Latest News

ਜਾਟ ਅੰਦੋਲਨ ਦੀ ਧਮਕੀ ਕਾਰਨ ਹਰਿਆਣਾ 'ਚ ਮੁੜ ਤਣਾਅ

Published on 17 Mar, 2016 12:12 PM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਹਰਿਆਣੇ ਦੇ ਜਾਟ ਭਾਈਚਾਰੇ ਵੱਲੋਂ ਸਰਕਾਰ ਨੂੰ ਦਿੱਤਾ ਗਿਆ ਅਲਟੀਮੇਟਮ ਅੱਜ ਰਾਤ ਖ਼ਤਮ ਹੋ ਗਿਆ। ਇਸ ਮਗਰੋਂ ਜਾਟਾਂ ਵੱਲੋਂ ਮੁੜ ਅੰਦੋਲਨ ਸ਼ੁਰੂ ਕਰਨ ਦੀ ਧਮਕੀ ਦੇ ਮੱਦੇਨਜ਼ਰ ਰਾਜ ਦੇ ਸੰਵੇਦਨਸ਼ੀਲ ਜ਼ਿਲ੍ਹਿਆਂ 'ਚ ਭਾਰੀ ਗਿਣਤੀ 'ਚ ਸੁਰੱਖਿਆ ਦਸਤੇ ਫਲੈਗ ਮਾਰਚ ਕਰ ਰਹੇ ਹਨ।
ਪਤਾ ਚੱਲਿਆ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਗੱਲ ਕੀਤੀ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਨੇ ਜਾਟ ਭਾਈਚਾਰੇ ਨੂੰ ਰਾਖਵੇਂਕਰਨ ਦਾ ਭਰੋਸਾ ਦਿੱਤਾ ਸੀ, ਪਰ ਹੁਣ ਤੱਕ ਇਸ 'ਤੇ ਕੋਈ ਫ਼ੈਸਲਾ ਨਹੀਂ ਆਇਆ।
ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਕੇਂਦਰ ਸਰਕਾਰ ਨੇ ਨੀਮ ਫ਼ੌਜੀ ਦਸਤਿਆਂ ਦੀਆਂ 80 ਕੰਪਨੀਆਂ ਸੂਬੇ 'ਚ ਭੇਜੀਆਂ ਹਨ। ਰੋਹਤਕ ਅਤੇ ਝੱਜਰ 'ਚ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ, ਜਿੱਥੇ ਜਾਟ ਅੰਦੋਲਨ ਦੌਰਾਨ ਵੱਡੀ ਪੱਧਰ 'ਤੇ ਤਬਾਹੀ ਹੋਈ ਸੀ। ਇਸੇ ਦੌਰਾਨ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਵਾਅਦੇ ਅਨੁਸਾਰ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ 'ਚ ਜਾਟ ਰਾਖਵੇਂਕਰਨ ਬਾਰੇ ਬਿੱਲ ਪੇਸ਼ ਕੀਤਾ ਜਾਵੇਗਾ। ਜਾਟਾਂ ਵੱਲੋਂ ਮੁੜ ਅੰਦੋਲਨ ਸ਼ੁਰੂ ਕਰਨ ਦੀ ਧਮਕੀ ਤਹਿਤ ਰੋਹਤਕ 'ਚ ਅਹਿਮ ਥਾਵਾਂ ਅਤੇ ਚੋਰਾਹਿਆਂ 'ਚ ਸੁਰੱਖਿਆ ਦਸਤੇ ਤਾਇਨਾਤ ਕੀਤੇ ਗਏ ਹਨ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਜਾਟ ਆਗੂ ਧਮਕੀ ਨਾ ਦੇਣ, ਜਾਟ ਬਿੱਲ ਵਿਧਾਨ ਸਭਾ 'ਚ ਜ਼ਰੂਰ ਪੇਸ਼ ਕੀਤਾ ਜਾਵੇਗਾ।
ਹਰਿਆਣਾ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਪੀ ਕੇ ਦਾਸ ਨੇ ਕਿਹਾ ਕਿ ਰਿਪੋਰਟਾਂ ਮਿਲੀਆਂ ਹਨ ਕਿ ਵੱਖ-ਵੱਖ ਥਾਵਾਂ 'ਤੇ ਜਾਟ ਅੰਦੋਲਨਕਾਰੀ ਇਕੱਠਾ ਹੋ ਰਹੇ ਹਨ। ਉਨ੍ਹਾ ਕਿਹਾ ਕਿ ਬਿੱਲ ਅੱਜ ਵਿਧਾਨ ਸਭਾ 'ਚ ਪੇਸ਼ ਕੀਤੇ ਜਾਣ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇਸ ਸੈਸ਼ਨ 'ਚ ਬਿੱਲ ਜ਼ਰੂਰ ਪੇਸ਼ ਕੀਤਾ ਜਾਵੇਗਾ।
ਜਾਟਾਂ ਵੱਲੋਂ ਅੰਦੋਲਨ ਦੀ ਧਮਕੀ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਨੇ ਅਹਿਮ ਥਾਵਾਂ 'ਤੇ ਤਾਇਨਾਤੀ ਲਈ ਕੇਂਦਰ ਸਰਕਾਰ ਤੋਂ ਨੀਮ ਫ਼ੌਜੀ ਦਸਤਿਆਂ ਦੀ ਮੰਗ ਕੀਤੀ ਹੈ। ਉਨ੍ਹਾ ਦਸਿਆ ਕਿ ਸੂਬੇ 'ਚ ਹੋਰਨਾ ਥਾਵਾਂ ਤੋਂ ਵੀ ਪੁਲਸ ਫ਼ੋਰਸ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਲੋੜ ਅਨੁਸਾਰ ਸੁਰੱਖਿਆ ਦਸਤੇ ਤਾਇਨਾਤ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੋਏ ਜਾਟ ਅੰਦੋਲਨ ਨੂੰ ਕੰਟਰੋਲ ਕਰਨ 'ਚ ਨਾਕਾਮ ਰਹਿਣ 'ਤੇ ਹਰਿਆਣਾ ਪੁਲਸ ਦੀ ਨੁਕਤਾਚੀਨੀ ਹੋਈ ਸੀ ਅਤੇ ਅੰਦੋਲਨ ਦੌਰਾਨ 30 ਵਿਅਕਤੀ ਮਾਰੇ ਗਏ ਸਨ। ਹਰਿਆਣਾ ਸਰਕਾਰ ਨੇ ਰੋਹਤਕ ਦੇ ਉਸ ਸਮੇਂ ਦੇ ਆਈ ਜੀ ਸ੍ਰੀਕਾਂਤ ਜਾਸਟ ਨੂੰ ਮੁਅੱਤਲ ਕਰ ਦਿੱਤਾ। ਅੰਦੋਲਨ ਦੌਰਾਨ ਰੋਹਤਕ, ਝੱਜਰ, ਕੈਥਲ, ਜੀਂਦ, ਸੋਨੀਪਤ ਅਤੇ ਭਿਵਾਨੀ 'ਚ ਵੱਡੀ ਪੱਧਰ 'ਤੇ ਸਾੜ-ਫੂਕ ਅਤੇ ਹਿੰਸਾ ਕੀਤੀ ਗਈ ਸੀ।
ਆਲ ਇੰਡੀਆ ਜਾਟ ਸੰਘਰਸ਼ ਕਮੇਟੀ ਦੀ ਅਗਵਾਈ 'ਚ ਸੂਬੇ ਦੇ ਜਾਟ ਭਾਈਚਾਰੇ ਨੇ ਧਮਕੀ ਦਿੱਤੀ ਹੈ ਕਿ ਜੇ ਸੂਬਾ ਸਰਕਾਰ ਨੇ 17 ਮਾਰਚ ਤੱਕ ਉਨ੍ਹਾ ਦੀਆਂ ਮੰਗਾਂ ਨਾ ਮੰਨੀਆ ਤਾਂ ਮੁੜ ਅੰਦੋਲਨ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾ ਦੀ ਮੰਗ ਹੈ ਕਿ ਜਾਟਾਂ ਨੂੰ ਨੌਕਰੀਆਂ ਅਤੇ ਸਿੱਖਿਆ ਸੰਸਥਾਵਾਂ 'ਚ 10 ਫ਼ੀਸਦੀ ਰਾਖਵਾਂਕਰਨ ਦਿੱਤਾ ਜਾਵੇ, ਪ੍ਰਦਰਸ਼ਨਕਾਰੀਆਂ ਵਿਰੁੱਧ ਦਰਜ ਮਾਮਲੇ ਵਾਪਸ ਲੈ ਲਏ ਜਾਣ, ਅੰਦੋਲਨ ਦੌਰਾਨ ਮਾਰੇ ਗਏ ਲੋਕਾਂ ਦੇ ਪਰਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਕੁਰੂਕਸ਼ੇਤਰ ਤੋਂ ਭਾਜਪਾ ਐਮ ਪੀ ਰਾਜ ਕੁਮਾਰ ਸੈਣੀ ਵਿਰੁੱਧ ਕਾਰਵਾਈ ਕੀਤੀ ਜਾਵੇ। ਕਮੇਟੀ ਦੇ ਮੁਖੀ ਯਸ਼ਪਾਲ ਮਲਿਕ ਨੇ ਕਿਹਾ ਕਿ ਅੰਦੋਲਨ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ।

637 Views

e-Paper