Latest News
ਕਿਸਾਨਾਂ ਦੇ ਚਿਹਰੇ ਮੁੜ ਮੁਰਝਾਏ ਐੱਸ ਵਾਈ ਐੱਲ ਮੁੱਦਾ; ਨਹਿਰ 'ਤੇ ਚੱਲਦੀਆਂ ਜੇ ਸੀ ਬੀ ਮਸ਼ੀਨਾਂ ਗਾਇਬ

Published on 19 Mar, 2016 11:27 AM.

ਸ੍ਰੀ ਚਮਕੌਰ ਸਾਹਿਬ (ਪਰਮਜੀਤ ਕੌਰ)
ਪੰਜਾਬ ਸਰਕਾਰ ਵੱਲੋਂ ਐੱਸ ਵਾਈ ਐੱਲ ਨਹਿਰ ਅਧੀਨ ਆਈ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਦਾ ਮਤਾ ਵਿਧਾਨ ਸਭਾ ਵਿੱਚ ਪਾਸ ਕਰਨ ਪਿੱਛੋਂ ਕਿਸਾਨਾਂ ਵੱਲੋਂ ਬਿਨਾਂ ਰਾਜਪਾਲ ਦੀ ਪ੍ਰਵਾਨਗੀ ਉਡੀਕਿਆਂ ਬੀਤੇ ਦਿਨ ਵਿੱਚ ਨਹਿਰ ਨੂੰ ਜ਼ਮੀਨ ਵਿੱਚ ਮਿਲਾਉਣ ਦਾ ਕੰਮ ਜ਼ੋਰਾਂ 'ਤੇ ਚਲਾ ਦਿੱਤਾ ਗਿਆ ਸੀ। ਕਥਿਤ ਤੌਰ 'ਤੇ ਸੱਤਾਧਾਰੀ ਸਿਆਸੀ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਦਰਜਨਾਂ ਦੀ ਗਿਣਤੀ ਵਿੱਚ ਨਜ਼ਦੀਕੀ ਪਿੰਡ ਸਲੇਮਪੁਰ, ਸਾਂਤਪੁਰ, ਸਾਲਾਪੁਰ ਆਦਿ ਵਿੱਚ ਜੇ ਸੀ ਬੀ ਮਸ਼ੀਨਾਂ ਨਹਿਰ ਦੇ ਬੰਨ੍ਹਿਆਂ ਨੂੰ ਢਾਹ ਕੇ ਖੇਤਾਂ ਵਿੱਚ ਬਦਲਣ ਲਈ ਲੱਗ ਗਈਆਂ ਸਨ, ਪ੍ਰੰਤੂ ਬੀਤੇ ਦਿਨ ਸੁਪਰੀਮ ਕੋਰਟ ਵੱਲੋਂ ਨਹਿਰ ਨੂੰ ਪੱਧਰਾ ਕਰਨ ਦੇ ਪੰਜਾਬ ਵਿਧਾਨ ਸਭਾ ਦੇ ਫੈਸਲੇ 'ਤੇ 31 ਮਾਰਚ ਤੱਕ ਰੋਕ ਲਗਾਉਣ ਨਾਲ ਇਹ ਚੱਲਦੀਆਂ ਮਸ਼ੀਨਾਂ ਤਾਂ ਐੱਸ ਵਾਈ ਐੱਲ ਨਹਿਰ ਦੇ ਕਿਨਾਰਿਆਂ ਤੋਂ ਗਾਇਬ ਤਾਂ ਹੋ ਗਈਆਂ, ਪਰ ਨਾਲ ਦੀ ਨਾਲ ਗਰੀਬ ਕਿਸਾਨਾਂ, ਜਿਨ੍ਹਾਂ ਦੀ ਜ਼ਮੀਨ 30-35 ਸਾਲ ਪਹਿਲਾਂ ਇਸ ਨਹਿਰ ਨੇ ਨਿਗਲ ਲਈ ਸੀ, ਦੇ ਚਿਹਰਿਆਂ 'ਤੇ ਪਰਤੀ ਰੌਣਕ ਵੀ ਗਾਇਬ ਹੋ ਗਈ। ਮੁੜ ਮੁਰਝਾਏ ਚਿਹਰਿਆਂ ਵਾਲੇ ਪਿੰਡ ਸਲੇਮਪੁਰ ਦੇ ਕਿਸਾਨ ਮਨਜੀਤ ਸਿੰਘ, ਧੀਰਾ ਸਿੰਘ, ਜਸਵੰਤ ਸਿੰਘ, ਮਹਿੰਦਰ ਸਿੰਘ, ਸਵਰਨ ਸਿੰਘ, ਪਾਲ ਸਿੰਘ ਤੇ ਹਰਨੇਕ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਵੱਲੋਂ ਮਤਾ ਪਾਸ ਹੁੰਦਿਆਂ ਹੀ ਇਲਾਕੇ ਦੇ ਸੱਤਾਧਾਰੀ ਆਗੂਆਂ ਦੀ ਹੱਲਾਸ਼ੇਰੀ ਸਦਕਾ ਭੇਜੀਆਂ ਮਸ਼ੀਨਾਂ ਨਾਲ ਉਨ੍ਹਾਂ ਇਸ ਆਸ ਨਾਲ ਕੰਮ ਆਰੰਭਿਆ ਸੀ ਕਿ ਚਿਰਾਂ ਬਾਅਦ ਉਨ੍ਹਾਂ ਦੀ ਜ਼ਮੀਨ ਵਾਪਸ ਮਿਲ ਜਾਵੇਗੀ, ਪ੍ਰੰਤੂ ਸੁਪਰੀਮ ਕੋਰਟ ਦੀ ਰੋਕ ਨੇ ਉਨ੍ਹਾਂ ਦੀਆਂ ਆਸਾਂ 'ਤੇ ਪਾਣੀ ਹੀ ਫੇਰ ਦਿੱਤਾ ਹੈ। ਕੁਝ ਕਿਸਾਨਾਂ ਦਾ ਕਹਿਣਾ ਹੈ ਕਿ ਰਾਜਪਾਲ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਇਸ ਕਾਰਜ ਵਿੱਚ ਕਾਹਲੀ ਕਰਨ ਕਰਕੇ ਹੀ ਸੁਪਰੀਮ ਕੋਰਟ ਨੇ ਇਹ ਹੁਕਮ ਜਾਰੀ ਕੀਤੇ ਹਨ ਅਤੇ ਇਹ ਸਭ ਪੰਜਾਬ ਸਰਕਾਰ ਦੀ ਗਿਣੀਮਿੱਥੀ ਸਕੀਮ ਤਹਿਤ ਹੀ ਵਾਪਰਿਆ ਹੈ। ਕਿਸਾਨਾਂ ਨੂੰ ਹੁਣ ਇਹ ਡਰ ਵੀ ਸਤਾ ਰਿਹਾ ਹੈ ਕਿ ਜਦੋਂ ਸੁਪਰੀਮ ਕੋਰਟ ਵੱਲੋਂ ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਵਿੱਚ ਪੰਜਾਬ ਦੇ ਮੁੱਖ ਸਕੱਤਰ ਤੇ ਡੀ ਜੀ ਪੀ ਪੰਜਾਬ ਨੂੰ ਨਹਿਰ ਦਾ ਖੁਰਾਖੋਰ ਮਿਟਾਉਣ ਦਾ ਕੰਮ ਰੋਕਣ ਲਈ ਹੁਕਮ ਜਾਰੀ ਕੀਤੇ ਹਨ ਤਾਂ ਕਿ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਾ ਹੋ ਜਾਵੇ। ਕੁਲ ਮਿਲਾ ਕੇ ਭਾਵੇਂ ਕਿ ਵਿਧਾਨ ਸਭਾ ਵਿੱਚ ਕਿਸਾਨ ਪੱਖੀ ਇਸ ਮਤੇ ਨੂੰ ਪਾਸ ਕਰਵਾ ਕੇ ਸਰਕਾਰ ਨੇ ਆਪਣੀ ਸਾਖ ਨੂੰ ਬਚਾ ਲਿਆ ਹੈ, ਪਰ ਕੀ ਇਸ ਨਾਲ ਐੱਸ ਵਾਈ ਐੱਲ ਨਹਿਰ ਪੀੜਤ ਕਿਸਾਨਾਂ ਦੀ ਜਾਗੀ ਆਸ ਵੀ ਬਚੇਗੀ ਜਾਂ ਫਿਰ ਉਨ੍ਹਾਂ ਦੇ ਸੁਪਨੇ ਸਿਆਸੀ ਭੁਚਾਲ ਵਿੱਚ ਹੇਠਾਂ ਹੀ ਦੱਬ ਕੇ ਰਹਿ ਜਾਣਗੇ? ਇਹ ਵੇਖਣ ਵਾਲੀ ਗੱਲ ਹੋਵੇਗੀ।

541 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper