ਪੀ ਡੀ ਪੀ-ਭਾਜਪਾ ਗੱਲਬਾਤ ਫੇਲ੍ਹ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜੰਮੂ ਕਸ਼ਮੀਰ 'ਚ ਸਰਕਾਰ ਦੇ ਗਠਨ ਨੂੰ ਲੈ ਕੇ ਪੀ ਡੀ ਪੀ-ਭਾਜਪਾ ਵਿਚਕਾਰ ਜਾਰੀ ਗੱਲਬਾਤ ਟੁੱਟ ਗਈ ਹੈ। ਪੀ ਡੀ ਪੀ ਸੂਤਰਾਂ ਨੇ ਗੱਲਬਾਤ ਫੇਲ੍ਹ ਹੋਣ ਦੀ ਪੁਸ਼ਟੀ ਕੀਤੀ ਹੈ ਅਤੇ ਇਸੇ ਤਰ੍ਹਾਂ ਦੇ ਸੰਕੇਤ ਦਿੰਦਿਆਂ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ ਕਿ ਸਰਕਾਰ ਬਣਾਉਣ ਲਈ ਹੁਣ ਨਵੀਆਂ ਮੰਗਾਂ ਮੰਨਣਾ ਸੰਭਵ ਨਹੀਂ ਹੈ। ਉਨ੍ਹਾ ਕਿਹਾ ਕਿ ਮੁਫਤੀ ਦੀ ਮੌਤ ਮਗਰੋਂ ਪੀ ਡੀ ਪੀ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਦੀ ਭਾਲ ਕਰ ਰਹੀ ਹੈ, ਪਰ ਅਜੇ ਤੱਕ ਹਾਲਾਤ ਬਦਲੇ ਨਹੀਂ ਹਨ। ਉਨ੍ਹਾ ਕਿਹਾ ਕਿ ਭਾਜਪਾ ਉਨ੍ਹਾ ਸ਼ਰਤਾਂ 'ਤੇ ਹੀ ਸਹਿਮਤ ਹੈ, ਜਿਹੜੀਆਂ ਮੁਫਤੀ ਵੇਲੇ ਮੰਨੀਆਂ ਗਈਆਂ ਸਨ।
ਇਸ ਤੋਂ ਪਹਿਲਾਂ ਅੱਜ ਪੀ ਡੀ ਪੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਸੂਤਰਾਂ ਅਨੁਸਾਰ ਮੁਫ਼ਤੀ ਬਿਨਾਂ ਸੁਰੱਖਿਆ ਤੋਂ ਇੱਕ ਕਾਰ ਰਾਹੀਂ ਅਮਿਤ ਸ਼ਾਹ ਦੀ ਰਿਹਾਇਸ਼ 'ਤੇ ਪੁੱਜੀ, ਜਿੱਥੇ ਦੋਹਾਂ ਵਿਚਕਾਰ ਤਕਰੀਬਨ ਅੱਧਾ ਘੰਟਾ ਗੱਲਬਾਤ ਹੋਈ।
ਇਹਨਾਂ ਸੂਤਰਾਂ ਦਾ ਕਹਿਣਾ ਹੈ ਕਿ ਮੁਫ਼ਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰੇਗੀ, ਪਰ ਇਹ ਮੁਲਾਕਾਤ ਉਸ ਵੇਲੇ ਹੋਵੇਗੀ, ਜਦੋਂ ਸਰਕਾਰ ਦੇ ਗਠਨ 'ਤੇ ਅਮਿਤ ਸ਼ਾਹ ਅਤੇ ਮਹਿਬੂਬਾ ਮੁਫ਼ਤੀ ਮੋਹਰ ਲਾ ਦੇਣਗੇ।
ਉਨ੍ਹਾ ਕਿਹਾ ਕਿ ਪੀ ਡੀ ਪੀ ਸਰਕਾਰ ਦੇ ਗਠਨ ਲਈ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਦੇ ਉਸ ਬਿਆਨ 'ਤੇ ਜ਼ੋਰ ਦੇ ਸਕਦੀ ਹੈ, ਜਿਸ 'ਚ ਉਨ੍ਹਾ ਕਿਹਾ ਸੀ ਕਿ ਸੂਬੇ 'ਚ ਸਾਰੇ ਪ੍ਰਾਜੈਕਟਾਂ ਦੇ ਕੰਮ 'ਚ ਤੇਜ਼ੀ ਲਿਆਂਦੀ ਜਾਵੇਗੀ। ਪੀ ਡੀ ਪੀ ਨੇ ਮੁਫ਼ਤੀ ਮੁਹੰਮਦ ਸਈਦ ਦੀ ਮੌਤ ਮਗਰੋਂ ਆਪਣਾ ਰੁਖ ਸਖ਼ਤ ਕਰ ਲਿਆ ਸੀ ਅਤੇ ਗੱਠਜੋੜ ਸਰਕਾਰ ਦੇ ਗਠਨ ਤੋਂ ਪਹਿਲਾਂ ਸੂਬੇ ਲਈ ਠੋਸ ਯੋਜਨਾਵਾਂ ਦੀ ਮੰਗ ਕੀਤੀ ਸੀ।
ਇਸੇ ਦੌਰਾਨ ਪਤਾ ਚੱਲਿਆ ਹੈ ਕਿ ਸੂਬੇ ਦੇ ਸਾਬਕਾ ਵਿੱਤ ਮੰਤਰੀ ਹਸੀਬ ਭਾਜਪਾ-ਪੀ ਡੀ ਪੀ ਨੂੰ ਨੇੜੇ ਲਿਆਉਣ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ। ਜ਼ਿਕਰਯੋਗ ਹੈ ਕਿ 87 ਮੈਂਬਰੀ ਵਿਧਾਨ ਸਭਾ 'ਚ ਪੀ ਡੀ ਪੀ ਦੇ 27 ਅਤੇ ਭਾਜਪਾ ਦੇ 25 ਵਿਧਾਇਕ ਹਨ।
ਜ਼ਿਕਰਯੋਗ ਹੈ ਕਿ ਮੁਫ਼ਤੀ ਮੁਹੰਮਦ ਸਈਦ ਦੀ ਮੌਤ ਮਗਰੋਂ ਮਹਿਬੂਬਾ ਨੇ ਸਰਕਾਰ ਨਾ ਬਣਾਉਣ ਦਾ ਫ਼ੈਸਲਾ ਕੀਤਾ ਸੀ, ਜਿਸ ਮਗਰੋਂ ਸੂਬੇ 'ਚ 8 ਜਨਵਰੀ ਨੂੰ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ।