ਜਾਹੋ-ਜਲਾਲ ਨਾਲ ਆਰੰਭ ਹੋਇਆ ਸ੍ਰੀ ਆਨੰਦਪੁਰ ਸਾਹਿਬ ਦਾ ਹੋਲਾ-ਮਹੱਲਾ


ਸ੍ਰੀ ਆਨੰਦਪੁਰ ਸਾਹਿਬ (ਅਰਵਿੰਦਰ ਸਿੰਘ ਬਿੰਦੀ)
ਖਾਲਸਾ ਪੰਥ ਦਾ ਕੌਮੀ ਤਿਉਹਾਰ ਹੋਲਾ-ਮਹੱਲਾ ਪਹਿਲੇ ਤਿੰਨ ਦਿਨ ਕੀਰਤਪੁਰ ਸਾਹਿਬ ਤੋਂ ਬਾਅਦ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਾਹੋ-ਜਲਾਲ ਤੇ ਸ਼ਾਨ-ਸ਼ੌਕਤ ਨਾਲ ਆਰੰਭ ਹੋਇਆ। ਪਹਿਲੇ ਦਿਨ ਸੰਗਤਾਂ ਲੱਖਾਂ ਦੀ ਤਾਦਾਦ 'ਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਚ ਨਤਮਸਤਕ ਹੋਈਆਂ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਵੱਲੋਂ ਅੰਮ੍ਰਿਤ ਵੇਲੇ ਦੀਆਂ ਗੁਰਮਤਿ ਵਿਚਾਰਾਂ ਤੋਂ ਬਾਅਦ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ ਅਰਦਾਸ ਕਰਕੇ ਹੋਲੇ-ਮਹੱਲੇ ਦੀ ਆਰੰਭਤਾ ਕੀਤੀ ਗਈ, ਉਪਰੰਤ ਦੀਵਾਨ ਸਜਾਏ ਗਏ, ਜਿਸ ਵਿਚ ਰਾਗੀ, ਢਾਡੀਆਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਗਿਆ।
ਇਸ ਮੌਕੇ ਹੈੱਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਰੇਸ਼ਮ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਹਰਜੀਤ ਸਿੰਘ, ਅਮਨਦੀਪ ਸਿੰਘ, ਵਧੀਕ ਮੈਨੇਜਰ ਰਣਬੀਰ ਸਿੰਘ ਕਲੋਤਾ, ਸਰੂਪ ਸਿੰਘ, ਐਡਵੋਕੇਟ ਹਰਦੇਵ ਸਿੰਘ ਹੈਪੀ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਮੇਲੇ ਦੌਰਾਨ ਵੱਡੀ ਗਿਣਤੀ ਵਿਚ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਰਿਆਂ ਵਿਚ ਨਤਮਸਤਕ ਹੋਈਆਂ। ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਵੱਲੋਂ ਆਪਣੇ-ਆਪਣੇ ਵਾਹਨਾਂ ਟਰੱਕਾਂ, ਕਾਰਾਂ ਅਤੇ ਮੋਟਰਸਾਇਕਲਾਂ 'ਤੇ ਸਵਾਰ ਹੋ ਕੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਸ੍ਰੀ ਆਨੰਦਪੁਰ ਸਾਹਿਬ ਦੇ ਇਲਾਕੇ ਨੂੰ ਖਾਲਸਾਈ ਰੰਗ ਵਿਚ ਰੰਗ ਦਿੱਤਾ। ਸੰਗਤਾਂ ਵੱਲੋਂ ਥਾਂ-ਥਾਂ 'ਤੇ ਅਨੇਕਾਂ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ ਹਨ। ਇਸ ਕੌਮੀ ਤਿਉਹਾਰ 'ਤੇ ਸਿਹਤ ਵਿਭਾਗ ਵੱਲੋਂ ਵੱਖ-ਵੱਖ ਥਾਵਾਂ 'ਤੇ ਲਗਾਈਆਂ ਆਰਜ਼ੀ ਡਿਸਪੈਂਸਰੀਆਂ, ਪਖਾਨੇ ਅਤੇ ਪੀਣ ਵਾਲੇ ਪਾਣੀ ਦੇ ਪ੍ਰਬੰਧ ਵੀ ਪੂਰੀ ਤਰ੍ਹਾਂ ਕੀਤੇ ਹੋਏ ਹਨ। ਸੁਰੱਖਿਆ ਲਈ ਵੱਡੀ ਗਿਣਤੀ ਵਿਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ।
ਸਿੱਖ ਮਿਸ਼ਨਰੀ ਕਾਲਜ, ਸਟੱਡੀ ਸਰਕਲ ਤੇ ਹੋਰ ਜਥੇਬੰਦੀਆਂ ਵੱਲੋਂ ਧਾਰਮਿਕ ਲਿਟਰੇਚਰ ਵੀ ਲਗਾਏ ਗਏ ਹਨ। 24 ਮਾਰਚ ਨੂੰ ਸ਼੍ਰੋਮਣੀ ਕਮੇਟੀ ਤੇ ਨਿਹੰਗ ਸਿੰਘਾਂ ਵੱਲੋਂ ਨਗਰ ਕੀਰਤਨ ਕੱਢ ਕੇ ਚਰਨ ਗੰਗਾ ਸਟੇਡੀਅਮ ਵਿਚ ਹਰ ਸਾਲ ਦੀ ਤਰ੍ਹਾਂ ਨਿਹੰਗ ਸਿੰਘ ਜੱਥੇਬੰਦੀਆਂ ਵੱਲੋਂ ਘੋੜ ਦੌੜ ਦੇ ਹੈਰਾਨੀਜਨਕ ਜੌਹਰ ਵੀ ਦਿਖਾਏ ਜਾਣਗੇ, ਉਪਰੰਤ ਹੋਲੇ ਮਹੱਲੇ ਦੀ ਸਮਾਪਤੀ ਹੋਵੇਗੀ।