ਭਾਜਪਾ ਨਾਲ ਗੱਲਬਾਤ ਦੇ ਦਰਵਾਜ਼ੇ ਬੰਦ ਨਹੀਂ ਕੀਤੇ ਗਏ : ਪੀ ਡੀ ਪੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜੰਮੂ-ਕਸ਼ਮੀਰ 'ਚ ਸਰਕਾਰ ਬਣਾਉਣ ਲਈ ਦੋਹਾਂ ਧਿਰਾਂ 'ਚ ਗੱਲਬਾਤ ਨਾਕਾਮ ਰਹਿਣ ਮਗਰੋਂ ਭਾਜਪਾ ਵੱਲ ਹੱਥ ਵਧਾਉਂਦਿਆਂ ਪੀ ਡੀ ਪੀ ਨੇ ਕਿਹਾ ਹੈ ਕਿ ਸਾਡੇ ਦਰਵਾਜ਼ੇ ਬੰਦ ਨਹੀਂ ਹੋਏ ਹਨ।
ਜ਼ਿਕਰਯੋਗ ਹੈ ਕਿ ਕੱਲ੍ਹ ਸੂਬੇ 'ਚ ਗੱਠਜੋੜ ਸਰਕਾਰ ਦੇ ਗਠਨ ਲਈ ਕੀਤੇ ਜਾ ਰਹੇ ਯਤਨ ਨਾਕਾਮ ਹੋ ਗਏ ਸਨ, ਜਦੋਂ ਭਾਜਪਾ ਨੇ ਕਿਹਾ ਸੀ ਕਿ ਸ਼ਰਤਾਂ ਦੇ ਅਧਾਰ 'ਤੇ ਸਰਕਾਰ ਨਹੀਂ ਬਣੇਗੀ। ਅੱਜ ਇਸ ਘਟਨਾਕ੍ਰਮ 'ਤੇ ਆਪਣੀ ਪ੍ਰਤੀਕ੍ਰਿਆ 'ਚ ਪੀ ਡੀ ਪੀ ਦੇ ਐਮ ਪੀ ਮੁਜ਼ੱਫ਼ਰ ਹੁਸੈਨ ਬੇਗ ਨੇ ਕਿਹਾ ਕਿ ਦੋਹਾਂ ਧਿਰਾਂ ਵਿਚਕਾਰ ਗੱਲਬਾਤ ਦੌਰਾਨ ਕੋਈ ਨਵੀਂ ਮੰਗ ਨਹੀਂ ਰੱਖੀ ਗਈ। ਬੇਗ ਨੇ ਕਿਹਾ ਕਿ ਅਸੀਂ ਜੋ ਕੁਝ ਮੰਗਿਆ ਹੈ, ਉਹ ਗੱਠਜੋੜ ਦੇ ਏਜੰਡੇ ਦਾ ਹਿੱਸਾ ਹਨ। ਉਦਾਹਰਣ ਦਿੰਦਿਆਂ ਉਨ੍ਹਾ ਕਿਹਾ ਕਿ ਦੋ ਪਾਵਰ ਪ੍ਰਾਜੈਕਟਾਂ ਨੂੰ ਫ਼ੌਜ ਵੱਲੋਂ ਕਬਜ਼ੇ ਲਈ ਗਈ ਜ਼ਮੀਨ ਵਾਪਸ ਆਏ ਪੁਰਾਣੇ ਦਸਤਾਵੇਜ਼ ਦਾ ਹਿੱਸਾ ਹਨ, ਜਿਸ ਨੂੰ ਸਵਰਗੀ ਮੁਫ਼ਤੀ ਮੁਹੰਮਦ ਸਈਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਵਾਨਗੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਕੱਲ੍ਹ ਭਾਜਪਾ ਦੇ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ ਸੀ ਕਿ ਸਰਕਾਰ ਨੂੰ ਲੈ ਕੇ ਦੋਹਾਂ ਪਾਰਟੀਆਂ 'ਚ ਡੈਡਲਾਕ ਜਾਰੀ ਹੈ।