ਐੱਸ ਵਾਈ ਐੱਲ ਦੀ ਉਸਾਰੀ ਕਿਸੇ ਵੀ ਕੀਮਤ 'ਤੇ ਨਹੀਂ : ਬਾਦਲ

ਸ੍ਰੀ ਆਨੰਦਪੁਰ ਸਾਹਿਬ (ਅਰਵਿੰਦਰ ਸਿੰਘ ਬਿੰਦੀ)
ਪੰਜਾਬ ਦੇ ਦਰਿਆਈ ਪਾਣੀਆਂ ਦੀ ਰਾਖੀ ਲਈ ਸੰਘਰਸ਼ ਕਰਨ ਵਾਸਤੇ ਪੰਜਾਬੀਆਂ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਦੀ ਇਜਾਜ਼ਤ ਕਿਸੇ ਵੀ ਕੀਮਤ 'ਤੇ ਹਾਲਤ ਵਿਚ ਨਹੀਂ ਦਿੱਤੀ ਜਾਵੇਗੀ।
ਇਥੇ ਇਤਿਹਾਸਕ ਹੋਲੇ-ਮਹੱਲੇ ਮੌਕੇ ਹੋਏ ਧਾਰਮਿਕ ਸਮਾਰੋਹ ਦੌਰਾਨ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਢੁੱਕਵਾਂ ਸਮਾਂ ਹੈ ਕਿ ਲਿੰਕ ਨਹਿਰ ਦੀ ਉਸਾਰੀ ਦੀ ਆਗਿਆ ਦੇਣ ਨਾਲੋਂ ਵੱਡੀ ਤੋਂ ਵੱਡੀ ਕੁਰਬਾਨੀ ਦੇ ਦਿੱਤੀ ਜਾਵੇ, ਕਿਉਂਕਿ ਅਜਿਹਾ ਹੋ ਜਾਣ ਦੀ ਸੂਰਤ ਵਿਚ ਪੰਜਾਬ ਦੇ ਲੋਕ ਦਰਿਆਈ ਪਾਣੀਆਂ ਬਾਰੇ ਆਪਣੇ ਕਾਨੂੰਨੀ ਅਧਿਕਾਰ ਤੋਂ ਵਾਂਝੇ ਹੋ ਜਾਣਗੇ, ਜੋ ਕਿ ਸਿੱਧੇ ਤੌਰ 'ਤੇ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਪ੍ਰਵਾਨਿਤ ਰਿਪੇਰੀਅਨ ਸਿਧਾਂਤ ਦੀ ਘੋਰ ਉਲੰਘਣਾ ਹੋਵੇਗੀ। ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਪਾਰਟੀ ਅਤੇ ਸਰਕਾਰ ਵੱਲੋਂ ਢੁੱਕਵੇਂ ਕਦਮ ਚੁੱਕਣ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਬਾਦਲ ਨੇ ਪੰਜਾਬੀਆਂ ਨੂੰ ਇਸ ਉਦੇਸ਼ ਲਈ ਆਪਣੇ ਆਪ ਨੂੰ ਤਕੜਾ ਸੰਘਰਸ਼ ਲੜਨ ਵਾਸਤੇ ਤਿਆਰ ਰਹਿਣ ਦੀ ਅਪੀਲ ਕੀਤੀ।
ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਨੇ ਹਾਲ ਹੀ ਵਿਚ ਪੰਜਾਬ ਵਿਧਾਨ ਸਭਾ ਦੇ ਪਵਿੱਤਰ ਸਦਨ ਵਿਚ ਇਹ ਐਲਾਨ ਕੀਤਾ ਹੈ ਕਿ ਉਹ ਕਿਸੇ ਵੀ ਕੀਮਤ 'ਤੇ ਰਿਪੇਰੀਅਨ ਸਿਧਾਂਤ ਮੁਤਾਬਕ ਸੂਬੇ ਦੇ ਪਾਣੀਆਂ ਦੀ ਰਾਖੀ ਕਰਨਗੇ। ਉਨ੍ਹਾਂ ਆਖਿਆ ਕਿ ਇਹ ਪਵਿੱਤਰ ਧਰਤੀ ਸ਼ਹੀਦਾਂ ਦੀ ਧਰਤੀ ਹੈ, ਜਿਥੋਂ ਉਹ ਅੱਜ ਫਿਰ ਐਲਾਨ ਕਰਦੇ ਹਨ ਕਿ ਪੰਜਾਬ ਦੇ ਹਿੱਤਾਂ 'ਤੇ ਡਾਕਾ ਮਾਰਨ ਵਾਲਾ ਕੋਈ ਵੀ ਫੈਸਲਾ ਮੈਨੂੰ ਅਤੇ ਅਕਾਲੀ-ਭਾਜਪਾ ਸਰਕਾਰ ਨੂੰ ਨਾ ਕਦੇ ਮਨਜ਼ੂਰ ਸੀ, ਨਾ ਮਨਜ਼ੂਰ ਹੈ ਅਤੇ ਨਾ ਮਨਜ਼ੂਰ ਹੋਵੇਗਾ। ਸ. ਬਾਦਲ ਨੇ ਭਾਜਪਾ ਲੀਡਰਸ਼ਿਪ ਖਾਸ ਤੌਰ 'ਤੇ ਕੈਬਨਿਟ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਦਰਿਆਈ ਪਾਣੀਆਂ ਦੇ ਮਸਲੇ 'ਤੇ ਪੂਰਾ ਸਮਰਥਨ ਦਿੱਤਾ। ਬਾਦਲ ਨੇ ਕਾਂਗਰਸ ਨੂੰ ਆੜੇ ਹੱਥੀਂ ਲੈਂਦੇ ਆਖਿਆ ਕਿ ਇਸ ਪਾਰਟੀ ਦੀਆਂ ਕੇਂਦਰ ਵਿਚ ਸਮੇਂ-ਸਮੇਂ 'ਤੇ ਬਣੀਆਂ ਸਰਕਾਰਾਂ ਨੇ ਪੰਜਾਬ ਦੇ ਬਣਦੇ ਹੱਕ ਤੇ ਖਾਸ ਕਰਕੇ ਦਰਿਆਈ ਪਾਣੀਆਂ ਦੇ ਹੱਕ ਨੂੰ ਲੁੱਟਿਆ। ਉਨ੍ਹਾਂ ਆਖਿਆ ਕਿ ਜਦੋਂ ਵੀ ਪੰਜਾਬ ਦੇ ਹਿੱਤਾਂ ਦਾ ਮਸਲਾ ਉੱਠਦਾ ਹੈ ਤਾਂ ਸੂਬੇ ਦੀ ਕਾਂਗਰਸ ਲੀਡਰਸ਼ਿਪ ਮੂਕ ਦਰਸ਼ਕ ਬਣ ਕੇ ਪੰਜਾਬ ਤੇ ਪੰਜਾਬੀਆਂ ਦੀ ਸਾਰ ਲੈਣ ਦੀ ਬਜਾਇ ਆਪਣੀ ਹਾਈਕਮਾਂਡ ਅੱਗੇ ਆਤਮ-ਸਮਰਪਣ ਕਰ ਦਿੰਦੀ ਹੈ। ਪੰਜਾਬੀਆਂ ਨਾਲ ਕੀਤੇ ਵਿਸ਼ਵਾਸਘਾਤ ਦੀ ਮਿਸਾਲ ਦਿੰਦਿਆਂ ਉਨ੍ਹਾਂ ਆਖਿਆ ਕਿ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਦੇ ਸਮਾਰੋਹ ਮੌਕੇ ਜਦੋਂ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਟੱਕ ਲਾਇਆ ਸੀ ਤਾਂ ਉਸ ਮੌਕੇ ਕਾਂਗਰਸ ਦੇ ਮੁੱਖ ਮੰਤਰੀ ਸ੍ਰੀ ਦਰਬਾਰਾ ਸਿੰਘ ਅਤੇ ਉਸ ਵੇਲੇ ਸੰਸਦ ਮੈਂਬਰ ਕੈਪਟਨ ਅਮਰਿੰਦਰ ਸਿੰਘ ਵੀ ਇਸ ਸਮਾਰੋਹ ਵਿਚ ਹਾਜ਼ਰ ਸਨ।
'ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਜ਼ ਐਕਟ-2004' ਬਾਰੇ ਕਾਂਗਰਸ ਵੱਲੋਂ ਕੀਤੇ ਜਾ ਰਹੇ ਵੱਡੇ ਦਾਅਵਿਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਸ ਐਕਟ ਰਾਹੀਂ ਕਾਂਗਰਸ ਸਰਕਾਰਾਂ ਵੱਲੋਂ ਕੀਤੇ ਗਏ ਸਮਝੌਤੇ ਹੀ ਰੱਦ ਕੀਤੇ ਗਏ ਸਨ। ਇਸ ਐਕਟ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਗੁਨਾਹਾਂ ਨੂੰ ਇਕਬਾਲ ਕੀਤਾ ਸੀ।
