਨੇ ਉਨ੍ਹਾ ਨੂੰ ਗ੍ਰਿਫ਼ਤਾਰ ਕਰ ਲਿਆ।
ਸੀ ਬੀ ਆਈ ਨੇ ਅਦਾਲਤ 'ਚ ਜਿਹੜੀ ਪੂਰਕ ਚਾਰਜਸ਼ੀਟ ਦਾਖ਼ਲ ਕੀਤੀ ਹੈ, ਉਸ 'ਚ ਭਾਰਤੀ ਦੰਡਾਵਲੀ ਦੀ ਧਾਰਾ 364, 302, 328, 201, 203, 307, 420, 471 ਅਤੇ 120 ਬੀ ਤਹਿਤ ਦੋਸ਼ ਲਾਏ ਗਏ ਹਨ।
ਸੀ ਬੀ ਆਈ ਨੇ ਐਡੀਸ਼ਨਲ ਮੈਟਰੋਪੋਲੀਟਨ ਮੈਜਿਸਟਰੇਟ ਆਰ ਟੀ ਐਨੋਡ ਦੀ ਅਦਾਲਤ 'ਚ ਪੂਰਨ ਦੋਸ਼ ਪੱਤਰ ਦਾਇਰ ਕੀਤਾ ਹੈ। ਪੀਟਰ ਦੀ ਪਤਨੀ ਇੰਦਰਾਣੀ ਮੁਖਰਜੀ ਇਸ ਮਾਮਲੇ 'ਚ ਮੁੱਖ ਦੋਸ਼ੀ ਹੈ ਅਤੇ ਉਸ ਨੂੰ ਕਤਲ ਦੀ ਸਾਜ਼ਿਸ਼ ਦੇ ਮਾਮਲੇ 'ਚ 19 ਨਵੰਬਰ 2015 ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਹ ਦੋ ਹਫ਼ਤੇ ਸੀ ਬੀ ਆਈ ਦੀ ਹਿਰਾਸਤ 'ਚ ਰਹੀ ਸੀ।
ਸੀ ਬੀ ਆਈ ਨੇ ਨਵੰਬਰ ਮਹੀਨੇ ਪੀਟਰ ਨੂੰ ਗ੍ਰਿਫਤਾਰ ਕੀਤਾ ਸੀ। ਉਨ੍ਹਾ ਤੋਂ ਪਹਿਲਾਂ ਇਸ ਮਾਮਲੇ 'ਚ ਪੀਟਰ ਦੀ ਪਤਨੀ ਇੰਦਰਾਣੀ ਮੁਖਰਜੀ, ਇੰਦਰਾਣੀ ਦੇ ਪਹਿਲੇ ਪਤੀ ਸੰਜੀਵ ਖੰਨਾ ਅਤੇ ਡਰਾਈਵਰ ਸ਼ਿਆਮ ਰਾਏ ਨੂੰ ਗ੍ਰਿਫ਼ਤਾਰ ਕੀਤਾ ਸੀ। ਸੀ ਬੀ ਆਈ ਅਨੁਸ਼ਾਰ ਸ਼ੀਨਾ ਕਤਲ ਕੇਸ 'ਚ ਇਹ ਪੂਰਕ ਚਾਰਜਸ਼ੀਟ ਹੈ।
ਜ਼ਿਕਰਯੋਗ ਹੈ ਕਿ ਸ਼ੀਨਾ ਇੰਦਰਾਣੀ ਮੁਖਰਜੀ ਦੀ ਬੇਟੀ ਸੀ ਅਤੇ ਉਸ ਨੂੰ 2012 'ਚ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਹੱਤਿਆ ਦਾ ਰਾਜ਼ ਸ਼ਿਆਮ ਦੀ ਗ੍ਰਿਫ਼ਤਾਰੀ ਮਗਰੋਂ ਬੀਤੇ ਸਾਲ ਅਗਸਤ 'ਚ ਖੁੱਲ੍ਹਿਆ। ਪਹਿਲਾਂ ਮੁੰਬਈ ਪੁਲਸ ਨੇ ਮਾਮਲੇ ਦੀ ਜਾਂਚ ਕੀਤੀ, ਪਰ ਮਗਰੋਂ ਮਾਮਲਾ ਸੀ ਬੀ ਆਈ ਨੂੰ ਸੌਂਪ ਦਿੱਤਾ ਗਿਆ।
