ਪਾਣੀ ਭਗਵਾਨ ਦਾ ਸਭ ਤੋਂ ਵੱਡਾ ਤੋਹਫ਼ਾ : ਮੋਦੀ

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਆਮਦਨੀ ਦੁਗਣੀ ਕਰਨ ਦਾ ਆਪਣਾ ਵਾਅਦਾ ਮੁੜ ਦੁਹਰਾਇਆ ਹੈ। ਅੱਜ ਸੂਬਾ ਕੈਂਪਸ 'ਚ ਤਿੰਨ ਰੋਜ਼ਾ ਖੇਤੀ ਮੇਲੇ ਦਾ ਉਦਘਾਟਨ ਕਰਦਿਆਂ ਮੋਦੀ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਤੱਕ ਅਜਿਹਾ ਕੀਤਾ ਜਾ ਸਕਦਾ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਮਿਲਜੁਲ ਕੇ ਕੰਮ ਕਰਨਾ ਪਵੇਗਾ।
ਅਰੁਣ ਜੇਤਲੀ ਵੱਲੋਂ ਪੇਸ਼ ਕੀਤੇ ਗਏ ਬੱਜਟ ਦੀ ਸਿਫ਼ਤ ਕਰਦਿਆਂ ਉਨ੍ਹਾ ਕਿਹਾ ਕਿ ਲੋਕਾਂ ਮੁਤਾਬਕ ਪਹਿਲੀ ਵਾਰ ਗਰੀਬਾਂ ਅਤੇ ਕਿਸਾਨਾਂ 'ਤੇ ਬੱਜਟ ਦਾ ਮੁੱਖ ਫੋਕਸ ਰਿਹਾ ਹੈ। ਉਨ੍ਹਾ ਕਿਹਾ ਕਿ ਬੱਜਟ 'ਚ ਪਿੰਡਾਂ 'ਚ ਆਰਥਿਕ ਸਰਗਰਮੀਆਂ ਵਧਾਉਣ ਅਤੇ ਕਿਸਾਨਾਂ ਦੀ ਖਰੀਦ ਸਮਰੱਥਾ ਵਧਾਉਣ 'ਤੇ ਮੁੱਖ ਜ਼ੋਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਖੇਤੀ ਆਮਦਨੀ ਵਧਾਉਣ ਵਾਲੇ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੂਜੀ ਹਰੀ ਕਰਾਂਤੀ ਸਿਰਫ਼ ਪਾਣੀ ਨਹੀਂ ਸਗੋਂ ਵਿਗਿਆਨ, ਨਵੀਂ ਖੋਜ ਅਤੇ ਵਧੀਆ ਤਕਨੀਕ ਦੀ ਮਦਦ ਨਾਲ ਹੋਵੇਗੀ। ਉਨ੍ਹਾ ਕਿਹਾ ਕਿ ਖੇਤੀ ਮੇਲੇ ਦਾ ਮਕਸਦ ਕਿਸਾਨਾਂ ਨੂੰ ਨਵੀਂ ਖੇਤੀ ਟੈਕਨਾਲੋਜੀ ਨਾਲ ਸੰਬੰਧਤ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਮਦਦ ਨਾਲ ਕਿਸਾਨ ਆਪਣੀ ਆਮਦਨੀ ਕੁਝ ਸਾਲਾਂ 'ਚ ਹੀ ਦੁਗਣੀ ਕਰ ਸਕਣਗੇ।
ਉਨ੍ਹਾ ਕਿਹਾ ਕਿ ਖੇਤੀ ਮੰਤਰਾਲੇ ਵੱਲੋਂ ਮੇਲੇ 'ਚ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਨ੍ਹਾ ਨੂੰ ਖੇਤੀ ਦੀਆਂ ਨਵੀਆਂ ਤਕਨੀਕਾਂ ਬ1ਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾ ਕਿਸਾਨਾਂ ਨੂੰ ਕਿਹਾ ਕਿ ਉਹ ਖੇਤੀ ਸੰਬੰਧੀ ਜਾਣਕਾਰੀ ਲਈ ਦੂਰਦਰਸ਼ਨ ਦਾ ਕਿਸਾਨ ਚੈਨਲ ਦੇਖਿਆ ਕਰਨ, ਉਥੇ ਪ੍ਰਧਾਨ ਮੰਤਰੀ ਦੀਆਂ ਹੀ ਖ਼ਬਰਾਂ ਨਹੀਂ ਹੁੰਦੀਆਂ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਪਾਣੀ ਬਚਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪਾਣੀ ਸਾਡੇ ਲਈ ਭਗਵਾਨ ਵੱਲੋਂ ਮਿਲਿਆ ਸਭ ਤੋਂ ਵੱਡਾ ਤੋਹਫ਼ਾ ਹੈ ਅਤੇ ਇਸ ਨੂੰ ਬਚਾਉਣ 'ਤੇ ਸਭ ਤੋਂ ਵੱਧ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾ ਕਿਸਾਨਾਂ ਨੂੰ ਪਾਣੀ ਦੀ ਬਰਬਾਦੀ ਰੋਕਣ ਅਤੇ ਉਸ ਦੀ ਵੱਧ ਤੋਂ ਵੱਧ ਵਰਤੋਂ ਦੀ ਤਕਨੀਕ ਅਪਨਾਉਣ 'ਤੇ ਜ਼ੋਰ ਦਿੱਤਾ।
ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਨੇ ਪਿੰਡਾਂ 'ਚ ਸਿੰਚਾਈ ਲਈ ਖੂਹ, ਨਹਿਰ, ਤਲਾਅ ਬਣਾ ਕੇ ਕਿਸਾਨਾਂ ਨੂੰ ਫਾਇਦਾ ਪਹੁੰਚਾਉਣ ਲਈ 20 ਹਜ਼ਾਰ ਕਰੋੜ ਰੁਪਏ ਰੱਖੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪੋਜ਼ੀਸ਼ਨ ਭਾਵੇਂ ਕੁਝ ਵੀ ਆਖੇ, ਪਰ ਉਨ੍ਹਾ ਨੇ ਜਿਹੜੇ ਬੰਨ੍ਹ ਬਣਾਏ ਸਨ, ਉਨ੍ਹਾ ਤੋਂ ਕਿਸਾਨਾਂ ਨੂੰ ਕਦੇ ਪਾਣੀ ਨਹੀਂ ਮਿਲਿਆ।