ਖ਼ਤਰਨਾਕ ਰੁਝਾਨ ਹੈ ਇਹ

ਉੱਤਰਾ ਖੰਡ ਦੀ ਸਰਕਾਰ ਸੰਕਟ ਵਿੱਚ ਹੈ। ਉਸ ਰਾਜ ਵਿੱਚ ਮੁੱਖ ਮੰਤਰੀ ਕਾਂਗਰਸ ਆਗੂ ਹਰੀਸ਼ ਰਾਵਤ ਆਪਣੀ ਪਾਰਟੀ ਦੇ ਦੂਸਰੇ ਧੜੇ ਨੂੰ ਪਸੰਦ ਨਹੀਂ। ਇਸ ਦਾ ਕਾਰਨ ਕਾਂਗਰਸ ਹਾਈ ਕਮਾਂਡ ਦੇ ਦਿੱਲੀ ਦੇ ਲੀਡਰਾਂ ਦੀ ਧੜੇਬੰਦੀ ਹੈ। ਕਾਂਗਰਸ ਹਾਈ ਕਮਾਂਡ ਕਈ ਗ਼ਲਤੀਆਂ ਲੀਡਰਸ਼ਿਪ ਦੀ ਖਹਿਬਾਜ਼ੀ ਕਾਰਨ ਕਰਦੀ ਹੈ। ਜਦੋਂ ਇਸ ਰਾਜ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ, ਸਪੱਸ਼ਟ ਜਿੱਤ ਜਿੱਤਦੀ ਜਾਪਦੀ ਕਾਂਗਰਸ ਪਾਰਟੀ ਓਦੋਂ ਵੀ ਬਹੁ-ਸੰਮਤੀ ਦੇ ਮਸਾਂ ਨੇੜੇ ਪਹੁੰਚੀ ਸੀ। ਇਸ ਕਮਜ਼ੋਰੀ ਦਾ ਮੁੱਖ ਕਾਰਨ ਵੀ ਪਾਰਟੀ ਵਿੱਚ ਧੜੇਬੰਦੀ ਸੀ। ਫਿਰ ਧੜੇਬੰਦੀ ਕਾਰਨ ਮੁੱਖ ਮੰਤਰੀ ਦਾ ਗੁਣਾ ਵਿਜੇ ਬਹੁਗੁਣਾ ਦਾ ਲੱਗ ਗਿਆ, ਜਿਹੜਾ ਪਾਰਟੀ ਦੇ ਬਹੁਤੇ ਵਿਧਾਇਕਾਂ ਨੂੰ ਪਸੰਦ ਨਹੀਂ ਸੀ। ਇਸ ਨਾਲ ਮੱਤਭੇਦ ਏਨੇ ਵਧ ਗਏ ਸਨ ਕਿ ਉਸ ਨੂੰ ਹਟਾ ਕੇ ਹਰੀਸ਼ ਰਾਵਤ ਨੂੰ ਮੁੱਖ ਮੰਤਰੀ ਬਣਾਉਣ ਲਈ ਪਾਰਟੀ ਮਜਬੂਰ ਹੋ ਗਈ। ਓਦੋਂ ਦਾ ਖਿਝਿਆ ਦੂਸਰਾ ਧੜਾ ਹੁਣ ਬਗ਼ਾਵਤ ਕਰ ਰਿਹਾ ਹੈ।
ਕਾਂਗਰਸ ਦਾ ਜਿਹੜਾ ਧੜਾ ਓਦੋਂ ਬਗ਼ਾਵਤ ਨਹੀਂ ਸੀ ਕਰ ਸਕਿਆ, ਕਿਉਂਕਿ ਉਨ੍ਹਾਂ ਦੀ ਬਾਂਹ ਫੜਨ ਲਈ ਭਾਜਪਾ ਹੁਣ ਜਿੰਨੀ ਮਜ਼ਬੂਤ ਨਹੀਂ ਸੀ, ਉਹ ਹੁਣ ਭਾਜਪਾ ਦੀ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੇਠ ਹਰ ਕਦਮ ਚੁੱਕਣ ਨੂੰ ਤਿਆਰ ਹੋ ਗਿਆ ਹੈ। ਉਨ੍ਹਾਂ ਨਾਲ ਪਾਰਟੀ ਵਿਧਾਇਕਾਂ ਦੀ ਬਹੁ-ਗਿਣਤੀ ਤਾਂ ਪਾਸੇ ਰਹੀ, ਚੌਥਾ ਹਿੱਸਾ ਵੀ ਨਹੀਂ ਬਣ ਸਕਦੇ। ਫਿਰ ਵੀ ਉਹ ਉਤਸ਼ਾਹ ਵਿੱਚ ਹਨ। ਭਾਜਪਾ ਵਿਧਾਇਕਾਂ ਨੂੰ ਮਿਲਾ ਕੇ ਉਹ ਉੱਤਰਾ ਖੰਡ ਵਿੱਚ ਆਪਣੀ ਪਾਰਟੀ ਦੀ ਸਰਕਾਰ ਨੂੰ ਉਲਟਾ ਸਕਦੇ ਹਨ ਅਤੇ ਇਸ ਕੰਮ ਲਈ ਭਾਜਪਾ ਲੀਡਰਸ਼ਿਪ ਨੇ ਹਰ ਤਰ੍ਹਾਂ ਦੀ ਸਰਗਰਮੀ ਉਸ ਰਾਜ ਦੇ ਸਿਆਸੀ ਮੈਦਾਨ ਵਿੱਚ ਸ਼ੁਰੂ ਕੀਤੀ ਹੋਈ ਹੈ।
ਹਾਲੇ ਪਿਛਲੇ ਮਹੀਨੇ ਦੀ ਗੱਲ ਹੈ ਕਿ ਭਾਰਤ ਦੇ ਉੱਤਰ ਪੂਰਬੀ ਰਾਜ ਅਰੁਣਾਚਲ ਪ੍ਰਦੇਸ਼ ਵਿੱਚ ਕਾਂਗਰਸੀ ਮੁੱਖ ਮੰਤਰੀ ਦੀ ਕੁਰਸੀ ਉਲਟਾ ਕੇ ਇੱਕ ਤਜਰਬਾ ਸਿਰੇ ਚਾੜ੍ਹਿਆ ਹੋਇਆ ਹੈ। ਅਰੁਣਾਚਲ ਦੇ ਗਵਰਨਰ ਨੇ ਤਾਂ ਇੰਜ ਭੱਦੇ ਦੋਸ਼ਾਂ ਹੇਠ ਉਹ ਸਰਕਾਰ ਉਲਟਾਉਣ ਲਈ ਕੇਂਦਰ ਨੂੰ ਸਿਫਾਰਸ਼ ਭੇਜੀ ਸੀ ਕਿ ਸੁਪਰੀਮ ਕੋਰਟ ਵਿੱਚ ਜਵਾਬ ਦੇਣ ਵੇਲੇ ਕੇਂਦਰ ਸਰਕਾਰ ਦੇ ਵਕੀਲਾਂ ਨੂੰ ਪਸੀਨੇ ਆ ਗਏ ਸਨ। ਗਵਰਨਰ ਨੇ ਉਸ ਰਾਜ ਵਿੱਚ ਗਊ-ਹੱਤਿਆ ਦਾ ਦੋਸ਼ ਵੀ ਲਾ ਦਿੱਤਾ ਸੀ ਤੇ ਏਥੋਂ ਤੱਕ ਕਹਿ ਦਿੱਤਾ ਸੀ ਕਿ ਗਾਂ ਨੂੰ ਰਾਜ ਭਵਨ ਦੇ ਸਾਹਮਣੇ ਮਾਰਿਆ ਗਿਆ ਹੈ। ਇਹ ਸਾਰਾ ਕੁਝ ਝੂਠ ਸੀ। ਅਸਲ ਵਿੱਚ ਓਥੇ ਗਾਂ ਨਹੀਂ, ਗਾਂ ਵਰਗਾ ਉਸ ਰਾਜ ਵਿੱਚ ਆਮ ਮਿਲਦਾ ਇੱਕ ਜਾਨਵਰ ਮਾਰਿਆ ਗਿਆ ਸੀ ਤੇ ਉਹ ਵੀ ਗਵਰਨਰ ਦੀ ਸਰਕਾਰੀ ਰਿਹਾਇਸ਼ ਰਾਜ ਭਵਨ ਮੂਹਰੇ ਨਹੀਂ ਸੀ ਮਾਰਿਆ, ਕਿਸੇ ਹੋਰ ਥਾਂ ਇਹ ਕੰਮ ਹੋਇਆ ਸੀ। ਦੋਸ਼ ਸਿਰਫ਼ ਸਰਕਾਰ ਨੂੰ ਉਲਟਾਉਣ ਲਈ ਲਾਇਆ ਸੀ।
