ਵਿਜੈ ਬੰਬੇਲੀ ਵੱਲੋਂ ਮਸ਼ੀਨਰੀ ਫ਼ੰਡ 'ਚ ਹਿੱਸਾ

ਜਲੰਧਰ (ਨਵਾਂ ਜ਼ਮਾਨਾ ਸਰਵਿਸ)
''ਮੌਜੂਦਾ ਸਿਸਟਮ ਬਹੁ-ਪਰਤੀ ਨੁਕਸਾਨ ਕਰ ਰਿਹਾ ਹੈ, ਸਮਾਜ ਦਾ ਵੀ ਅਤੇ ਕੁਦਰਤ ਦਾ ਵੀ। ਮਿਹਨਤਕਸ਼ ਤੇ ਲਤਾੜੇ ਬੰਦੇ ਦਾ ਇਹ ਨਿਜ਼ਾਮ ਵੱਧ ਵੈਰੀ ਹੈ। ਪਰ ਇਹ ਐਨਾ ਤਕੜਾ ਨਹੀਂ, ਜਿੰਨਾ ਭਰਮ ਪਾਲਿਆ ਜਾ ਰਿਹਾ ਹੈ। ਇੱਕ ਹਾਰਦਿਕ ਪਟੇਲ ਉੱਠਦਾ ਹੈ ਤਾਂ ਇਸ ਦਾ ਕਾਰਪੋਰੇਟ ਮਾਡਲ ਦਾ ਗੁਬਾਰਾ ਫਟ ਜਾਂਦਾ ਹੈ। ਰੋਹਿਤ ਵੇਮੁੱਲਾ ਦਾ ਮਹਿਜ਼ ਤੇਰਾਂ ਲਾਇਨਾ ਦਾ ਖਤ ਇਸ ਨੂੰ ਸਫ਼ਾਈਆਂ ਦੇਣ ਲਈ ਮਜਬੂਰ ਕਰ ਦਿੰਦਾ ਹੈ। ਕਨੱ੍ਹਈਆ ਦਾ ਭਾਸ਼ਣ ਇਸ ਨੂੰ ਘੁੰਮੇਟਣੀਆਂ ਲਿਆ ਦਿੰਦਾ ਹੈ ਅਤੇ ਉਮਰ ਖਾਲਿਦ ਦਾ ਸਿਰਫ਼ ਦੋ ਲਾਇਨਾ ਦਾ ਬਿਆਨ ਇਸ ਦਾ ਥੋਥਾਪਣ ਨੰਗਾ ਕਰ ਦਿੰਦਾ ਹੈ, ਜਦ ਉਹ ਕਹਿੰਦਾ ਹੈ ਕਿ -'ਮੈਂ ਤਾਂ ਆਪਣੇ ਆਪ ਨੂੰ ਸਿਰਫ਼ ਮਨੁੱਖ ਹੀ ਸਮਝਦਾ ਸੀ, ਇਹ ਚੀਕਦੇ ਹਨ ਕਿ ਤੂੰ ਮੁਸਲਿਮ ਹੈ, ਮੈਂ ਆਪਣੇ ਆਪ ਨੂੰ ਹੁਣ ਤੱਕ ਭਾਰਤੀ ਹੀ ਕਹਾਉਂਦਾ ਸੀ, ਪਰ ਇਹ ਐਲਾਨ ਕਰਦੇ ਹਨ, ਨਹੀਂ; ਤੂੰ ਕਸ਼ਮੀਰੀ ਹੈ।' ਇਹ ਚਾਰੇ ਮਹਿਜ਼ ਪੰਝੀ ਕੁ ਵਰ੍ਹਿਆਂ ਦੇ ਗਭਰੂਟ ਹਨ, ਜਿਹੜੇ ਇਸ ਪ੍ਰਬੰਧ ਨੂੰ ਪਰ੍ਹੇ 'ਚ ਨੰਗਾ ਕਰ ਦਿੰਦੇ ਹਨ। ਇਹ ਜਰ-ਜਰ ਹੈ, ਇਸ ਨੂੰ ਢਹਿ-ਢੇਰੀ ਕੀਤਾ ਜਾ ਸਕਦਾ ਹੈ-ਜੇ ਜਮਹੂਰੀ, ਜਾਤ-ਧਰਮ ਨਿਰਪੱਖ, ਇਨਕਲਾਬੀ ਤੇ ਕੁਦਰਤ ਪੱਖੀ ਤਾਕਤਾਂ ਇੱਕ-ਮੁੱਕ ਹੋ ਜਾਣ। ਬਿਨਾਂ ਸ਼ੱਕ ਅਸੀਂ ਪਾਟੇ ਹੋਏ ਹਾਂ, ਸਾਡੀ ਫੁੱਟ ਇਸ ਨਿਜ਼ਾਮ ਦੀ ਉਮਰ ਲੰਮੇਰੀ ਕਰ ਰਹੀ ਹੈ, ਤਕੜਾਈ ਬਖਸ਼ ਰਹੀ ਹੈ ਇਸ ਨੂੰ। ਨਵਾਂ ਜ਼ਮਾਨਾ ਅਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਰਗੇ ਅਦਾਰੇ ਵੀ ਸਾਨੂੰ 'ਕੱਠੇ ਹੋਣ ਦਾ ਥੜ੍ਹਾ ਪ੍ਰਦਾਨ ਕਰਦੇ ਹਨ।'' ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਨਵਾਂ ਜ਼ਮਾਨਾ ਮਸ਼ੀਨਰੀ ਫੰਡ 'ਚ ਹਿੱਸਾ ਪਾਉਣ ਆਏ ਸੀ ਵਿਜੈ ਬੰਬੇਲੀ ਨੇ ਕੀਤਾ। ਉਨ੍ਹਾਂ ਨੇ ਇਸ ਮੌਕੇ ਸ੍ਰੀ ਜਤਿੰਦਰ ਪਨੂੰ, ਬਲਬੀਰ ਪਰਵਾਨਾ ਤੇ ਕਾਮਰੇਡ ਗੁਰਮੀਤ ਨੂੰ ਸਹਾਇਤਾ ਦਾ ਚੈੱਕ ਵੀ ਭੇਂਟ ਕੀਤਾ।
ਇਸ ਮੌਕੇ ਗੱਲ ਕਰਦਿਆਂ ਸ੍ਰੀ ਬੰਬੇਲੀ ਨੇ ਕਿਹਾ ਕਿ 'ਨਵਾਂ ਜ਼ਮਾਨਾ' ਨਾਲ ਉਨ੍ਹਾਂ ਦਾ ਲੰਮੇ ਸਮੇਂ ਦਾ ਪਰਵਾਰਕ ਰਿਸ਼ਤਾ ਹੈ। ਸਭ ਤੋਂ ਵੱਧ ਖੋਜ ਭਰਪੂਰ ਲੇਖ ਅਤੇ ਹੋਰ ਮੈਟਰ ਇਸ ਅਖ਼ਬਾਰ ਵਿੱਚ ਹੀ ਪੜ੍ਹਨ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ 'ਨਵਾਂ ਜ਼ਮਾਨਾ' ਦੇ ਦੇਸ਼ ਦੁਨੀਆ ਵਿੱਚ ਲੱਖਾਂ ਪਾਠਕ ਵਸਦੇ ਹਨ ਤੇ ਹੋਰਨਾਂ ਵਾਂਗ ਅਸੀਂ ਵੀ ਮਸ਼ੀਨਰੀ ਫੰਡ ਵਿੱਚ ਤਿਲ ਫੁੱਲ ਰਾਸ਼ੀ ਭੇਟ ਕਰਨ ਦੀ ਖੁਸ਼ੀ ਲੈ ਰਹੇ ਹਾਂ।
ਇਸ ਮੌਕੇ ਸ੍ਰੀ ਜਤਿੰਦਰ ਪਨੂੰ ਤੇ ਸ੍ਰੀ ਗੁਰਮੀਤ ਸਿੰਘ ਨੇ ਵਿਜੇ ਬੰਬੇਲੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਠਕ, ਲੇਖਕ ਤੇ ਬੁੱਧੀਜੀਵੀ ਵਰਗ ਅਦਾਰੇ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ, ਜਿਸ ਲਈ 'ਅਰਜਨ ਸਿੰਘ ਗੜਗੱਜ ਫਾਊਂਡੇਸ਼ਨ' ਵੱਲੋਂ ਅਸੀਂ ਸਭ ਦਾ ਦਿਲੋਂ ਧੰਨਵਾਦ ਕਰਦੇ ਹਾਂ।