ਜਾਂਚ ਅਨੁਸਾਰ ਸ਼ੀਨਾ ਦੇ ਕਤਲ ਤੋਂ ਪਹਿਲਾਂ ਪੀਟਰ ਨੇ ਇੰਦਰਾਣੀ ਨਾਲ 242 ਸੈਕਿੰਡ ਅਤੇ ਲਾਸ਼ ਨੂੰ ਠਿਕਾਣੇ ਲਾਉਣ ਮਗਰੋਂ 924 ਸੈਕਿੰਡ ਗੱਲ ਕੀਤੀ ਸੀ। ਸ਼ੀਨਾ ਅਤੇ ਪੀਟਰ ਦੇ ਪੁੱਤਰ ਰਾਹੁਲ ਦੇ ਕਰੀਬੀ ਰਿਸ਼ਤੇ ਸਨ, ਜਿਸ ਦੇ ਇੰਦਰਾਣੀ ਵਿਰੁੱਧ ਸੀ।
ਚਰਚਿਤ ਸ਼ੀਨਾ ਬੋਰਾ ਕਤਲ ਕੇਸ 'ਚ ਇੱਕ ਨਵਾਂ ਖੁਲਾਸਾ ਹੋਇਆ ਹੈ। ਪੀਟਰ ਮੁਖਰਜੀ ਦੇ ਪਰਵਾਰ ਨੇ ਇਸ ਮੁੱਦੇ 'ਤੇ ਚੁੱਪੀ ਤੋੜਦਿਆਂ ਕੁਝ ਹੈਰਾਨਕੁਨ ਖੁਲਾਸੇ ਕੀਤੇ ਹਨ।
ਮੁੰਬਈ ਦੀ ਰਿਪੋਰਟ ਅਨੁਸਾਰ ਇੱਕ ਇੰਟਰਵਿਊ 'ਚ ਪੀਟਰ ਦੇ ਪਰਵਾਰ ਨੇ ਦੱਸਿਆ ਕਿ ਸ਼ੀਨਾ ਦੇ ਕਤਲ 'ਚ ਆਪਣੀ ਪਤਨੀ ਇੰਦਰਾਣੀ ਦੀ ਸ਼ਮੂਲੀਅਤ ਦੀ ਜਾਣਕਾਰੀ ਮਿਲਣ 'ਤੇ ਪੀਟਰ ਹੈਰਾਨ ਰਹਿ ਗਏ ਸਨ। ਪੀਟਰ ਮੁਖਰਜੀ ਦੇ ਭਰਾ ਗੌਤਮ ਮੁਖਰਜੀ ਅਤੇ ਭੈਣ ਸ਼ੁਗਨ ਮੁਖਰਜੀ ਨੇ ਇੰਟਰਵਿਊ 'ਚ ਕਿਹਾ ਕਿ ਜਦੋਂ ਉਹ ਜੇਲ੍ਹ 'ਚ ਪੀਟਰ ਤੇ ਇੰਦਰਾਣੀ ਨੂੰ ਮਿਲੇ ਤਾਂ ਇੰਦਰਾਣੀ ਨੇ ਦੱਸਿਆ ਸੀ ਕਿ ਸ਼ੀਨਾ ਦਾ ਕਤਲ ਉਸ ਨੇ ਨਹੀਂ, ਸਗੋਂ ਮਿਖਾਈਲ ਨੇ ਕੀਤਾ ਸੀ ਅਤੇ ਉਸ ਨੇ ਸ਼ੀਨਾ ਦੀ ਲਾਸ਼ ਲੁਕਾਉਣ 'ਚ ਮਦਦ ਕੀਤੀ ਸੀ। ਜ਼ਿਕਰਯੋਗ ਹੈ ਕਿ ਮਿਖਲਾਈਲ ਇੰਦਰਾਣੀ ਦੇ ਪਹਿਲੇ ਪਤੀ ਦਾ ਪੁੱਤਰ ਹੈ। ਇੰਦਰਾਣੀ ਨੇ ਕਿਹਾ ਕਿ ਉਸ ਨੂੰ ਇਸ ਮਾਮਲੇ 'ਚ ਫਸਾਇਆ ਗਿਆ ਹੈ। ਪਰਵਾਰ ਵਾਲਿਆਂ ਨੇ ਕਿਹਾ ਹੈ ਕਿ ਇੰਦਰਾਣੀ ਦੇ ਝੂਠ ਬਾਰੇ ਜਾਣ ਕੇ ਪੀਟਰ ਵੀ ਹੈਰਾਨ ਰਹਿ ਗਏ ਸਨ।
ਗੌਤਮ ਅਤੇ ਸ਼ੁਗਨ ਮੁਖਰਜੀ ਨੇ ਕਿਹਾ ਕਿ ਇਸ ਮਾਮਲੇ 'ਚ ਘੱਟੋ-ਘੱਟ 250 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ, ਪਰ ਕਿਸੇ ਨੇ ਵੀ ਇਸ ਕਤਲ ਕੇਸ 'ਚ ਪੀਟਰ ਦੀ ਸ਼ਮੂਲੀਅਤ ਦੀ ਗੱਲ ਨਹੀਂ ਕੀਤੀ। ਪਰਵਾਰ ਦਾ ਕਹਿਣਾ ਹੈ ਕਿ ਇੰਦਰਾਣੀ ਦੇ ਆਪਣੇ ਸਾਬਕਾ ਪਤੀ ਸੰਜੀਵ ਖੰਨਾ ਨਾਲ ਵਿਆਹ ਤੋਂ ਮਗਰੋਂ ਵੀ ਸੰਬੰਧ ਸਨ।