ਕਬੱਡੀ ਖਿਡਾਰੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ

ਰੋਹਤਕ (ਨਵਾਂ ਜ਼ਮਾਨਾ ਸਰਵਿਸ)-ਕੌਮੀ ਪੱਧਰ ਦੇ ਕਬੱਡੀ ਖਿਡਾਰੀ ਦੀ ਰੋਹਤਕ ਦੇ ਰਿਠਾਲ ਪਿੰਡ 'ਚ ਹਥਿਆਰਾਂ ਨਾਲ ਲੈੱਸ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ, ਪਰ ਘਟਨਾ ਵਾਲੀ ਥਾਂ ਨੇੜੇ ਇੱਕ ਘਰ 'ਚ ਲੱਗੇ ਸੀ ਸੀ ਟੀ ਵੀ ਕੈਮਰਿਆਂ 'ਚ ਸਾਰੀ ਵਾਰਦਾਤ ਦੀਆਂ ਤਸਵੀਰਾਂ ਕੈਦ ਹੋ ਗਈਆਂ। 24 ਸਾਲਾ ਖਿਡਾਰੀ ਸੁਖਵਿੰਦਰ ਸਿੰਘ ਜਦੋਂ ਕਸਰਤ ਕਰਨ ਤੋਂ ਬਾਅਦ ਘਰ ਨੂੰ ਪਰਤ ਰਿਹਾ ਸੀ, ਉਸ ਵੇਲੇ ਉਸ ਨੂੰ ਗੋਲੀਆਂ ਮਾਰੀਆਂ ਗਈਆਂ।
ਪੁਲਸ ਦੇ ਇੱਕ ਅਫਸਰ ਨੇ ਦੱਸਿਆ ਹੈ ਕਿ ਸਕੂਟਰ 'ਤੇ ਆਏ ਦੋ ਵਿਅਕਤੀਆਂ ਨੇ ਸੁਖਵਿੰਦਰ ਸਿੰਘ ਦੇ ਘਰ ਦੇ ਨੇੜੇ ਪਿਸਤੌਲ ਨਾਲ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਸੀ ਸੀ ਟੀ ਵੀ ਫੁਟੇਜ 'ਚ ਘਰ ਪਰਤਦੇ ਸਮੇਂ ਆਪਣੇ ਟੈਲੀਫੋਨ 'ਤੇ ਕਿਸੇ ਨਾਲ ਗੱਲਾਂ ਕਰ ਰਿਹਾ ਸੀ। ਦੋ ਸਕੂਟਰ ਸਵਾਰ ਆਏ, ਉਸ ਦੇ ਸਿਰ ਤੇ ਛਾਤੀ ਉੱਪਰ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਵਜਦਿਆਂ ਹੀ ਸੁਖਵਿੰਦਰ ਜ਼ਮੀਨ ਉੱਪਰ ਡਿੱਗ ਪਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸੁਖਵਿੰਦਰ ਦੇ ਮਾਤਾ-ਪਿਤਾ ਅਨੁਸਾਰ ਉਸ ਦੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਸੀ।