ਸ਼ਰਾਬ ਸਿੰਡੀਕੇਟ ਅੱਗੇ ਬੇਵੱਸ ਹੋਇਆ ਆਬਕਾਰੀ ਵਿਭਾਗ


ਬਠਿੰਡਾ (ਬਖਤੌਰ ਢਿੱਲੋਂ)-ਰਾਜ ਦਾ ਆਬਕਾਰੀ ਵਿਭਾਗ ਸ਼ਰਾਬ ਸਿੰਡੀਕੇਟ ਸਾਹਮਣੇ ਇਸ ਕਦਰ ਬੇਵੱਸ ਹੋ ਕੇ ਰਹਿ ਗਿਆ ਕਿ 27 ਮਾਰਚ ਨੂੰ ਅਲਾਟ ਹੋ ਚੁੱਕੇ 8 ਜ਼ੋਨਾਂ ਸਮੇਤ ਨਾ ਸਿਰਫ ਨਿਲਾਮੀ ਦੇ ਸਮੁੱਚੇ ਅਮਲ ਨੂੰ ਹੀ ਰੱਦ ਕਰ ਦਿੱਤਾ, ਬਲਕਿ ਡਾਢਿਆਂ ਦੀਆਂ ਸ਼ਰਤਾਂ ਨੂੰ ਪ੍ਰਵਾਨ ਕਰਕੇ ਕੱਲ੍ਹ ਹੋਣ ਵਾਲੀ ਮੁੜ ਅਲਾਟਮੈਂਟ ਦੇ ਢਮਢਮੇ ਨੂੰ ਖੁੱਲ੍ਹੀ ਬੋਲੀ ਦੀ ਬਜਾਏ ਆਪਣੇ ਦਫਤਰ ਤੱਕ ਹੀ ਸੀਮਿਤ ਕਰ ਲਿਆ ।
ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਇਸ ਜ਼ਿਲੇ ਨੂੰ 20 ਜ਼ੋਨਾਂ ਵਿੱਚ ਵੰਡ ਕੇ ਕਰ ਅਤੇ ਆਬਕਾਰੀ ਵਿਭਾਗ ਨੇ 27 ਮਾਰਚ ਨੂੰ ਇੱਥੋਂ ਦੇ ਇੱਕ ਮੈਰਿਜ ਪੈਲਿਸ ਵਿਖੇ ਡਰਾਅ ਕੱਢਣ ਦਾ ਪ੍ਰੋਗਰਾਮ ਆਯੋਜਿਤ ਕੀਤਾ ਸੀ ।10 ਜ਼ੋਨਾਂ ਦੀ ਅਲਾਟਮੈਂਟ ਦਾ ਕੰਮ ਤਾਂ ਸਹਿਜੇ ਹੀ ਨਿਪਟ ਗਿਆ, ਪਰ ਜਦ ਕੋਟਫੱਤਾ ਜ਼ੋਨ ਦੀ ਵਾਰੀ ਆਈ ਤਾਂ ਵਿਭਾਗੀ ਕਰਮਚਾਰੀਆਂ 'ਤੇ ਬੇਭਰੋਸਗੀ ਪ੍ਰਗਟ ਕਰਦਿਆਂ ਇੱਕ ਸ਼ਖਸ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਰਸ਼ਨ ਨਿਯੁਕਤ ਕੀਤੀ ਏ.ਡੀ.ਸੀ ਵਿਕਾਸ ਨੂੰ ਖੁਦ ਪਰਚੀ ਕੱਢਣ ਲਈ ਬੇਨਤੀ ਕਰ ਦਿੱਤੀ । ਏ.ਡੀ.ਸੀ ਨੇ ਜਦ ਪਰਚੀ ਪੜ੍ਹੀ ਤਾਂ ਉਸ ਮੁਤਾਬਕ ਇਹ ਜ਼ੋਨ ਹਰੀਸ਼ ਕੁਮਾਰ ਨਾਂਅ ਦੇ ਸ਼ਰਾਬ ਕਾਰੋਬਾਰੀ ਦੇ ਗਰੁੱਪ ਦੇ ਹੱਕ ਵਿੱਚ ਚਲਾ ਗਿਆ ।ਇਸ ਗੁਰੱਪ ਨੇ ਲੋੜੀਂਦੀ ਰਕਮ ਮੌਕੇ 'ਤੇ ਹੀ ਜਮ੍ਹਾਂ ਕਰਵਾ ਦਿੱਤੀ ।