ਹੁਣ ਉੱਤਰਾ ਖੰਡ ਦਾ ਗਵਰਨਰ ਇਸ ਹੱਦ ਤੱਕ ਨਹੀਂ ਗਿਆ ਤੇ ਇਸ ਵਾਰ ਇਸ ਰਾਜ ਦੇ ਗਵਰਨਰ ਨੇ ਮੁੱਖ ਮੰਤਰੀ ਨੂੰ ਬਹੁ-ਸੰਮਤੀ ਸਾਬਤ ਕਰਨ ਵਾਸਤੇ ਅਠਾਈ ਮਾਰਚ ਤੱਕ ਦਾ ਵਕਤ ਦੇ ਦਿੱਤਾ ਹੈ। ਬੇਸ਼ੱਕ ਮੁੱਖ ਮੰਤਰੀ ਹਰੀਸ਼ ਰਾਵਤ ਕਹਿੰਦਾ ਹੈ ਕਿ ਉਹ ਆਪਣੀ ਬਹੁ-ਸੰਮਤੀ ਸਾਬਤ ਕਰ ਦੇਵੇਗਾ, ਪਰ ਇਸ ਦੀ ਆਸ ਬਹੁਤੀ ਨਹੀਂ ਜਾਪਦੀ। ਕਾਰਨ ਇਸ ਦਾ ਇਹ ਹੈ ਕਿ ਕੇਂਦਰ ਦੀ ਸਾਰੀ ਤਾਕਤ ਉਸ ਦੇ ਖ਼ਿਲਾਫ਼ ਲੱਗੀ ਹੈ। ਉਸ ਦੀ ਸਰਕਾਰ ਰਹੇ ਜਾਂ ਨਾ ਰਹੇ, ਇਸ ਦਾ ਸਿੱਧਾ ਫ਼ਰਕ ਕਾਂਗਰਸ ਪਾਰਟੀ ਨੂੰ ਪੈਂਦਾ ਜਾਪਦਾ ਹੈ, ਪਰ ਇਸ ਨਾਲ ਜਿੱਦਾਂ ਦਾ ਨੁਕਸਾਨ ਇਸ ਦੇਸ਼ ਦੀ ਦਿੱਖ ਤੇ ਸ਼ਾਇਦ ਇੱਕ ਹੱਦ ਤੱਕ ਇਸ ਦੀ ਸੁਰੱਖਿਆ ਨੂੰ ਵੀ ਹੋ ਸਕਦਾ ਹੈ, ਉਸ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਪਹਿਲਾਂ ਅਰੁਣਾਚਲ ਪ੍ਰਦੇਸ਼ ਵਿੱਚ ਜਦੋਂ ਇਹ ਖੇਡ ਖੇਡੀ ਗਈ, ਓਦੋਂ ਨਾਲ ਲੱਗਦੇ ਦੇਸ਼ ਚੀਨ ਦਾ ਚੇਤਾ ਭੁਲਾ ਦਿੱਤਾ ਗਿਆ ਸੀ, ਜਿਹੜਾ ਅਰੁਣਾਚਲ ਪ੍ਰਦੇਸ਼ ਦੇ ਇੱਕ ਹਿੱਸੇ ਨੂੰ ਆਪਣਾ ਕਹਿੰਦਾ ਹੈ। ਚੀਨ ਉਸ ਹਿੱਸੇ ਉੱਤੇ ਕਈ ਵਾਰੀ ਦਾਅਵਾ ਜਤਾ ਚੁੱਕਾ ਹੈ। ਇਹੋ ਜਿਹੇ ਨਾਜ਼ਕ ਰਾਜ ਵਿੱਚ ਜਿਹੜੀ ਖੇਡ ਨੂੰ ਖੇਡਿਆ ਜਾਣਾ ਗ਼ਲਤ ਸੀ, ਉੱਤਰਾ ਖੰਡ ਵਿੱਚ ਵੀ ਗ਼ਲਤ ਹੈ। ਸੁਰੱਖਿਆ ਦੇ ਪੱਖੋਂ ਉੱਤਰਾ ਖੰਡ ਵੀ ਓਸੇ ਚੀਨ ਦੀ ਸਰਹੱਦ ਨਾਲ ਲੱਗਦਾ ਹੈ। ਚੀਨ ਦਾ ਕਰਾਕੁਰਮ ਤੋਂ ਲੈ ਕੇ ਕਿੱਦੀਥੂ ਤੱਕ ਬਹੁਤ ਸਾਰੇ ਇਲਾਕੇ ਉੱਪਰ ਇਹ ਦਾਅਵਾ ਹੈ ਕਿ ਇਹ ਉਸ ਦਾ ਹੈ ਤੇ ਭਾਰਤ ਇਸ ਨੂੰ ਲਗਾਤਾਰ ਰੱਦ ਕਰਦਾ ਰਿਹਾ ਹੈ। ਭਾਜਪਾ ਆਗੂ ਹੁਣ ਤੱਕ ਹੋਰ ਕਿਸੇ ਵੀ ਧਿਰ ਤੋਂ ਵੱਧ ਇਸ ਦਾ ਰੌਲਾ ਪਾਇਆ ਕਰਦੇ ਸਨ, ਪਰ ਅਰੁਣਾਚਲ ਅਤੇ ਉੱਤਰਾ ਖੰਡ ਦਾ ਰਾਜ ਸੰਭਾਲਣ ਦੀ ਖਿੱਚ ਕਾਰਨ ਇਨ੍ਹਾਂ ਸਰਹੱਦੀ ਰਾਜਾਂ ਦੇ ਨਾਜ਼ਕ ਹੋਣ ਨੂੰ ਵੀ ਭੁੱਲ ਗਏ ਜਾਪਦੇ ਹਨ।
ਕੋਈ ਵੀ ਦੇਸ਼ ਹੋਵੇ ਤੇ ਕੋਈ ਵੀ ਪਾਰਟੀ ਰਾਜ ਕਰਦੀ ਹੋਵੇ, ਉਹ ਆਪਣੇ ਸਰਹੱਦੀ ਖੇਤਰਾਂ ਦੇ ਲੋਕਾਂ ਤੇ ਇਲਾਕਿਆਂ ਨੂੰ ਅੰਦਰੂਨੀ ਵਿਵਾਦਾਂ ਤੋਂ ਇਸ ਲਈ ਮੁਕਤ ਰੱਖਣ ਦਾ ਯਤਨ ਕਰਦੀ ਹੈ ਕਿ ਇਸ ਦਾ ਅਸਰ ਕਿਸੇ ਵਕਤ ਲੋੜ ਪਈ ਤੋਂ ਦੇਸ਼ ਦੀ ਸੁਰੱਖਿਆ ਉੱਤੇ ਨਾ ਪਵੇ। ਭਾਜਪਾ ਇਨ੍ਹਾਂ ਗੱਲਾਂ ਦੀ ਚਿੰਤਾ ਨਹੀਂ ਕਰਦੀ। ਉਸ ਦੇ ਲਈ ਰਾਜ-ਸੱਤਾ ਹੋਰ ਕਿਸੇ ਵੀ ਲੋੜ ਤੋਂ ਉੱਪਰ ਹੈ। ਆਪਣੇ ਆਪ ਨੂੰ ਤਿਆਗੀ ਦੇਸ਼-ਭਗਤਾਂ ਦਾ ਟੋਲਾ ਕਹਿਣ ਵਾਲੇ ਸੰਗਠਨ ਦੀ ਇਹ ਰਾਜਸੀ ਧਿਰ ਜਿਸ ਤਰ੍ਹਾਂ ਹਰ ਰਾਜ ਵਿੱਚ ਕੁਰਸੀ ਪਿੱਛੇ ਭੱਜਣ ਲਈ ਆਪਣੇ ਚੇਲਿਆਂ ਨੂੰ ਸ਼ਿਸ਼ਕਾਰ ਰਹੀ ਹੈ, ਇਸ ਨਾਲ ਇਸ ਦੇਸ਼ ਦਾ ਭਲਾ ਨਹੀਂ ਹੋ ਸਕਦਾ। ਇਹ ਬੜਾ ਖ਼ਤਰਨਾਕ ਰੁਝਾਨ ਹੈ।