ਸਿਆਸੀ, ਸਮਾਜਿਕ, ਆਰਥਿਕ ਅਤੇ ਇਥੋਂ ਤੱਕ ਕਿ ਧਾਰਮਿਕ ਖੇਤਰ ਵਿਚ ਪੰਜਾਬ ਨਾਲ ਕੀਤੇ ਮਤਰੇਈ ਮਾਂ ਵਾਲੇ ਸਲੂਕ ਲਈ ਕਾਂਗਰਸ ਪਾਰਟੀ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਪੰਜਾਬ ਅਤੇ ਖਾਸ ਤੌਰ 'ਤੇ ਸਿੱਖ ਭਾਈਚਾਰਾ ਕਾਂਗਰਸ ਵੱਲੋਂ ਪੰਜਾਬ ਵਿਰੁੱਧ ਕੀਤੇ ਗੁਨਾਹਾਂ ਨੂੰ ਕਦੇ ਵੀ ਭੁੱਲ ਨਹੀਂ ਸਕਦਾ। ਸ. ਬਾਦਲ ਨੇ ਆਖਿਆ ਕਿ ਉਹ ਅਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਪੰਜਾਬ ਤੋਂ ਦਰਿਆਈ ਪਾਣੀ ਬਾਹਰ ਜਾਣ ਦਾ ਫੈਸਲਾ ਨਾ ਕਦੇ ਪ੍ਰਵਾਨ ਕੀਤਾ ਹੈ ਤੇ ਨਾ ਹੀ ਕਦੇ ਪ੍ਰਵਾਨ ਕਰਾਂਗੇ। ਸ. ਬਾਦਲ ਨੇ ਆਖਿਆ ਕਿ ਪੰਜਾਬ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਪਾਣੀ ਦੀ ਇੱਕ ਵੀ ਬੂੰਦ ਵਾਧੂ ਨਹੀਂ ਹੈ ਅਤੇ ਨਾ ਹੀ ਦਿੱਤਾ ਜਾਣਾ ਸੰਭਵ ਹੈ। ਇਸ ਸੰਦਰਭ ਵਿਚ ਲਿੰਕ ਨਹਿਰ ਬਣਾਉਣ ਦੀ ਨਾ ਕੋਈ ਲੋੜ ਸੀ, ਨਾ ਲੋੜ ਹੈ ਅਤੇ ਨਾ ਹੀ ਬਣਾਉਣੀ ਸੰਭਵ ਹੈ ਤੇ ਨਾ ਹੀ ਬਣਨ ਦੇਵਾਂਗੇ। ਇਸ ਮੌਕੇ ਕਿਸਾਨਾਂ ਦੇ ਰਾਖੇ ਵਜੋਂ ਮੁੱਖ ਮੰਤਰੀ ਨੂੰ 'ਕਿਸਾਨਾਂ ਦਾ ਮਸੀਹਾ' ਅਤੇ ਉਪ ਮੁੱਖ ਮੰਤਰੀ ਨੂੰ 'ਪਾਣੀਆਂ ਦਾ ਰਾਖਾ' ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਕਿਸਾਨਾਂ ਦੇ ਭਲੇ ਲਈ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਵਜੋਂ ਮੁੱਖ ਮੰਤਰੀ ਨੂੰ 'ਲੱਕੜ ਦਾ ਹੱਲ' ਜਦਕਿ ਉਪ ਮੁੱਖ ਮੰਤਰੀ ਨੂੰ 'ਖੂਹ' ਦੇ ਮਾਡਲ ਨਾਲ ਸਨਮਾਨਤ ਕੀਤਾ ਗਿਆ।