ਬੱਸ ਫਿਰ ਕੀ ਸੀ ਮਹਿਤਾ ਗਰੁੱਪ ਨਾਲ ਸੰਬੰਧਤ ਸ਼ਰਾਬ ਦੇ ਵੱਡੇ ਕਾਰੋਬਾਰੀਆਂ ਨੇ ਅਲਾਟਮੈਂਟ ਦਾ ਬਾਈਕਾਟ ਕਰਕੇ ਬਾਹਰ ਜਾਣ ਦਾ ਐਲਾਨ ਕਰ ਦਿੱਤਾ । ਇੱਥੇ ਹੀ ਬਸ ਨਹੀਂ ਉਨ੍ਹਾਂ ਦੇ ਗਰੁੱਪ ਨੂੰ ਅਲਾਟ ਹੋਏ ਨਵਾਂ ਪਿੰਡ, ਰਾਮਾਂ ਮੰਡੀ ਅਤੇ ਨਥਾਣਾ ਜ਼ੋਨਾਂ ਦੀ ਜੋ 2 ਫੀਸਦੀ ਰਕਮ ਮੌਕੇ 'ਤੇ ਜਮ੍ਹਾਂ ਕਰਵਾਉਣੀ ਸੀ, ਉਨ੍ਹਾਂ ਨੇ ਉਸ ਤੋਂ ਵੀ ਇਨਕਾਰ ਕਰ ਦਿੱਤਾ ।ਸ਼ਰਾਬ ਦੇ ਸਿੰਡੀਕੇਟ ਨੂੰ ਮਨਾਉਣ ਲਈ ਆਬਕਾਰੀ ਵਿਭਾਗ ਦੇ ਅਧਿਕਾਰੀ ਕੱਲ੍ਹ ਤੱਕ ਯਤਨਸ਼ੀਲ ਰਹੇ, ਪਰ ਜਦ ਉਨ੍ਹਾਂ ਹਾਂ ਨਾ ਭਰੀ ਤਾਂ ਆਖਿਰ ਵਿਭਾਗ ਵੱਡੇ ਸ਼ਰਾਬ ਕਾਰੋਬਾਰੀਆਂ ਅੱਗੇ ਲਿਫ ਗਿਆ ।
ਅੱਜ ਦੇ ਇੱਕ ਅੰਗਰੇਜ਼ੀ ਅਖਬਾਰ ਵਿੱਚ ਪ੍ਰਕਾਸ਼ਿਤ ਹੋਏ ਇਸ਼ਤਿਹਾਰ ਅਨੁਸਾਰ ਸਮੁੱਚੇ ਜ਼ਿਲ੍ਹੇ ਲਈ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਕੱਲ੍ਹ ਨੂੰ ਸਥਾਨਕ ਆਬਕਾਰੀ ਵਿਭਾਗ ਦੇ ਦਫਤਰ ਵਿਖੇ ਹੋਵੇਗੀ, ਜਿਸ ਲਈ ਅੱਜ ਸ਼ਾਮ ਤੱਕ ਪਰਚੀਆਂ ਪਾਈਆਂ ਜਾ ਸਕਦੀਆਂ ਹਨ।ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਰਾਬ ਸਿੰਡੀਕੇਟ ਦੀ ਸ਼ਰਤ ਮੁਤਾਬਕ 20 ਜ਼ੋਨਾਂ ਨੂੰ ਖਤਮ ਕਰਕੇ ਸਮੁੱਚੇ ਜ਼ਿਲ੍ਹੇ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾ ਚੁੱਕਿਆ ਹ,ੈ ਜਿਸ ਦਾ ਸਿੱਧਾ ਜਿਹਾ ਅਰਥ ਇਹ ਹੈ ਕਿ ਸਿੰਡੀਕੇਟ ਤੋਂ ਇਲਾਵਾ ਹੋਰ ਕਿਸੇ ਲਈ ਇਸ ਮੁਕਾਬਲੇ ਵਿੱਚ ਖੜਨਾ ਅਸੰਭਵ ਹੈ ।
ਕਾਇਦੇ ਅਨੁਸਾਰ ਪਾਰਦਰਸ਼ਿਤਾ ਨੂੰ ਯਕੀਨੀ ਬਣਾਉਣ ਲਈ ਸ਼ਰਾਬ ਦੇ ਕਾਰੋਬਾਰ ਦੀ ਅਲਾਟਮੈਂਟ ਕਿਸੇ ਅਜਿਹੀ ਥਾਂ ਕਰਵਾਉਣੀ ਲਾਜ਼ਮੀ ਹੈ, ਜਿੱਥੇ ਮੀਡੀਆ ਪ੍ਰਤੀਨਿਧਾਂ ਤੋਂ ਇਲਾਵਾ ਬੋਲੀ ਵਿੱਚ ਹਿੱਸਾ ਲੈਣ ਵਾਲੇ ਬੋਲੀ ਕਾਰ ਵੀ ਅਸਾਨੀ ਨਾਲ ਜਾ ਸਕਣ ।ਜੇ ਇਸ ਮਾਮਲੇ ਨੂੰ ਅਕਸਾਈਜ਼ ਵਿਭਾਗ ਦੇ ਦਫਤਰ ਤੱਕ ਹੀ ਸੀਮਿਤ ਕਰ ਦਿੱਤਾ ਜਾਵੇ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਇੱਕ ਦਾਣਾ ਹੀ ਨਹੀ ਸਗੋਂ ਸਮੁੱਚੀ ਦਾਲ ਹੀ ਕਾਲੀ ਹੈ ।ਦੂਜੇ ਪਾਸੇ ਜਿਸ ਠੇਕੇਦਾਰ ਨੂੰ 27 ਮਾਰਚ ਦੀ ਨਿਲਾਮੀ ਦੌਰਾਨ ਕੋਟਫੱਤਾ ਜ਼ੋਨ ਅਲਾਟ ਹੋਇਆ ਸੀ, ਉਸ ਨੇ ਅਕਸਾਈਜ਼ ਵਿਭਾਗ ਦੇ ਤਾਜ਼ਾ ਫੈਸਲੇ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਖੇ ਚੁਣੌਤੀ ਦੇਣ ਦਾ ਫੈਸਲਾ ਕਰ ਲਿਆ ਹੈ ।
ਇਸ ਸੰਬੰਧੀ ਐਕਸਾਈਜ਼ ਵਿਭਾਗ ਦੇ ਅਧਿਕਾਰੀ ਪਰਮੋਦ ਪਰਮਾਰ ਦਾ ਕਹਿਣਾ ਸੀ ਕਿ 27 ਮਾਰਚ ਵਾਲੀ ਬੋਲੀ ਰੱਦ ਕਰਕੇ ਵੀਰਵਾਰ ਨੂੰ ਰੱਖੀ ਗਈ ਹੈ ਅਤੇ ਜ਼ੋਨ ਘਟਾਉਣ ਸੰਬੰਧੀ ਪੁੱਛਣ 'ਤੇ ਉਨ੍ਹਾਂ ਦਾ ਕਹਿਣਾ ਸੀ ਕਿ ਖਰੀਦਦਾਰ ਨਹੀਂ ਮਿਲ ਰਹੇ ।