ਕਿਸੇ 'ਤੇ ਠੋਸਿਆ ਨਹੀਂ ਜਾਣਾ ਚਾਹੀਦਾ 'ਭਾਰਤ ਮਾਤਾ ਦੀ ਜੈ' ਦਾ ਨਾਅਰਾ; ਸੰਘ ਮੁਖੀ ਵੱਲੋਂ ਪਲਟੀ

ਲਖਨਊ (ਨਵਾਂ ਜ਼ਮਾਨਾ ਸਰਵਿਸ)
ਦੇਸ਼ 'ਚ ਭਾਰਤ ਮਾਤਾ ਦੀ ਜੈ ਆਖਣ ਅਤੇ ਅਖਵਾਉਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਦਰਮਿਆਨ ਰਾਸ਼ਟਰੀ ਸਵੈਮ ਸੇਵਕ ਸੰਘ (ਆਰ ਐੱਸ ਐੱਸ) ਦੇ ਮੁਖੀ ਮੋਹਨ ਭਾਗਵਤ ਨੇ ਇਸ ਮੁੱਦੇ 'ਤੇ ਅਚਾਨਕ ਮੋੜਾ ਕੱਟਦਿਆਂ ਕਿਹਾ ਹੈ ਕਿ ਭਾਰਤ ਮਾਤਾ ਦੀ ਜੈ ਕਿਸੇ 'ਤੇ ਠੋਸਿਆ ਨਾ ਜਾਵੇ, ਸਗੋਂ ਕਾਰਕੁਨ ਅਤੇ ਸੰਘ ਵਰਕਰ ਅਜਿਹੇ ਆਦਰਸ਼ ਕੰਮ ਕਰਨ ਜਿਨ੍ਹਾਂ ਨੂੰ ਦੇਖ ਕੇ ਲੋਕ ਖੁਦ ਭਾਰਤ ਮਾਤਾ ਦੀ ਜੈ ਆਖਣ।
ਸੂਤਰਾਂ ਅਨੁਸਾਰ ਸੰਘ ਦੇ ਸਟੈਂਡ ਵਿੱਚ ਇਹ ਬਦਾਲਾਅ ਸਹਿਯੋਗੀ ਪਾਰਟੀ ਸ਼ਿਵ ਸੈਨਾ ਦੇ ਇਸ ਬਿਆਨ ਮਗਰੋਂ ਆਇਆ ਹੈ ਕਿ ਭਾਜਪਾ ਨੇ ਜੰਮ-ਕਸ਼ਮੀਰ ਵਿੱਚ ਪੀ ਡੀ ਪੀ ਨਾਲ ਗੱਠਜੋੜ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਹੈ, ਪਰ ਕੀ ਮਹਿਬੂਬਾ ਮੁਫਤੀ ਮੁੱਖ ਮੰਤਰੀ ਅੁਹਦੇ ਦਾ ਹਲਫ ਲੈਣ ਤੋਂ ਪਹਿਲਾਂ ਭਾਰਤ ਮਾਤਾ ਦੀ ਜੈ ਦਾ ਨਾਅਰਾ ਲਾਵੇਗੀ।
ਅੱਜ ਲਖਨਊ ਵਿੱਚ ਇੱਕ ਸਮਾਰੋਹ ਵਿੱਚ ਭਾਗਵਤ ਨੇ ਕਿਹਾ ਕਿ ਉਨ੍ਹਾ ਕੋਲਕਾਤਾ ਵਿੱਚ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਸਾਰਾ ਸੰਸਾਰ ਭਾਰਤ ਮਾਤਾ ਦੀ ਜੈ ਬੋਲੇ, ਪਰ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਕਿਸੇ 'ਤੇ ਠੋਸਿਆ ਨਹੀਂ ਜਾਣਾ ਚਾਹੀਦਾ।
ਭਾਗਵਤ ਦੇ ਇਸ ਬਿਆਨ ਮਗਰੋਂ ਐੱਮ ਆਈ ਐੱਮ ਦੇ ਅਸਦੁਦੀਨ ਓਵੈਸੀ ਨੇ ਕਿਹਾ ਸੀ ਕਿ ਜੇ ਭਾਗਵਤ ਉਨ੍ਹਾਂ ਦੀ ਧੌਣ 'ਤੇ ਚਾਕੂ ਰੱਖ ਕੇ ਵੀ ਅਜਿਹਾ ਆਖਣ ਲਈ ਕਹਿਣਗੇ ਤਾਂ ਵੀ ਉਹ ਭਾਰਤ ਮਾਤਾ ਦੀ ਜੈ ਨਹੀਂ ਆਖਣਗੇ।