ਮੋਦੀ ਨੂੰ ਮਿਲਣ ਤੋਂ ਬਾਅਦ ਉਤਸ਼ਾਹ 'ਚ ਨਜ਼ਰ ਆਈ ਮਹਿਬੂਬਾ

ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਜੰਮੂ ਤੇ ਕਸ਼ਮੀਰ ਦੇ ਗਠਨ ਨੂੰ ਲੈ ਕੇ ਚੱਲ ਰਹੇ ਰੇੜਕੇ ਦਰਮਿਆਨ ਪੀ ਡੀ ਪੀ ਦੀ ਆਗੂ ਮਹਿਬੂਬਾ ਮੁਫ਼ਤੀ ਨੇ ਮੰਗਲਵਾਰ ਨੂੰ ਦਿੱਲੀ ਪਹੁੰਚ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮਹਿਬੂਬਾ ਨੇ ਇਸ ਮੁਲਾਕਾਤ ਨੂੰ ਹਾਂ ਪੱਖੀ ਦਸਿਆ ਹੈ ਅਤੇ ਕਿਹਾ ਕਿ ਉਹ ਇਸ ਮੁਲਾਕਾਤ ਤੋਂ ਸੰਤੁਸ਼ਟ ਹਨ, ਹਾਲਾਂਕਿ ਉਨ੍ਹਾ ਨੇ ਸਰਕਾਰ ਦੇ ਗਠਨ ਬਾਰੇ ਆਪਣੇ ਪੱਤੇ ਨਹੀਂ ਖੋਲ੍ਹੇ। ਮਹਿਬੂਬਾ ਨੇ ਕਿਹਾ ਕਿ ਉਹ ਸ੍ਰੀਨਗਰ ਪਹੁੰਚ ਕੇ ਆਪਣੀ ਪਾਰਟੀ ਦੇ ਵਿਧਾਇਕਾਂ ਨਾਲ ਗੱਲਬਾਤ ਕਰਨਗੇ ਅਤੇ ਇਸ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ।
ਮਹਿਬੂਬਾ ਨੇ ਕਿਹਾ ਕਿ ਉਹ ਮੋਦੀ ਨਾਲ ਮੁਲਾਕਾਤ ਤੋਂ ਸੰਤੁਸ਼ਟ ਹਨ। ਇਹ ਪੁੱਛੇ ਜਾਣ 'ਤੇ ਸਰਕਾਰ ਦਾ ਗਠਨ ਕਦੋਂ ਤੱਕ ਹੋ ਜਾਵੇਗਾ, ਬਾਰੇ ਮਹਿਬੂਬਾ ਨੇ ਕਿਹਾ ਕਿ ਉਹ ਸ੍ਰੀਨਗਰ ਪਰਤ ਕੇ ਆਪਣੇ ਵਿਧਾਇਕਾਂ ਨਾਲ ਇਸ ਬਾਰੇ ਵਿਚਾਰਾਂ ਕਰਨਗੇ। ਇਹ ਪੁੱਛੇ ਜਾਣ 'ਤੇ ਕਿ ਕੀ ਮੋਦੀ ਨੇ ਉਨ੍ਹਾ ਦੀਆਂ ਮੰਗਾਂ ਦਾ ਸਮੱਰਥਨ ਕੀਤੈ, ਤਾਂ ਮਹਿਬੂਬਾ ਨੇ ਕਿਹਾ ਕਿ ਜਦੋਂ ਕੋਈ ਪ੍ਰਧਾਨ ਮੰਤਰੀ ਨੂੰ ਮਿਲਦਾ ਹੈ ਤਾਂ ਇਸ ਨਾਲ ਸੂਬੇ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਨਿਕਲਣ ਦਾ ਕੋਈ ਰਾਹ ਕੱਢਣਾ ਅਸਾਨ ਹੋ ਜਾਂਦਾ ਹੈ।
ਮਹਿਬੂਬਾ ਨੇ ਐਤਵਾਰ ਨੂੰ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਵੀਰਵਾਰ ਨੂੰ ਮੁਲਾਕਾਤ ਕੀਤੀ ਸੀ, ਇਸ ਮੁਲਾਕਾਤ ਦੇ 5 ਦਿਨਾਂ ਬਾਅਦ ਮਹਿਬੂਬਾ ਦਿੱਲੀ ਦੇ ਦੂਜੇ ਦੌਰੇ 'ਤੇ ਹੈ। ਪਹਿਲੀ ਮੀਟਿੰਗ ਦੌਰਾਨ ਸਰਕਾਰ ਦੇ ਗਠਨ ਲਈ ਦੋਹਾਂ ਪਾਰਟੀਆਂ 'ਚ ਸਹਿਮਤੀ ਨਹੀਂ ਬਣ ਸਕੀ ਸੀ।
ਕੇਂਦਰੀ ਖ਼ਜ਼ਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜਿੱਥੋਂ ਤੱਕ ਸਰਕਾਰ ਦੇ ਗਠਨ ਦਾ ਸਵਾਲ ਹੈ, ਭਾਜਪਾ ਇਸ ਬਾਰੇ ਵਚਨਬੱਧ ਹੈ। ਇਸ ਬਿਆਨ ਦੇ ਇੱਕ ਦਿਨ ਬਾਅਦ ਮਹਿਬੂਬਾ ਦਿੱਲੀ ਦੇ ਦੌਰੇ 'ਤੇ ਆਏ ਹਨ। ਮਹਿਬੂਬਾ ਨੇ ਮੋਦੀ ਨਾਲ ਮੁਲਾਕਾਤ ਤੋਂ ਪਹਿਲਾਂ ਸੋਮਵਾਰ ਸ਼ਾਮਲ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰਾ ਕੀਤਾ ਸੀ। ਸਮਝਿਆ ਜਾ ਰਿਹਾ ਹੈ ਕਿ ਜੇ ਮੋਦੀ ਅਤੇ ਮਹਿਬੂਬਾ ਦੀ ਗੱਲਬਾਤ ਸਫ਼ਲ ਰਹਿੰਦੀ ਹੈ ਤਾਂ ਪੀ ਡੀ ਪੀ 24 ਮਾਰਚ ਨੂੰ ਪਾਰਟੀ ਵਿਧਾਇਕਾਂ ਦੀ ਮੀਟਿੰਗ 'ਚ ਆਪਣਾ ਆਗੂ ਚੁਣ ਸਕਦੀ ਹੈ, ਜਿਸ ਨਾਲ ਸੂਬੇ 'ਚ ਅਗਲੀ ਸਰਕਾਰ ਦੇ ਗਠਨ ਲਈ ਰਾਹ ਸਾਫ਼ ਹੋ ਸਕਦਾ ਹੈ।