ਨਿੱਜੀ ਥਾਂ 'ਤੇ ਅਸ਼ਲੀਲ ਹਰਕਤ ਜੁਰਮ ਨਹੀਂ : ਹਾਈ ਕੋਰਟ

ਮੁੰਬਈ (ਨਵਾਂ ਜ਼ਮਾਨਾ ਸਰਵਿਸ)
ਇੱਕ ਫਲੈਟ 'ਚ ਔਰਤਾਂ ਨਾਲ ਅਸ਼ਲੀਲ ਹਰਕਤ ਕਰਨ ਦੇ ਦੋਸ਼ 'ਚ ਫੜੇ ਗਏ 13 ਵਿਅਕਤੀਆਂ ਖ਼ਿਲਾਫ਼ ਕੇਸ ਖਾਰਜ ਕਰਦਿਆਂ ਮੁੰਬਈ ਹਾਈ ਕੋਰਟ ਨੇ ਕਿਹਾ ਕਿ ਨਿੱਜੀ ਸਥਾਨ 'ਤੇ ਕੀਤਾ ਗਿਆ ਇਸ ਤਰ੍ਹਾਂ ਦਾ ਕੋਈ ਵੀ ਕੰਮ ਭਾਰਤੀ ਦੰਡਾਵਲੀ ਤਹਿਤ ਅਪਰਾਧ ਨਹੀਂ ਹੈ।
ਜਸਟਿਸ ਐੱਨ ਐੱਚ ਪਾਟਿਲ ਅਤੇ ਜਸਟਿਸ ਏ ਐੱਮ ਬਦਰ 'ਤੇ ਅਧਾਰਤ ਬੈਂਚ ਨੇ ਇਹ ਫ਼ੈਸਲਾ ਇਹਨਾਂ 13 ਵਿਅਕਤੀਆਂ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਾਇਆ। ਇਹਨਾਂ ਲੋਕਾਂ ਨੇ ਪਟੀਸ਼ਨ ਰਾਹੀਂ ਪਿਛਲੇ ਸਾਲ ਦਸੰਬਰ 'ਚ ਅੰਧੇਰੀ ਥਾਣੇ 'ਚ ਭਾਰਤੀ ਦੰਡਾਵਲੀ ਦੀ ਧਾਰਾ 294 ਤਹਿਤ ਦਰਜ ਕੀਤਾ ਗਿਆ ਮਾਮਲਾ ਖਾਰਜ ਕਰਨ ਦੀ ਮੰਗ ਕੀਤੀ ਸੀ।
ਪੁਲਸ ਅਨੁਸਾਰ 12 ਦਸੰਬਰ 2015 ਨੂੰ ਉਸ ਨੂੰ ਇੱਕ ਪੱਤਰਕਾਰ ਤੋਂ ਸੂਚਨਾ ਮਿਲੀ ਕਿ ਗੁਆਂਢ ਦੇ ਇੱਕ ਫਲੈਟ 'ਚ ਤੇਜ਼ ਆਵਾਜ਼ 'ਚ ਸੰਗੀਤ ਵੱਜ ਰਿਹਾ ਹੈ ਅਤੇ ਬਹੁਤ ਘੱਟ ਕੱਪੜਿਆਂ 'ਚ ਕੁਝ ਔਰਤਾਂ ਖਿੜਕੀ ਰਾਹੀਂ ਡਾਂਸ ਕਰਦੀਆਂ ਦਿਖਾਈ ਦੇ ਰਹੀਆਂ ਹਨ ਅਤੇ ਕੁਝ ਲੋਕ ਉਨ੍ਹਾਂ 'ਤੇ ਨੋਟ ਸੁੱਟ ਰਹੇ ਹਨ। ਸ਼ਿਕਾਇਤ ਮਗਰੋਂ ਪੁਲਸ ਨੇ ਛਾਪਾ ਮਾਰ ਕੇ ਉਥੋਂ ਬੇਹੱਦ ਘੱਟ ਕੱਪੜਿਆਂ 'ਚ ਡਾਂਸ ਕਰ ਰਹੀਆਂ 6 ਔਰਤਾਂ ਫੜੀਆਂ ਅਤੇ ਉਥੇ ਸ਼ਰਾਬ ਪੀ ਰਹੇ 13 ਵਿਅਕਤੀਆਂ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਵਿਰੁੱਧ ਐਫ਼ ਆਈ ਆਰ ਦਰਜ ਕੀਤੀ। ਹਾਈ ਕੋਰਟ 'ਚ ਪਟੀਸ਼ਨਰਾਂ ਦੇ ਵਕੀਲ ਰਾਜਿੰਦਰ ਸ਼ਿਰੋਡਕਰ ਨੇ ਕਿਹਾ ਕਿ ਫਲੈਟ ਨੂੰ ਜਨਤਕ ਥਾਂ ਨਹੀਂ ਕਿਹਾ ਜਾ ਸਕਦਾ, ਜਿੱਥੇ ਹਰ ਕੋਈ ਆ-ਜਾ ਸਕਦਾ ਹੋਵੇ। ਅਦਾਲਤ ਨੇ ਉਨ੍ਹਾ ਦੀ ਦਲੀਲ ਪ੍ਰਵਾਨ ਕਰਦਿਆਂ ਕਿਹਾ ਕਿ ਨਿੱਜੀ ਸਥਾਨ 'ਤੇ ਕੀਤੀ ਗਈ ਕੋਈ ਅਸ਼ਲੀਲ ਹਰਕਤ ਭਾਰਤੀ ਦੰਡਾਵਲੀ ਦੀ ਧਾਰਾ 294 ਦੀਆਂ ਵਿਵਸਥਾਵਾਂ ਤਹਿਤ ਨਹੀਂ ਆਉਂਦੀ।
ਸ਼ਿਰੋਡਕਰ ਨੇ ਕਿਹਾ ਕਿ ਫਲੈਟ ਕਿਸੇ ਵਿਅਕਤੀ ਦਾ ਨਿੱਜੀ ਸੀ ਅਤੇ ਉਸ ਦੀ ਵਰਤੋਂ ਨਿੱਜੀ ਕੰਮਾਂ ਲਈ ਕੀਤੀ ਜਾਂਦੀ ਸੀ, ਉਸ ਨੂੰ ਜਨਤਕ ਥਾਂ ਨਹੀਂ ਕਿਹਾ ਜਾ ਸਕਦਾ। ਅਦਾਲਤ ਨੇ ਕਿਹਾ ਕਿ ਧਾਰਾ 294 ਤਹਿਤ ਜਨਤਕ ਥਾਂ 'ਤੇ ਅਸ਼ਲੀਲ ਹਰਕਤ 'ਚ ਸ਼ਾਮਲ ਵਿਅਕਤੀ ਨੂੰ ਸਜ਼ਾ ਦੀ ਵਿਵਸਥਾ ਹੈ।