ਖਤਰੇ 'ਚ ਹਨ ਭਾਰਤ ਦੇ ਪ੍ਰਮਾਣੂ ਟਿਕਾਣੇ


ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਭਾਰਤ ਦੇ ਪ੍ਰਮਾਣੂ ਟਿਕਾਣਿਆਂ ਨੂੰ ਭਾਵੇਂ ਪਾਕਿਸਤਾਨ ਵਾਂਗ ਅੱਤਵਾਦੀਆਂ ਤੋਂ ਕੋਈ ਖ਼ਤਰਾ ਨਹੀਂ, ਪਰ ਪ੍ਰਮਾਣੂ ਅੱਤਵਾਦ 'ਤੇ ਲਗਾਮ ਲਾਉਣ ਸੰਬੰਧੀ ਇੱਕ ਅਮਰੀਕੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਦੀਆਂ ਪ੍ਰਮਾਣੂ ਜਾਇਦਾਦਾਂ ਨੂੰ ਜ਼ਬਰਦਸਤ ਅੰਦਰੂਨੀ ਖ਼ਤਰਾ ਹੈ। ਇਸ ਮਹੀਨੇ ਹੋਣ ਵਾਲੇ ਪ੍ਰਮਾਣੂ ਸੁਰੱਖਿਆ ਸਿਖ਼ਰ ਸੰਮੇਲਨ ਤੋਂ ਪਹਿਲਾਂ ਵਕਾਰੀ ਹਾਵਰਡ ਕੈਨੇਡੀ ਸਕੂਲ ਵੱਲੋਂ ਜਾਰੀ ਰਿਪੋਰਟ ਪ੍ਰਮਾਣੂ ਅੱਤਵਾਦ ਦੀ ਰੋਕਥਾਮ ਲਗਾਤਾਰ ਸੁਧਾਰ ਜਾਂ ਖ਼ਤਰਨਾਕ ਗਿਰਾਵਟ 'ਚ ਇਹ ਗੱਲ ਆਖੀ ਗਈ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਅੰਦਰੂਨੀ ਤੌਰ 'ਤੇ ਭ੍ਰਿਸ਼ਟਾਚਾਰ ਦਾ ਸਾਹਮਣਾ ਕਰ ਰਿਹਾ ਹੈ, ਪਰ ਨਾਲ ਹੀ ਕਿਹਾ ਗਿਆ ਹੈ ਕਿ ਇਹ ਪਾਕਿਸਤਾਨ ਜਾਂ ਰੂਸ ਦੇ ਮੁਕਾਬਲੇ ਘੱਟ ਹੈ। ਰਿਪੋਰਟ 'ਚ ਸਾਲ 2014 'ਚ ਕਲਪਕੱਮ ਪ੍ਰਮਾਣੂ ਊਰਜਾ ਸਟੇਸ਼ਨ 'ਚ ਤਾਇਨਾਤ ਸੀ ਆਈ ਐਸ ਐਫ਼ ਦੇ ਹੈੱਡ ਕਾਂਸਟੇਬਲ ਵਿਜੈ ਸਿੰਘ ਵੱਲੋਂ ਆਪਣੀ ਸਰਵਿਸ ਰਾਇਫਲ ਨਾਲ ਤਿੰਨ ਵਿਅਕਤੀਆਂ ਨੂੰ ਮਾਰ ਦਿੱਤੇ ਜਾਣ ਦੀ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤ ਦੇ ਪ੍ਰਮਾਣੂ ਸੁਰੱਖਿਆ ਪ੍ਰਬੰਧਾਂ ਬਾਰੇ ਉਪਲੱਬਧ ਸੀਮਤ ਜਾਣਕਾਰੀ ਨੂੰ ਦੇਖਦਿਆਂ ਇਹ ਤੈਅ ਕਰ ਸਕਣਾ ਮੁਸ਼ਕਲ ਹੈ ਕਿ ਕੀ ਭਾਰਤ ਦੀ ਪ੍ਰਮਾਣੂ ਸੁਰੱਖਿਆ ਇਹਨਾ ਖ਼ਤਰਿਆਂ ਤੋਂ ਸੁਰੱਖਿਆ ਕਰਨ ਦੇ ਸਮਰੱਥ ਹੈ। ਇਸ 'ਚ ਕਿਹਾ ਗਿਆ ਹੈ ਕਿ ਹਾਲਾਂਕਿ ਭਾਰਤ ਨੇ ਆਪਣੇ ਪ੍ਰਮਾਣੂ ਟਿਕਾਣਿਆਂ ਦੀ ਸੁਰੱਖਿਆ ਲਈ ਅਹਿਮ ਉਪਾਅ ਕੀਤੇ ਹਨ, ਪਰ ਉਸ ਦੇ ਪ੍ਰਮਾਣੂ ਸੁਰੱਖਿਆ ਪ੍ਰਬੰਧ ਪਾਕਿਸਤਾਨ ਦੇ ਮੁਕਾਬਲੇ ਕਮਜ਼ੋਰ ਹਨ। ਰਿਪੋਰਟ ਅਨੁਸਾਰ ਭਾਰਤ 'ਚ ਬਾਹਰੀ ਖਤਰੇ ਦੀ ਸੰਭਾਵਨਾ ਜ਼ਿਆਦਾ ਨਹੀਂ, ਪਰ ਦਰਮਿਆਨੇ ਪੱਧਰ ਦਾ ਖ਼ਤਰਾ ਹੈ।
ਇਸ 'ਚ ਅੱਗੇ ਕਿਹਾ ਗਿਆ ਹੈ ਕਿ ਭਾਰਤ ਕੋਲ ਪ੍ਰਮਾਣੂ ਹਥਿਆਰਾਂ ਦਾ ਛੋਟਾ ਜ਼ਖੀਰਾ ਹੈ ਅਤੇ ਪ੍ਰਮਾਣੂ ਹਥਿਆਰ ਕੁਝ ਸੀਮਤ ਥਾਵਾਂ 'ਤੇ ਹਨ, ਜਿਨ੍ਹਾਂ ਬਾਰੇ ਸਮਝਿਆ ਜਾਂਦਾ ਹੈ ਕਿ ਉਨ੍ਹਾ ਦੀ ਸੁਰੱਖਿਆ ਦੇ ਭਾਰੀ ਬੰਦੋਬਸਤ ਕੀਤੇ ਗਏ ਹਨ। ਰਿਪੋਰਟ 'ਚ ਕਿਹਾ ਗਿਆ ਕਿ ਪਾਕਿਸਤਾਨ ਦੇ ਉਲਟ ਭਾਰਤ ਨੂੰ ਪਲੂਟੋਨੀਅਮ ਪ੍ਰਾਸੈਸਿੰਗ ਪ੍ਰੋਗਰਾਮ ਗੈਰ ਫ਼ੌਜੀ ਹੈ। ਰਿਪੋਰਟ ਅਨੁਸਾਰ ਭਾਰਤੀ ਪ੍ਰਮਾਣੂ ਸੁਰੱਖਿਆ ਪ੍ਰਣਾਲੀ ਨੂੰ ਜਿਹੜੇ ਖ਼ਤਰੇ ਹਨ, ਉਹ ਕਾਫ਼ੀ ਅਹਿਮ ਦਿਸਦੇ ਹਨ, ਪਰ ਉਹ ਖ਼ਤਰੇ ਪਾਕਿਸਤਾਨ ਜਿੰਨੇ ਵੱਡੇ ਨਹੀਂ ਹਨ। ਇਸ 'ਚ ਅੱਗੇ ਕਿਹਾ ਗਿਆ ਕਿ ਭਾਰਤ ਨੂੰ ਘਰੇਲੂ ਪੱਧਰ 'ਤੇ ਖ਼ਤਰੇ ਦੇ ਨਾਲ-ਨਾਲ ਪਾਕਿਸਤਾਨ ਸਥਿਤ ਅੱਤਵਾਦੀ ਜਥੇਬੰਦੀ ਤੋਂ ਹਮਲੇ ਦਾ ਵੀ ਖ਼ਤਰਾ ਹੈ। ਰਿਪੋਰਟ 'ਚ ਜੈਸ਼-ਏ-ਮੁਹੰਮਦ ਦੇ ਦੋ ਜਨਵਰੀ ਨੂੰ ਪਠਾਨਕੋਟ ਏਅਰਬੇਸ 'ਤੇ ਹਮਲੇ ਦਾ ਹਵਾਲਾ ਦਿੱਤਾ ਗਿਆ ਹੈ, ਜਿਸ 'ਚ 7 ਜਵਾਨ ਮਾਰੇ ਗਏ ਸਨ। ਰਿਪੋਰਟ ਅਨੁਸਾਰ ਅੱਤਵਾਦੀ ਇੱਕ ਦਰੱਖਤ ਰਾਹੀਂ ਉਸ ਥਾਂ ਤੋਂ ਏਅਰਬੇਸ 'ਚ ਦਾਖ਼ਲ ਹੋਣ 'ਚ ਸਫ਼ਲ ਹੋ ਗਏ, ਜਿਥੇ ਫਲੱਡ ਲਾਈਟ ਕੰਮ ਨਹੀਂ ਕਰ ਰਹੀ ਸੀ।