ਭਾਰਤ 'ਚ ਕ੍ਰਿਕਟ ਦਾ ਲੁਤਫ ਆਉਂਦੈ : ਅਫ਼ਰੀਦੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਆਈ ਸੀ ਸੀ ਟਵੰਟੀ-20 ਵਿਸ਼ਵ ਕੱਪ 'ਚ ਹਿੱਸਾ ਲੈਣ ਲਈ ਭਾਰਤ ਆਈ ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਕਿਹਾ ਹੈ ਕਿ ਪਾਕਿਸਤਾਨੀ ਟੀਮ ਭਾਰਤ ਆਉਣ ਲਈ ਪੂਰੀ ਤਰ੍ਹਾਂ ਤਿਆਰ ਸੀ ਅਤੇ ਟੀਮ ਟਵੰਟੀ-20 ਵਿਸ਼ਵ ਕੱਪ ਲਈ ਲਗਾਤਾਰ ਅਭਿਆਸ ਕਰ ਰਹੀ ਸੀ। ਉਨ੍ਹਾ ਕਿਹਾ ਕਿ ਦੁਨੀਆ 'ਚ ਅਜਿਹੇ ਘੱਟ ਦੇਸ਼ ਹਨ, ਜਿਥੇ ਉਨ੍ਹਾ ਨੇ ਭਾਰਤ ਬਰਾਬਰ ਕ੍ਰਿਕਟ ਦਾ ਲੁਤਫ਼ ਲਿਆ ਹੋਵੇ। ਟੀਮ ਇੰਡੀਆ ਦੀ ਪ੍ਰਸੰਸਾ ਕਰਦਿਆਂ ਉਨ੍ਹਾ ਕਿਹਾ ਕਿ ਭਾਰਤੀ ਟੀਮ ਬਹੁਤ ਵਧੀਆ ਖੇਡ ਰਹੀ ਹੈ। ਏਸ਼ੀਆ ਕੱਪ 'ਚ ਅਸੀਂ ਦੇਖਿਆ ਕਿ ਕਿਵੇਂ ਵਿਰਾਟ ਕੋਹਲੀ ਅਤੇ ਯੁਵਰਾਜ ਸਿੰਘ ਟੀਮ ਨੂੰ ਜਿੱਤ ਵੱਲ ਲੈ ਗਏ। ਦੋਹਾਂ ਨੇ ਵਧੀਆ ਖੇਡ ਖੇਡੀ ਤੇ ਭਾਰਤੀ ਟੀਮ ਨੂੰ ਜਿਤਾਇਆ। ਅਫ਼ਰੀਦੀ ਨੇ ਕਿਹਾ ਕਿ ਇਸ ਤਰ੍ਹਾਂ ਭਾਰਤ 'ਚ ਹਮੇਸ਼ਾ ਕ੍ਰਿਕਟ ਦਾ ਲੁਤਫ਼ ਲਿਆ ਹੈ। ਇਥੋਂ ਦੇ ਲੋਕਾਂ ਤੋਂ ਸਾਨੂੰ ਬਹੁਤ ਪਿਆਰ ਮਿਲਿਆ ਅਤੇ ਸੱਚ ਹੈ ਕਿ ਇੰਨਾ ਪਿਆਰ ਸਾਨੂੰ ਪਾਕਿਸਤਾਨ 'ਚ ਵੀ ਨਹੀਂ ਮਿਲਦਾ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ 19 ਮਾਰਚ ਨੂੰ ਧਰਮਸ਼ਾਲਾ 'ਚ ਭਾਰਤ ਨਾਲ ਮੈਚ ਖੇਡਣਾ ਸੀ, ਪਰ ਸੁਰੱਖਿਆ ਸੰਬੰਧੀ ਸਰੋਕਾਰਾਂ ਕਾਰਨ ਮੈਚ ਦੀ ਥਾਂ ਬਦਲ ਦਿੱਤੀ ਗਈ ਅਤੇ ਹੁਣ ਇਹ ਮੈਚ ਕੋਲਕਾਤਾ 'ਚ ਖੇਡਿਆ ਜਾਵੇਗਾ।