ਧਰਮਸ਼ਾਲਾ ਮੈਚ; ਸੁਰੱਖਿਆ ਪ੍ਰਬੰਧਾਂ ਬਾਰੇ ਪਾਕਿ ਟੀਮ ਦੀ ਤਸੱਲੀ


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪਾਕਿਸਤਾਨ ਨੇ ਧਰਮਸ਼ਾਲਾ 'ਚ ਭਾਰਤ-ਪਾਕਿ ਵਿਚਕਾਰ ਵਰਲਡ ਟੀ-20 ਮੈਚ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਭਾਰਤ ਆਈ ਪਾਕਿਸਤਾਨੀ ਟੀਮ ਨੇ ਜਾਂਚ ਮਗਰੋਂ ਮੈਚ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ 'ਚ ਹੋਈ ਉੱਚ ਪੱਧਰੀ ਮੀਟਿੰਗ 'ਚ ਪਾਕਿ ਟੀਮ ਨੇ ਮੈਚ ਲਈ ਹਾਂ ਕਰ ਦਿੱਤੀ ਹੈ।
ਇਸ ਦੌਰਾਨ ਪਤਾ ਚੱਲਿਆ ਹੈ ਕਿ ਮੈਚ ਲਈ ਹਰੀ ਝੰਡੀ ਦੇਣ ਬਾਰੇ ਅੰਤਮ ਫ਼ੈਸਲਾ ਪਾਕਿਸਤਾਨ ਦੇ ਮੰਤਰੀ ਚੌਧਰੀ ਨਿਸਾਰ ਅਲੀ ਖਾਨ ਜਾਂਚ ਟੀਮ ਦੀ ਸਮੀਖਿਆ ਰਿਪੋਰਟ ਦੇ ਅਧਾਰ 'ਤੇ ਕਰਨਗੇ।
ਅੱਜ ਗ੍ਰਹਿ ਮੰਤਰਾਲੇ 'ਚ ਹੋਈ ਉੱਚ ਪੱਧਰੀ ਮੀਟਿੰਗ 'ਚ ਟੂਰਨਾਮੈਂਟ ਡਾਇਰੈਕਟਰ ਐਮ ਵੀ ਸ੍ਰੀਧਰ, ਪਾਕਿਸਤਾਨੀ ਜਾਂਚ ਟੀਮ, ਭਾਰਤੀ ਕ੍ਰਿਕਟ ਕੰਟਰੋਲ ਬੋਰਡ ਅਤੇ ਹਿਮਾਚਲ ਪੁਲਸ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਮੀਟਿੰਗ 'ਚ ਧਰਮਸ਼ਾਲਾ ਮੈਚ ਦੇ ਨਾਲ-ਨਾਲ ਬਾਕੀ ਮੈਚਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਪਾਕਿਸਤਾਨੀ ਜਾਂਚ ਟੀਮ ਨੇ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ 'ਤੇ ਤਸੱਲੀ ਪ੍ਰਗਟਾਈ। ਇਸੇ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾ ਦੀ ਸਰਕਾਰ ਮੈਚ ਦੌਰਾਨ ਸੁਰੱਖਿਆ ਦੇਣ ਦੇ ਸਮਰੱਥ ਹੈ। ਇਸ ਦੇ ਨਾਲ ਹੀ ਉਨ੍ਹਾ ਦੋਸ਼ ਲਾਇਆ ਕਿ ਪਾਕਿਸਤਾਨ ਤੋਂ ਆਈ ਜਾਂਚ ਟੀਮ ਨੇ ਮਿਲਣ ਦਾ ਸਮਾਂ ਹੀ ਨਹੀਂ ਮੰਗਿਆ।
ਉਨ੍ਹਾ ਕਿਹਾ ਕਿ ਅਸੀਂ ਕੇਂਦਰੀ ਬਲਾਂ ਦੀ ਮੰਗ ਨਹੀਂ ਕੀਤੀ। ਮੁੱਖ ਮੰਤਰੀ ਨੇ ਇਹ ਵੀ ਸਾਫ ਕਰਦਿਆਂ ਕਿਹਾ ਕਿ ਜੇ ਸਾਬਕਾ ਸੈਨਿਕ ਮੈਚ ਖਿਲਾਫ ਮੁਜ਼ਾਹਰਾ ਕਰਨਗੇ ਤਾਂ ਰਾਜ ਸਰਕਾਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕਰੇਗੀ। ਜੇ ਕੇਂਦਰ ਸਰਕਾਰ ਅਜਿਹਾ ਚਾਹੁੰਦੀ ਹੈ ਤਾਂ ਉਹ ਕੇਂਦਰੀ ਬਲ ਭੇਜ ਸਕਦੀ ਹੈ।
ਜ਼ਿਕਰਯੋਗ ਹੈ ਕਿ ਧਰਮਸ਼ਾਲਾ 'ਚ ਸੁਰੱਖਿਆ ਦਾ ਜਾਇਜ਼ਾ ਲੈਣ ਆਈ ਪਾਕਿਸਤਾਨੀ ਟੀਮ ਨਾਲ ਮੁਲਾਕਾਤ 'ਚ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਕਿਹਾ ਸੀ ਕਿ ਸੂਬਾ ਸਰਕਾਰ ਮੈਚ ਲਈ ਸੁਰੱਖਿਆ ਮੁਹੱਈਆ ਨਹੀਂ ਕਰਵਾ ਸਕੇਗੀ ਅਤੇ ਸਰਕਾਰ ਮੈਚ ਨੂੰ ਖ਼ਾਸ ਸੁਰੱਖਿਆ ਨਹੀਂ ਦੇ ਸਕੇਗੀ।