ਇਸ ਮੌਕੇ ਆਪਣੇ ਸੰਬੋਧਨ ਵਿਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਬਹੁਤ ਹੀ ਸੰਜੀਦਾ ਮਸਲੇ ਸਤਲੁਜ-ਯਮੁਨਾ ਲਿੰਕ ਨਹਿਰ 'ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਖੇਡੀ ਗਈ ਘਟੀਆ ਸਿਆਸਤ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਆਖਿਆ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸਿਆਸੀ ਮੌਕਾਪ੍ਰਸਤੀ ਦੇ ਸਿਖਰ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਮਸਲੇ 'ਤੇ ਉਨ੍ਹਾਂ ਦਾ ਦੋਗਲਾ ਚਰਿੱਤਰ ਸਾਹਮਣੇ ਆਇਆ ਹੈ। ਉਨ੍ਹਾਂ ਆਖਿਆ ਕਿ ਜਦੋਂ ਪੰਜਾਬ ਵਿਧਾਨ ਸਭਾ ਇਸ ਮਸਲੇ 'ਤੇ ਵਿਚਾਰ-ਚਰਚਾ ਕਰ ਰਹੀ ਸੀ ਅਤੇ ਕਿਸਾਨਾਂ ਨੂੰ ਐਕਵਾਇਰ ਕੀਤੀ ਜ਼ਮੀਨ ਵਾਪਸ ਕਰਨ ਲਈ ਬਿੱਲ ਲਿਆਂਦਾ ਜਾ ਰਿਹਾ ਸੀ ਤਾਂ ਉਸ ਵੇਲੇ ਕਾਂਗਰਸ ਦੇ ਵਿਧਾਇਕਾਂ ਨੇ ਸਦਨ 'ਚੋਂ ਵਾਕ-ਆਊਟ ਕਰਕੇ ਘਟੀਆ ਹੱਥਕੰਡੇ ਅਪਣਾਏ। ਆਮ ਆਦਮੀ ਪਾਰਟੀ 'ਤੇ ਵਰ੍ਹਦਿਆਂ ਉਪ ਮੁੱਖ ਮੰਤਰੀ ਨੇ ਆਖਿਆ ਕਿ ਇਸ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਸਲੇ 'ਤੇ ਪੰਜਾਬ ਦੇ ਹੱਕ ਵਿਚ ਬਿਆਨ ਦਿੱਤਾ, ਪਰ ਕੁਝ ਘੰਟਿਆਂ ਬਾਅਦ ਦਿੱਲੀ ਪਹੁੰਚਦਿਆਂ ਹੀ ਆਪਣੀ ਸੁਰ ਬਦਲ ਕੇ ਪੰਜਾਬ ਦੇ ਲੋਕਾਂ ਨਾਲ ਸਰੇਆਮ ਧੋਖਾ ਕੀਤਾ।
ਇਸ ਤੋਂ ਪਹਿਲਾਂ ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਸਦਾ ਹੀ ਪੰਜਾਬ ਦੇ ਹਿੱਤਾਂ ਦੇ ਰਖਵਾਲੇ ਵਜੋਂ ਸੇਵਾ ਕਰਦੇ ਆ ਰਹੇ ਹਨ ਤੇ ਸੂਬੇ ਦੇ ਪਾਣੀਆਂ ਸਮੇਤ ਹਰ ਮਸਲੇ 'ਤੇ ਉਨ੍ਹਾਂ ਦਾ ਸਟੈਂਡ ਅੰਤਿਮ ਹੁੰਦਾ ਹੈ। ਸਤਲੁਜ-ਯਮੁਨਾ ਲਿੰਕ ਨਹਿਰ ਲਈ ਐਕਵਾਇਰ ਕੀਤੀ ਜ਼ਮੀਨ ਡੀ-ਨੋਟੀਫਾਈ ਕਰਨ ਲਈ ਬਿੱਲ ਲਿਆ ਕੇ ਕਿਸਾਨਾਂ ਦੇ ਹਿੱਤ ਵਿਚ ਲਏ ਇਸ ਇਤਿਹਾਸਕ ਫੈਸਲੇ ਲਈ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਸ਼ਲਾਘਾ ਕਰਦਿਆਂ ਮਾਲ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਪਣੇ ਸੰਬੋਧਨ ਵਿਚ ਆਖਿਆ ਕਿ ਬਾਦਲ ਦੀ ਅਗਵਾਈ ਹੇਠ ਪੰਜਾਬ ਦੇ ਨੌਜਵਾਨ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ।
