ਸਮਾਜ 'ਚ ਪੱਤਰਕਾਰ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਗੰਭੀਰਤਾ ਨਾਲ ਨਿਭਾਏ : ਪਨੂੰ

ਕੋਟਕਪੂਰਾ (ਡਾ. ਜਸਕਰਨ ਸਿੰਘ ਸੰਧਵਾਂ)
ਪੱਤਰਕਾਰਤਾ ਦੇ ਖੇਤਰ ਵਿਚ ਉੱਤਮ ਕਾਰਗੁਜ਼ਾਰੀ, ਜਮਹੂਰੀ ਹੱਕਾਂ ਲਈ ਸਰਗਰਮ ਕਾਰਕੁਨ, ਸ਼ਾਇਰ ਮਰਹੂਮ ਪ੍ਰਸ਼ੋਤਮ ਬੇਤਾਬ ਯਾਦਗਾਰੀ ਤੀਜਾ ਸਨਮਾਨ 'ਨਵਾਂ ਜ਼ਮਾਨਾ' ਦੇ ਸੰਪਾਦਕ ਤੇ ਚਲੰਤ ਮਾਮਲਿਆਂ ਦੇ ਮਾਹਰ ਜਤਿੰਦਰ ਪਨੂੰ ਨੂੰ ਦਿੱਤਾ ਗਿਆ। ਸਥਾਨਕ ਡਾ. ਹਰੀ ਸਿੰਘ ਸੇਵਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਜਤਿੰਦਰ ਪਨੂੰ ਤੋਂ ਇਲਾਵਾ ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਪ੍ਰੋਫੈਸਰ ਸੋਸ਼ਲ ਐਂਡ ਪ੍ਰੀਵੈਂਟਿਵ ਮੈਡੀਸਨ ਡਾ. ਸ਼ਾਮ ਸੁੰਦਰ ਦੀਪਤੀ, ਆਲ ਇੰਡੀਆ ਰਿਟੇਲਰਜ਼ ਫੈਡਰੇਸ਼ਨ ਦੇ ਪ੍ਰਧਾਨ ਉਂਕਾਰ ਗੋਇਲ, ਸੁਸਾਇਟੀ ਦੇ ਸਰਪ੍ਰਸਤ ਕਰੋੜੀ ਮਿੱਤਲ ਤੇ ਸਕੂਲ ਪ੍ਰਿੰਸੀਪਲ ਸਰਬਜੀਤ ਸਿੰਘ ਸੁਸ਼ੋਭਿਤ ਸਨ।
ਸ੍ਰੀ ਪਨੂੰ ਨੇ ਇਸ ਮੌਕੇ ਆਖਿਆ ਕਿ ਸਮਾਜ ਵਿਚ ਪੱਤਰਕਾਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਗੰਭੀਰਤਾ ਨਾਲ ਨਿਭਾਉਣ। ਪੱਤਰਕਾਰੀ ਇਕ ਅਜਿਹਾ ਖੇਤਰ ਹੈ, ਜਿਸ ਵਿਚ ਲਿਖੇ ਗਲਤ ਲਫ਼ਜ਼ ਕਿਸੇ ਵਿਅਕਤੀ ਦੀ ਪੱਗ ਨੂੰ ਮਿੱਟੀ ਵਿਚ ਰੋਲ ਸਕਦੇ, ਪ੍ਰੰਤੂ ਕਿਸੇ ਵਿਅਕਤੀ ਦੀ ਰੁਲੀ ਹੋਈ ਪੱਗ ਨੂੰ ਮੁੜ ਉਸ ਦੇ ਸਿਰ ਦਾ ਤਾਜ ਨਹੀਂ ਬਣਾ ਸਕਦੇ। ਪੱਤਰਕਾਰਾਂ ਨੂੰ ਹਮੇਸ਼ਾ ਸਮਾਜ ਸੁਧਾਰ ਦੀ ਗੱਲ ਵੱਲ ਤਵੱਕੋ ਦੇਣੀ ਚਾਹੀਦੀ ਹੈ। ਦੇਸ਼ ਵਿਚ ਜਿਸ ਪ੍ਰਕਾਰ ਦਾ ਸਿਆਸੀ ਮਾਹੌਲ ਬਣਿਆ ਹੋਇਆ ਹੈ, ਪੱਤਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਨਿੱਜੀ ਹਿੱਤਾਂ ਨੂੰ ਤਿਆਗ ਲੋਕਾਂ ਨੂੰ ਸੇਧ ਤੇ ਸਹੀ ਜਾਣਕਾਰੀਆਂ ਦੇਣ। ਇਸ ਮੌਕੇ ਆਪਣੀ ਜ਼ਿੰਦਗੀ ਦੇ ਕੁਝ ਤਜਰਬੇ ਸਾਂਝੇ ਕਰਦਿਆਂ ਉਨ੍ਹਾ ਆਖਿਆ ਕਿ ਕੋਟਕਪੂਰਾ ਸ਼ਹਿਰ ਨਾਲ ਉਨ੍ਹਾ ਦੀ ਬਹੁਤ ਪੁਰਾਣੀ ਸਾਂਝੀ ਹੈ। ਸਰਕਾਰਾਂ ਦੀ ਕਾਰਗੁਜ਼ਾਰੀ 'ਤੇ ਡੂੰਘੀ ਸੱਟ ਮਾਰਦਿਆਂ ਸ੍ਰੀ ਪਨੂੰ ਨੇ ਆਖਿਆ ਕਿ ਸਰਕਾਰਾਂ ਪਹਿਲਾਂ ਆਪਣੇ ਫਾਇਦੇ ਲਈ ਫੈਸਲਾ ਲੈਂਦੀਆਂ ਤੇ ਪਿਛੋਂ ਆਪਣੇ ਫਾਇਦੇ ਲਈ ਫੈਸਲਿਆਂ ਨੂੰ ਵਾਪਸ ਲੈ ਲੈਂਦੀਆਂ ਹਨ।
'ਸਿਹਤ ਸੇਵਾਵਾਂ ਦੀ ਵਾਸਤਵਿਕਤਾ ਅਤੇ ਵਪਾਰੀਕਰਨ' ਵਿਸ਼ੇ ਉਪਰ ਕਰਵਾਏ ਸੈਮੀਨਾਰ ਵਿਚ ਡਾ. ਦੀਪਤੀ ਨੇ ਬਿਮਾਰੀਆਂ ਬਾਰੇ ਤੇ ਉਨ੍ਹਾਂ ਦੇ ਬਚਾਅ ਬਾਰੇ ਜਾਣਕਾਰੀ ਦਿੱਤੀ। ਉਨ੍ਹਾ ਇਸ ਕਿੱਤੇ ਵਿਚ ਆਏ ਨਿਘਾਰ 'ਤੇ ਵੀ ਰੌਸ਼ਨੀ ਪਾਈ। ਜਗਦੀਸ਼ ਪ੍ਰਸਾਦ ਨੇ ਬੇਤਾਬ ਵੱਲੋਂ ਲਿਖੀਆਂ ਪੁਰਾਣੀਆਂ ਚਿੱਠੀਆਂ ਵੀ ਪੜ੍ਹ ਕੇ ਸੁਣਾਈਆਂ, ਜੋ ਉਨ੍ਹਾਂ ਪੰਜਾਬ ਵਿਚ ਅੱਤਵਾਦ ਵੇਲੇ ਲਿਖੀਆਂ ਸਨ। ਪੱਤਰਕਾਰ ਭਾਰਤ ਭੂਸ਼ਨ ਆਜ਼ਾਦ ਨੇ ਸ੍ਰੀ ਪਨੂੰ ਨੂੰ ਪ੍ਰਸਿੱਧ ਕਵੀ ਅਵਤਾਰ ਸਿੰਘ ਪਾਸ਼ ਦੀ ਤਸਵੀਰ ਭੇਟ ਕੀਤੀ। ਮੰਚ ਸੰਚਾਲਣ ਦੀ ਜ਼ਿੰਮੇਵਾਰੀ ਸੇਵਾ-ਮੁਕਤ ਅਧਿਆਪਕ ਰਾਜਪਾਲ ਸਿੰਘ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਸੇਵਾ-ਮੁਕਤ ਪ੍ਰਿੰਸੀਪਲ ਮੇਹਰ ਸਿੰਘ, ਖੁਸ਼ਵੰਤ ਬਰਗਾੜੀ, ਕੁਲਦੀਪ ਮਾਣੂੰਕੇ, ਪਵਨ ਮਿੱਤਲ, ਲੇਖਕ ਜੰਗਪਾਲ ਸਿੰਘ, ਪ੍ਰੋਫੈਸਰ ਵਰਿਆਮ ਸਿੰਘ, ਆਸ਼ੂ ਮਿੱਤਲ, ਅਧਿਆਪਕ ਆਗੂ ਬੂਟਾ ਸਿੰਘ, ਸਾਹਿਤਕਾਰ ਜ਼ੋਰਾ ਸਿੰਘ ਸੰਧੂ, ਬਲਜਿੰਦਰ ਭਾਰਤੀ, ਸ਼ਾਮ ਸੁੰਦਰ ਅਗਰਵਾਲ, ਪ੍ਰੋਫੈ: ਦਰਸ਼ਨ ਸਿੰਘ ਸੰਧੂ, ਜਗਜੀਤ ਸਿੰਘ ਪਿਆਰਾ, ਗੁਰਮੀਤ ਸਿੰਘ, ਬਖਤੌਰ ਢਿੱਲੋਂ, ਬਲਵੰਤ ਗਰਗ, ਸਾਧੂ ਰਾਮ ਦਿਓੜਾ, ਅਸ਼ੋਕ ਚਾਵਲਾ, ਪ੍ਰੇਮ ਚਾਵਲਾ, ਅਜੈਪਾਲ ਸੰਧੂ, ਜਸਵਿੰਦਰ ਸਿੰਘ ਆਦਿ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।