ਇਸ਼ਰਤ ਜਹਾਂ ਨਾਲ ਜੁੜੀਆਂ ਫ਼ਾਈਲਾਂ 'ਚ ਮਾਮੂਲੀ ਤਬਦੀਲੀ ਕੀਤੀ ਗਈ ਸੀ; ਚਿਦੰਬਰਮ ਨੇ ਮੰਨਿਆ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਸਾਬਕਾ ਖ਼ਜ਼ਾਨਾ ਮੰਤਰੀ ਪੀ. ਚਿਦੰਬਰਮ ਨੇ ਸਵੀਕਾਰ ਕੀਤਾ ਹੈ ਕਿ ਇਸ਼ਰਤ ਜਹਾਂ ਮਾਮਲੇ ਵਿੱਚ ਫ਼ਾਈਲ ਕੀਤੇ ਗਏ ਹਲਫ਼ਨਾਮਿਆਂ ਵਿੱਚ ਮਾਮੂਲੀ ਤਬਦੀਲੀ ਕੀਤੀ ਗਈ ਸੀ। ਪੀ. ਚਿਦੰਬਰਮ ਨੇ ਆਪਣੀ ਕਿਤਾਬ 'ਸਟੈਂਡਿੰਗ ਗਾਰਡ-ਏਜੀਅਰ ਇਨ ਆਪੋਜ਼ੀਸ਼ਨ' ਨੂੰ ਜਾਰੀ ਕਰਦਿਆਂ ਇੱਕ ਸਵਾਲ ਦਾ ਜਵਾਬ ਦਿੰਦਿਆਂ ਇਹ ਗੱਲ ਆਖੀ। ਉਨ੍ਹਾਂ ਸਵੀਕਾਰ ਕੀਤਾ ਕਿ ਭਾਸ਼ਾ ਦੇ ਮਿਆਰ ਵਿੱਚ ਸੋਧ ਲਈ ਕੇਵਲ ਮਾਮੂਲੀ ਆਡੀਟਿੰਗ ਕੀਤੀ ਗਈ ਸੀ। ਚਿਦੰਬਰਮ ਨੇ ਕਿਹਾ ਕਿ ਉਨ੍ਹਾਂ ਨੂੰ ਸਮਝਾਇਆ ਜਾਵੇ ਕਿ ਹਲਫ਼ਨਾਮੇ ਦਾ ਕਿਹੜਾ ਹਿੱਸਾ ਗਲਤ ਹੈ ਜਾਂ ਕਿਹੜਾ ਫ਼ਿਕਰਾ ਗ਼ਲਤ ਹੈ। ਉਨ੍ਹਾ ਕਿਹਾ ਕਿ ਮੇਰੇ ਵਿਰੁੱਧ ਕੋਈ ਵੀ ਦੋਸ਼ ਨਹੀਂ ਲਾ ਸਕਦਾ। ਉਨ੍ਹਾਂ ਕਿਹਾ ਕਿ ਜਿਹੜਾ ਅਫ਼ਸਰ ਇਹ ਕਹਿ ਰਿਹਾ ਹੈ ਕਿ ਉਹ ਹਲਫ਼ਨਾਮੇ ਬਾਰੇ ਕੁਝ ਨਹੀਂ ਜਾਣਦਾ, ਉਸ ਅਫ਼ਸਰ ਦੀ ਗੱਲ 13 ਜੁਲਾਈ 2013 ਨੂੰ ਦਰਜ ਰਿਕਾਰਡ ਵਿੱਚ ਹੈ ਕਿ ਦੂਜਾ ਹਫ਼ਲਨਾਮਾ ਪੂਰੀ ਤਰ੍ਹਾਂ ਨਿਆਂ ਸੰਗਤ ਹੈ। ਉਨ੍ਹਾ ਕਿਹਾ ਕਿ ਉਸ ਅਫ਼ਸਰ ਨੇ ਆਪਣਾ ਨਜ਼ਰੀਆ ਬਦਲ ਲਿਆ ਹੈ। ਚਿਦੰਬਰਮ ਨੇ ਕਿਹਾ ਕਿ ਇੱਕ ਆਜ਼ਾਦ ਦੇਸ਼ ਵਿੱਚ ਕਿਸੇ ਵੀ ਵਿਅਕਤੀ ਨੂੰ ਇਹ ਅਧਿਕਾਰ ਪ੍ਰਾਪਤ ਹੈ ਕਿ ਉਹ ਆਪਣਾ ਨਜ਼ਰੀਆ ਬਦਲ ਲਵੇ। ਉਨ੍ਹਾ ਕਿਹਾ ਕਿ ਦੂਸਰਾ ਹਲਫ਼ਨਾਮਾ ਅਟਾਰਨੀ ਜਨਰਲ ਨੇ ਤਿਆਰ ਕੀਤਾ ਸੀ।
ਉਨ੍ਹਾਂ ਕਿਹਾ ਕਿ ਦੂਜੇ ਹਲਫ਼ਨਾਮੇ ਦਾ ਕੋਈ ਵੀ ਹਿੱਸਾ ਗ਼ਲਤ ਨਹੀਂ ਹੈ। ਚਿਦੰਬਰਮ ਨੇ ਕਿਹਾ ਕਿ ਉਸ ਵੇਲੇ ਦੇ ਗ੍ਰਹਿ ਸਕੱਤਰ ਜੀ ਕੇ ਪਿੱਲੇ ਨੇ ਇਸ਼ਰਤ ਜਹਾਂ ਮਾਮਲੇ ਨਾਲ ਸੰਬੰਧਤ ਸਾਰੇ ਕਾਗ਼ਜ਼ਾਤ ਘੱਟੋ-ਘੱਟ ਤਿੰਨ ਵਾਰ ਦੇਖੇ ਸਨ। ਉਨ੍ਹਾ ਹੈਰਾਨੀ ਪ੍ਰਗਟ ਕੀਤੀ ਹੈ ਕਿ ਉਹ ਕਾਗ਼ਜ਼ਾਤ ਹੀ ਗੁੰਮ ਕਿਉਂ ਹੋ ਗਏ ਹਨ, ਜਿਨ੍ਹਾਂ ਤੋਂ ਸਾਫ਼ ਹੋ ਗਿਆ ਹੈ ਸਾਬਕਾ ਨੌਕਰਸ਼ਾਹ ਝੂਠ ਬੋਲ ਰਿਹਾ ਹੈ। ਉਨ੍ਹਾ ਕਿਹਾ ਕਿ ਅਟਾਰਨੀ ਜਨਰਲ ਨਾਲ ਦੇਸ਼ ਦੇ ਸਭ ਤੋਂ ਵੱਡੇ ਕਾਨੂੰਨੀ ਅਧਿਕਾਰੀ ਸਨ। ਉਨ੍ਹਾ ਕਿਹਾ ਕਿ ਜੇ ਅਟਾਰਨੀ ਜਨਰਲ ਵੱਲੋਂ ਪੇਸ਼ ਕੀਤਾ ਗਿਆ ਹਲਫ਼ਨਾਮੇ ਦਾ ਮਸੌਦਾ ਦੇਖ ਲਿਆ ਜਾਵੇ ਤਾਂ ਸਾਬਤ ਹੋ ਜਾਵੇਗਾ ਕਿ ਦੇਸ਼ ਦੇ ਸਭ ਤੋਂ ਵੱਡੇ ਕਾਨੂੰਨੀ ਅਧਿਕਾਰੀ ਅਟਾਰਨੀ ਜਨਰਲ ਨੇ ਹਲਫ਼ਨਾਮੇ ਦਾ ਮਸੌਦਾ ਦੇਖਿਆ ਸੀ।