ਕੈਪਟਨ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਸੂਬੇ ਦੇ ਹਿੱਤ ਅਣਗੌਲਿਆਂ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਆਖਿਆ ਕਿ ਜਿਥੇ ਕੈਪਟਨ ਨੇ ਸਾਲ 1982 ਵਿਚ ਸਤਲੁਜ-ਯਮੁਨਾ ਲਿੰਕ ਨਹਿਰ ਦਾ ਨੀਂਹ ਪੱਥਰ ਰੱਖਣ ਦਾ ਸੁਆਗਤ ਕੀਤਾ ਸੀ, ਉਥੇ ਹੀ ਕੇਜਰੀਵਾਲ ਵੱਲੋਂ ਪੰਜਾਬ ਦੇ ਦੌਰੇ ਤੋਂ ਕੁਝ ਘੰਟਿਆਂ ਬਾਅਦ ਹੀ ਪਾਣੀਆਂ ਦੇ ਮਸਲੇ 'ਤੇ ਆਪਣਾ ਸਟੈਂਡ ਬਦਲ ਲੈਣ ਨਾਲ ਉਸ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ ਹੈ। ਲਿੰਕ ਨਹਿਰ ਦੀ ਉਸਾਰੀ ਕਿਸੇ ਵੀ ਸੂਰਤ ਵਿਚ ਨਾ ਹੋਣ ਦੇਣ ਲਈ ਬਾਦਲ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਪੇਸ਼ ਕੀਤੇ ਮਤੇ ਦਾ ਸੁਆਗਤ ਕਰਦਿਆਂ ਮਜੀਠੀਆ ਨੇ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਕੈਪਟਨ ਸਰਕਾਰ ਵੱਲੋਂ ਸਾਲ 2004 ਵਿਚ ਲਿਆਂਦੇ ਬਿੱਲ 'ਚ ਬਹੁਤ ਖਾਮੀਆਂ ਸਨ, ਪਰ ਸ. ਬਾਦਲ ਦੀ ਅਗਵਾਈ ਵਿਚ ਪੰਜਾਬ ਵਿਧਾਨ ਸਭਾ ਵੱਲੋਂ ਸਰਬ-ਸੰਮਤੀ ਨਾਲ 'ਪੰਜਾਬ ਸਤਲੁਜ-ਯਮੁਨਾ ਲਿੰਕ ਕਨਾਲ ਲੈਂਡ (ਟਰਾਂਸਫਰ ਆਫ ਪ੍ਰੋਪਰਾਇਟਰੀ ਰਾਈਟਜ਼) ਬਿੱਲ-2016' ਪਾਸ ਕੀਤੇ ਜਾਣ ਨਾਲ ਇਹ ਯਕੀਨੀ ਬਣਾ ਦਿੱਤਾ ਗਿਆ ਹੈ ਕਿ ਕਿਸੇ ਵੀ ਸੂਰਤ ਵਿਚ ਸਤਲੁਜ-ਯਮੁਨਾ ਲਿੰਕ ਨਹਿਰ ਦੀ ਉਸਾਰੀ ਨਹੀਂ ਹੋਵੇਗੀ, ਕਿਉਂਕਿ ਪੰਜਾਬ ਕੋਲ ਇੱਕ ਤੁਪਕਾ ਵੀ ਪਾਣੀ ਕਿਸੇ ਦੂਜੇ ਸੂਬੇ ਨੂੰ ਦੇਣ ਲਈ ਨਹੀਂ ਹੈ। ਸ. ਮਜੀਠੀਆ ਨੇ ਆਖਿਆ ਕਿ ਲਿੰਕ ਨਹਿਰ ਲਈ ਐਕਵਾਇਰ ਕੀਤੀ ਜ਼ਮੀਨ ਇਸ ਦੇ ਮਾਲਕਾਂ ਨੂੰ ਮੁਫਤ ਵਿਚ ਵਾਪਸ ਕਰਨ ਅਤੇ ਨਹਿਰ ਦੀ ਉਸਾਰੀ ਲਈ ਹਾਸਲ ਕੀਤੀ 192 ਕਰੋੜ ਰੁਪਏ ਦੀ ਰਾਸ਼ੀ ਹਰਿਆਣਾ ਨੂੰ ਵਾਪਸ ਮੋੜਨ ਦੇ ਇਤਿਹਾਸਕ ਫੈਸਲਿਆਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਸ. ਬਾਦਲ ਦੀ ਅਗਵਾਈ ਹੇਠ ਹੀ ਸੂਬੇ ਦੇ ਹਿੱਤ ਸੁਰੱਖਿਅਤ ਰੱਖੇ ਜਾ ਸਕਦੇ ਹਨ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦਾ ਸੁਆਗਤ ਕਰਦਿਆਂ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਚੁੱਕੇ ਲੀਹੋਂ ਹਟਵੇਂ ਕਦਮਾਂ ਲਈ ਸੂਬੇ ਦੇ ਲੋਕ ਇਨ੍ਹਾਂ ਦੋਵਾਂ ਆਗੂਆਂ ਦੇ ਸਦਾ ਰਿਣੀ ਰਹਿਣਗੇ। ਉਨ੍ਹਾਂ ਨੇ ਕਿਸਾਨਾਂ ਦੇ ਕਰਜ਼ਿਆਂ ਬਾਰੇ ਕਾਨੂੰਨ ਬਣਾਉਣ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਘਿਨਾਉਣੇ ਜੁਰਮ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦਾ ਉਪਬੰਧ ਕਰਨ ਲਈ ਮੁੱਖ ਮੰਤਰੀ ਤੇ ਉਪ-ਮੁੱਖ ਮੰਤਰੀ ਦੀ ਭਰਵੀਂ ਸ਼ਲਾਘਾ ਕੀਤੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ, ਜਿਥੇ ਉਨ੍ਹਾਂ ਨੂੰ ਜਥੇਦਾਰ ਗਿਆਨੀ ਮੱਲ ਸਿੰਘ ਨੇ ਸਿਰਪਾਓ ਬਖਸ਼ਿਸ਼ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਤੇ ਸ੍ਰੀ ਮਦਨ ਮੋਹਨ ਮਿੱਤਲ, ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਬਲਵਿੰਦਰ ਸਿੰਘ ਭੂੰਦੜ, ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਵਿਧਾਇਕ ਬੀਬੀ ਜਗੀਰ ਕੌਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਤੇ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਵਿਧਾਇਕ ਉਜਾਗਰ ਸਿੰਘ ਵਡਾਲੀ ਤੇ ਸਰਬਜੀਤ ਸਿੰਘ ਮੱਕੜ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ. ਐੱਸ. ਕਰੁਣਾ ਰਾਜੂ ਅਤੇ ਡਿਪਟੀ ਕਮਿਸ਼ਨਰ ਸ੍ਰੀ ਕਰਨੇਸ਼ ਸ਼ਰਮਾ ਹਾਜ਼ਰ ਸਨ।