ਮਾਲਿਆ ਨੇ ਫ਼ਰਜ਼ੀ ਕੰਪਨੀ ਨੂੰ ਵੇਚੀ ਜਾਇਦਾਦ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਬੈਂਕਾਂ ਤੋਂ ਹਜ਼ਾਰਾਂ ਕਰੋੜ ਦਾ ਕਰਜ਼ਾ ਲੈ ਕੇ ਵਿਦੇਸ਼ ਚਲੇ ਗਏ ਉਦਯੋਗ ਪਤੀ ਵਿਜੈ ਮਾਲਿਆ ਨੂੰ ਬੈਂਕਾਂ ਦੀਆਂ ਮੁਸ਼ਕਲਾਂ ਪਹਿਲਾਂ ਵਾਂਗ ਹੀ ਕਾਇਮ ਹਨ। ਬੈਂਕਾਂ ਨੇ ਮੰਗ ਕੀਤੀ ਹੈ ਕਿ ਵਿਜੈ ਮਾਲਿਆ ਆਪਣੀ ਜਾਇਦਾਦ ਦਾ ਖੁਲਾਸਾ ਕਰਨ ਤਾਂ ਜੋ ਉਹ ਜਾਇਦਾਦ ਜਬਤ ਕਰਕੇ ਆਪਣਾ ਕਰਜ਼ਾ ਵਸੂਲ ਸਕਣ। ਉਧਰ ਵਿਜੈ ਮਾਲਿਆ ਨੇ ਕਿਹਾ ਹੈ ਕਿ ਉਹ ਰਾਜ ਸਭਾ ਮੈਂਬਰ ਹਨ ਅਤੇ ਰਾਜ ਸਭਾ ਦੀ ਵੈਬਸਾਈਟ 'ਤੇ ਉਨ੍ਹਾ ਦੀ ਹਰੇਕ ਜਾਇਦਾਦ ਦੀ ਜਾਣਕਾਰੀ ਮੌਜੂਦ ਹੈ, ਪਰ ਰਾਜ ਸਭਾ ਦੀ ਵੈਬਸਾਈਟ 'ਤੇ ਉਨ੍ਹਾ ਦੀ ਕੋਈ ਜਾਇਦਾਦ ਇਸ ਤਰ੍ਹਾਂ ਨਹੀਂ ਦਿਖਾਈ ਗਈ ਕਿ ਉਸ ਨੂੰ ਨਿਲਾਮ ਕੀਤਾ ਜਾ ਸਕੇ।
ਇਸੇ ਦੌਰਾਨ ਪਤਾ ਚੱਲਿਆ ਹੈ ਕਿ ਮਾਲਿਆ ਨੇ ਆਪਣੀਆਂ ਕਈ ਜਾਇਦਾਦਾਂ ਪੀ ਈ ਡਾਟਾ (P541“1) ਨਾਂਅ ਦੀ ਕੰਪਨੀ ਨੂੰ ਸੁਟਵੇਂ ਭਾਅ 'ਤੇ ਵੇਚ ਦਿੱਤੀਆਂ ਅਤੇ ਉਨ੍ਹਾ ਨੇ 600-700 ਕਰੋੜ ਰੁਪਏ ਦੀ ਜਾਇਦਾਦ ਸਿਰਫ਼ 290 ਕਰੋੜ ਰੁਪਏ 'ਚ ਵੇਚ ਦਿੱਤੀ। ਪਤਾ ਚੱਲਿਆ ਹੈ ਕਿ ਮਾਲਿਆ ਨੇ ਆਪਣੀ ਜਾਇਦਾਦ ਵੇਚਣ ਲਈ ਖੁਦ ਇਸ ਕੰਪਨੀ ਦੇ ਨਾਂਅ ਦਾ ਸੁਝਾਅ ਦਿੱਤਾ ਸੀ। ਜਾਂਚ 'ਚ ਪਤਾ ਚੱਲਿਆ ਹੈ ਕਿ ਇਸ ਕੰਪਨੀ ਦੀ ਕੋਈ ਹੋਂਦ ਨਹੀਂ, ਜਿਸ ਤੋਂ ਸ਼ੱਕ ਪੈਦਾ ਹੋ ਗਿਆ ਹੈ ਕਿ ਮਾਲਿਆ ਨੇ ਆਪਣੀ ਜਾਇਦਾਦ ਸਸਤੇ ਭਾਅ ਵੇਚਣ ਲਈ ਕੋਈ ਫ਼ਰਜ਼ੀ ਕੰਪਨੀ ਬਣਾਈ। ਇਸੇ ਦੌਰਾਨ ਹੈਦਰਾਬਾਦ ਦੀ ਇੱਕ ਅਦਾਲਤ ਨੇ ਵਿਜੈ ਮਾਲਿਆ ਅਤੇ ਕਿੰਗਫਿਸ਼ਰ ਏਅਰਲਾਈਨਜ਼ ਦੇ ਚੀਫ਼ ਫਾਇਨੈਂਸ਼ੀਅਲ ਅਫ਼ਸਰ ਏ ਰਘੁਨਾਥ ਵਿਰੁੱਧ ਗੈਰ-ਜ਼ਮਾਨਤੀ ਵਰੰਟ ਜਾਰੀ ਕੀਤਾ ਹੈ ਅਤੇ ਪੁਲਸ ਨੂੰ ਦੋਹਾਂ ਨੂੰ 13 ਅਪ੍ਰੈਲ ਨੂੰ ਅਦਾਲਤ 'ਚ ਪੇਸ਼ ਕਰਨ ਦਾ ਹੁਕਮ ਦਿੱਤਾ ਹੈ।