ਮਹਿਬੂਬਾ ਮੁਫ਼ਤੀ ਹੋਵੇਗੀ ਜੰਮੂ-ਕਸ਼ਮੀਰ ਦੀ ਪਹਿਲੀ ਮਹਿਲਾ ਮੁੱਖ ਮੰਤਰੀ


ਜੰਮੂ/ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਪੀ ਡੀ ਪੀ ਦੀ ਮੁਖੀ ਮਹਿਬੂਬਾ ਮੁਫ਼ਤੀ ਜੰਮੂ-ਕਸ਼ਮੀਰ ਦੀ ਪਹਿਲੀ ਮੁੱਖ ਮੰਤਰੀ ਹੋਵੇਗੀ, ਕਿਉਂਕਿ ਜੰਮੂ-ਕਸ਼ਮੀਰ 'ਚ ਸਰਕਾਰ ਦੇ ਗਠਨ ਨੂੰ ਲੈ ਕੇ ਅੱਜ ਸਾਰੀਆਂ ਅੜਚਨਾਂ ਦੂਰ ਹੋ ਗਈਆਂ ਅਤੇ ਪੀ ਡੀ ਪੀ-ਭਾਜਪਾ ਗੱਠਜੋੜ ਸਰਕਾਰ ਦੇ ਗਠਨ ਦਾ ਰਾਹ ਸਾਫ਼ ਹੋ ਗਿਆ।
ਜੰਮੂ 'ਚ ਅੱਜ ਸਵੇਰੇ ਭਾਜਪਾ ਵਿਧਾਨਕਾਰ ਪਾਰਟੀ ਦੀ ਮੀਟਿੰਗ 'ਚ ਪੀ ਡੀ ਪੀ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਮੀਟਿੰਗ ਮਗਰੋਂ ਇੱਕ ਪਾਰਟੀ ਆਗੂ ਨੇ ਦਸਿਆ ਕਿ ਭਾਜਪਾ ਦੇ ਨਿਰਮਲ ਸਿੰਘ ਗੱਠਜੋੜ ਸਰਕਾਰ 'ਚ ਉਪ ਮੁੱਖ ਮੰਤਰੀ ਹੋਣਗੇ। ਉਨ੍ਹਾ ਕਿਹਾ ਕਿ ਪਾਰਟੀ ਦਾ ਇੱਕ ਵਫ਼ਦ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਦੀ ਹਮਾਇਤ ਬਾਰੇ ਪੱਤਰ ਉਨ੍ਹਾ ਨੂੰ ਦੇਵੇਗਾ।
ਭਾਰਤੀ ਜਨਤਾ ਪਾਰਟੀ ਨੇ ਸਾਫ਼ ਕੀਤਾ ਹੈ ਕਿ ਦੋਹਾਂ ਪਾਰਟੀਆਂ ਦਾ ਇੱਕ ਸਾਂਝਾ ਵਫ਼ਦ ਰਾਜਪਾਲ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗਾ। ਇਸੇ ਦੌਰਾਨ ਜੰਮੂ-ਕਸ਼ਮੀਰ ਭਾਜਪਾ ਪ੍ਰਧਾਨ ਸਤ ਸ਼ਰਮਾ ਨੇ ਕਿਹਾ ਹੈ ਕਿ ਭਾਜਪਾ ਅਤੇ ਪੀ ਡੀ ਪੀ ਏਜੰਡੇ ਦੇ ਅਧਾਰ 'ਤੇ ਸਰਕਾਰ ਬਣਾਉਣਗੇ ਅਤੇ ਗੱਠਜੋੜ ਦੇ ਏਜੰਡੇ 'ਚ ਕਿਸੇ ਤਰ੍ਹਾਂ ਦਾ ਬਦਲਾਅ ਨਹੀਂ ਕੀਤਾ ਜਾਵੇਗਾ। ਉਨ੍ਹਾ ਦੱਸਿਆ ਕਿ ਭਾਜਪਾ ਵਿਧਾਨਕਾਰ ਪਾਰਟੀ ਦੀ ਮੀਟਿੰਗ 'ਚ ਨਿਰਮਲ ਸਿੰਘ ਨੂੰ ਸਰਬ-ਸੰਮਤੀ ਨਾਲ ਆਗੂ ਚੁਣ ਲਿਆ ਗਿਆ।
ਦੂਜੇ ਪਾਸੇ ਮਹਿਬੂਬਾ ਮੁਫ਼ਤੀ ਦੇ ਮੁੱਖ ਮੰਤਰੀ ਬਨਣ ਦਾ ਰਾਹ ਪੱਧਰਾ ਕਰਦਿਆਂ ਪੀ ਡੀ ਪੀ ਦੇ ਵਿਧਾਇਕਾਂ ਦੀ ਮੀਟਿੰਗ 'ਚ ਉਨ੍ਹਾਂ ਨੂੰ ਸਰਬ-ਸੰਮਤੀ ਨਾਲ ਪਾਰਟੀ ਆਗੂ ਚੁਣਿਆ ਗਿਆ ਅਤੇ ਪਾਰਟੀ ਨੇ ਉਨ੍ਹਾ ਨੂੰ ਮੁੱਖ ਮੰਤਰੀ ਅਹੁਦੇ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ।
