Latest News

ਖਾਲਿਦ ਤੇ ਅਨਿਰਬਾਨ ਨੂੰ ਵੀ ਜ਼ਮਾਨਤ

Published on 18 Mar, 2016 11:32 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਅਦਾਲਤ ਨੇ ਦੇਸ਼ ਧਰੋਹ ਦੇ ਮਾਮਲੇ 'ਚ ਦੋਸ਼ੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਉਮਰ ਖਾਲਿਦ ਅਤੇ ਅਨਿਰਬਾਨ ਭੱਟਾਚਾਰਿਆਂ ਨੂੰ ਕੁਝ ਸ਼ਰਤਾਂ ਨਾਲ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਦੋਹਾਂ ਨੂੰ 25-25 ਹਜ਼ਾਰ ਦੇ ਨਿੱਜੀ ਮੁੱਚਲਕੇ 'ਤੇ ਜ਼ਮਾਨਤ ਦਿੱਤੀ ਗਈ ਹੈ। ਪਟਿਆਲਾ ਹਾਊਸ ਅਦਾਲਤ ਨੇ ਦੋਹਾਂ ਨੂੰ 6 ਮਹੀਨਿਆਂ ਲਈ ਜ਼ਮਾਨਤ ਦਿੱਤੀ ਹੈ। ਜ਼ਿਕਰਯੋਗ ਹੈ ਕਿ 12 ਫ਼ਰਵਰੀ ਨੂੰ ਦਿੱਲੀ ਪੁਲਸ ਨੇ ਜੇ ਐਨ ਯੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਨੂੰ ਦੇਸ਼ ਧਰੋਹ ਅਤੇ ਅਪਰਾਧਿਕ ਸਾਜ਼ਿਸ਼ ਦੇ ਸੰਬੰਧ 'ਚ ਗ੍ਰਿਫ਼ਤਾਰ ਕੀਤਾ ਸੀ। ਇਹ ਕੇਸ ਯੂਨੀਵਰਸਿਟੀ 'ਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਦੇਸ਼ ਵਿਰੋਧੀ ਨਾਅਰੇਬਾਜ਼ੀ ਨੂੰ ਲੈ ਕੇ ਦਰਜ ਕੀਤਾ ਗਿਆ ਸੀ। ਮਗਰੋਂ ਉਮਰ ਖਾਲਿਦ ਅਤੇ ਅਨਿਰਬਾਨ ਨੇ ਪੁਲਸ ਸਾਹਮਣੇ ਆਤਮ ਸਮੱਰਪਣ ਕਰ ਦਿੱਤਾ ਸੀ, ਜਿਸ 'ਤੇ ਅਦਾਲਤ ਨੇ ਉਨ੍ਹਾ ਨੂੰ ਅਦਾਲਤੀ ਹਿਰਾਸਤ 'ਚ ਭੇਜ ਦਿੱਤਾ ਸੀ। ਜ਼ਿਕਰਯੋਗ ਹੈ ਕਿ ਕਨ੍ਹੱਈਆ ਕੁਮਾਰ ਨੂੰ ਦੇਸ਼ ਧਰੋਹ ਦੇ ਮਾਮਲੇ 'ਚ ਪਹਿਲਾਂ ਹੀ ਅੰਤਰਿਮ ਜ਼ਮਾਨਤ ਮਿਲ ਚੁੱਕੀ ਹੈ। ਆਪਣੇ ਫ਼ੈਸਲ 'ਚ ਅਦਾਲਤ ਨੇ ਕਿਹਾ ਕਿ ਦੋਵੇਂ ਬਿਨਾਂ ਇਜਾਜ਼ਤ ਦਿੱਲੀ ਤੋਂ ਬਾਹਰ ਨਹੀਂ ਜਾਣਗੇ ਅਤੇ ਜਾਂਚ ਅਧਿਕਾਰੀ ਦੇ ਕਹਿਣ 'ਤੇ ਜਾਂਚ 'ਚ ਸ਼ਾਮਲ ਹੋਣਗੇ। ਅਦਾਲਤ ਨੇ ਕਿਹਾ ਕਿ ਦੋਹਾਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ, ਇਸ ਲਈ ਇਹ ਨਹੀਂ ਲੱਗਦਾ ਕਿ ਉਹ ਕਾਨੂੰਨ ਤੋਂ ਦੌੜ ਜਾਣਗੇ। ਕਨੱ੍ਹਈਆ ਨੂੰ ਜ਼ਮਾਨਤ ਦੇ ਅਧਾਰ 'ਤੇ ਉਨ੍ਹਾ ਨੂੰ ਵੀ ਜ਼ਮਾਨਤ ਮਿਲਣੀ ਚਾਹੀਦੀ ਹੈ। ਉਧਰ ਪੁਲਸ ਨੇ ਕਿਹਾ ਕਿ ਘਟਨਾ ਦੇ ਦਿਨ ਦਾ ਵੀਡੀਉ ਜਾਂਚ ਲਈ ਫਾਰੈਂਸਿਕ ਲੈਬ ਭੇਜਿਆ ਗਿਆ ਹੈ, ਜਿਸ ਦੀ ਰਿਪੋਰਟ ਆਉਣ 'ਚ ਸਮਾਂ ਲਗੇਗਾ। ਦੋਹਾਂ ਨੇ ਆਪਣੀ ਜ਼ਮਾਨਤ ਅਰਜ਼ੀ 'ਚ ਕਿਹਾ ਹੈ ਕਿ ਜਾਂਚ ਏਜੰਸੀਆਂ ਨੂੰ ਹੁਣ ਤੱਕ ਉਨ੍ਹਾ ਵਿਰੁੱਧ ਕੋਈ ਠੋਸ ਸਬੂਤ ਨਹੀਂ ਮਿਲਿਆ ਅਤੇ ਕਨ੍ਹੱਈਆ ਨੂੰ ਜ਼ਮਾਨਤ ਮਿਲ ਚੁੱਕੀ ਹੈ ਇਸ ਲਈ ਉਨ੍ਹਾ ਨੂੰ ਵੀ ਜ਼ਮਾਨਤ ਦਿੱਤੀ ਜਾਵੇ।

612 Views

e-Paper