ਇਸ ਤੋਂ ਪਹਿਲਾਂ ਭਾਜਪਾ ਹਾਈ ਕਮਾਂਡ ਵੱਲੋਂ ਭੇਜੇ ਗਏ ਆਬਜ਼ਰਵਰਾਂ ਰਾਮ ਮਾਧਵ ਅਤੇ ਜਿਤੇਂਦਰ ਸਿੰਘ ਨੇ ਭਾਜਪਾ ਵਿਧਾਇਕਾਂ ਨਾਲ ਸੂਬੇ ਦੀ ਸਿਆਸੀ ਸਥਿਤੀ ਬਾਰੇ ਗੱਲਬਾਤ ਕੀਤੀ ਅਤੇ ਉਸ ਮਗਰੋਂ ਭਾਜਪਾ ਵਿਧਾਇਕਾਂ ਦੀ ਮੀਟਿੰਗ 'ਚ ਪੀ ਡੀ ਪੀ ਦੀ ਅਗਵਾਈ ਹੇਠ ਸਰਕਾਰ ਬਣਾਉਣ ਬਾਰੇ ਫ਼ੈਸਲਾ ਲਿਆ ਹੈ। ਮਗਰੋਂ ਭਾਜਪਾ ਦੇ ਇੱਕ ਤਰਜਮਾਨ ਨੇ ਕਿਹਾ ਕਿ ਭਾਜਪਾ ਨੇ ਪੀ ਡੀ ਪੀ ਦੀ ਕੋਈ ਨਵੀਂ ਸ਼ਰਤ ਨਹੀਂ ਮੰਨੀ। ਜ਼ਿਕਰਯੋਗ ਹੈ ਕਿ ਰਾਜਪਾਲ ਐਨ ਐਨ ਵੋਰਾ ਨੇ ਪੀ ਡੀ ਪੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਅਤੇ ਸੂਬਾ ਭਾਜਪਾ ਪ੍ਰਧਾਨ ਸਤ ਸ਼ਰਮਾ ਨੂੰ ਪੱਤਰ ਲਿਖ ਕੇ ਸੂਬੇ ਦੀ ਸਿਆਸੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਸ਼ੁੱਕਰਵਾਰ ਮਿਲਣ ਲਈ ਸੱਦਿਆ ਸੀ। ਬੀਤੇ ਦਿਨੀਂ ਪੀ ਡੀ ਪੀ ਆਗੂ ਮਹਿਬੂਬਾ ਮੁਫ਼ਤੀ ਨੇ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ ਅਤੇ ਉਸੇ ਸਮੇਂ ਚਰਚਾ ਸ਼ੁਰੂ ਹੋ ਗਹੀ ਸੀ ਕਿ ਸੂਬੇ 'ਚ ਪੀ ਡੀ ਪੀ-ਭਾਜਪਾ ਗੱਠਜੋੜ ਸਰਕਾਰ ਦਾ ਛੇਤੀ ਗਠਨ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਮਹਿਬੂਬਾ ਮੁਫ਼ਤੀ ਇਸ ਵੇਲੇ ਵਿਧਾਨ ਸਭਾ ਜਾਂ ਵਿਧਾਨ ਪ੍ਰੀਸ਼ਦ ਦੀ ਮੈਂਬਰ ਨਹੀਂ। ਉਹ ਇਸ ਵੇਲੇ ਲੋਕ ਸਭਾ ਮੈਂਬਰ ਹੈ। ਅੱਜ ਵਿਧਾਨਕਾਰ ਪਾਰਟੀ ਦੀ ਮੀਟਿੰਗ ਤੋਂ ਪਹਿਲਾਂ ਮਹਿਬੂਬਾ ਆਪਣੇ ਪਿਤਾ ਮੁਫ਼ਤੀ ਮੁਹੰਮਦ ਸਈਦ ਦੀ ਕਬਰ 'ਤੇ ਗਈ। ਪੀ ਡੀ ਪੀ ਆਗੂ ਮੁਜ਼ੱਫ਼ਰ ਬੇਗ ਨੇ ਕਿਹਾ ਕਿ ਮਹਿਬੂਬਾ ਮੁਫ਼ਤੀ ਨੇ ਪੀ ਡੀ ਪੀ ਅਤੇ ਭਾਜਪਾ ਵਿਚਕਾਰ ਗੱਠਜੋੜ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਲੰਮੀ ਮੁਲਾਕਾਤ ਕੀਤੀ। ਉਨ੍ਹਾ ਕਿਹਾ ਕਿ ਗੱਠਜੋੜ ਦੇ ਏਜੰਡੇ 'ਚ ਬਦਲਾਅ ਦਾ ਸੁਅਲ ਹੀ ਪੈਦਾ ਨਹੀਂ ਹੁੰਦਾ।