ਕੋਲਕਾਤਾ 'ਚ ਡਿੱਗਿਆ ਓਵਰ ਬ੍ਰਿਜ ਦਾ ਹਿੱਸਾ, 18 ਹਲਾਕ


ਕੋਲਕਾਤਾ (ਨਵਾਂ ਜ਼ਮਾਨਾ ਸਰਵਿਸ)
ਕੋਲਕਾਤਾ 'ਚ ਅੱਜ ਦੁਪਹਿਰ ਇੱਕ ਦਿਲ ਦਹਿਲਾਉਣ ਵਾਲੇ ਹਾਦਸੇ 'ਚ ਉਸਾਰੀ ਅਧੀਨ ਪੁਲ ਦਾ ਇੱਕ ਹਿੱਸਾ ਅਚਾਨਕ ਡਿੱਗ ਪੈਣ ਨਾਲ 18 ਵਿਅਕਤੀਆਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖ਼ਮੀ ਹੋ ਗਏ। ਅਧਿਕਾਰੀਆਂ ਅਨੁਸਾਰ ਸੈਂਕੜੇ ਲੋਕ ਪੁਲ ਦੇ ਮਲਬੇ ਹੇਠ ਦੱਬੇ ਗਏ, ਜਿਨ੍ਹਾਂ ਨੂੰ ਕੱਢਣ ਲਈ ਜੰਗੀ ਪੱਧਰ 'ਤੇ ਰਾਹਤ ਅਤੇ ਬਚਾਅ ਕਾਰਜ ਚਲਾਏ ਜਾ ਰਹੇ ਹਨ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹਾਦਸੇ ਦਾ ਪਤਾ ਚਲਦਿਆਂ ਹੀ ਮੌਕੇ ਲਈ ਰਵਾਨਾ ਹੋ ਗਈ ਅਤੇ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਵਾਰਾਂ ਨੂੰ 5-5 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ ਦੋ-ਦੋ ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਣੇਸ਼ ਟਾਕੀਜ਼ (ਗਿਰੀਸ਼ ਪਾਰਕ) ਨੇੜੇ ਉਸਾਰੀ ਅਧੀਨ ਪੁਲ ਦਾ ਇੱਕ ਹਿੱਸਾ ਅਚਾਨਕ ਡਿੱਗ ਪਿਆ। ਅਧਿਕਾਰੀਆਂ ਨੇ 18 ਮੌਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੈਂਕੜੇ ਲੋਕ ਅਤੇ ਵੱਡੀ ਗਿਣਤੀ 'ਚ ਗੱਡੀਆਂ ਪੁਲ ਦੇ ਮਲਬੇ ਹੇਠਾਂ ਦੱਬੀਆਂ ਪਈਆਂ ਹਨ, ਇਸ ਲਈ ਮੌਤਾਂ ਦੀ ਗਿਣਤੀ 'ਚ ਵਾਧੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਮੌਕੇ 'ਤੇ ਪੁਲ ਦੇ ਗਾਰਡਰਾਂ ਨੂੰ ਕਟਣ ਅਤੇ ਮਲਬੇ 'ਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕੌਮੀ ਆਫ਼ਤ ਰਿਲੀਫ਼ ਫੋਰਸ ਦੀ ਟੀਮ ਵੱਲੋਂ ਗੈਸਕਟਰ ਨਾਲ ਗਾਰਡਰਾਂ ਨੂੰ ਕਟਿਆ ਜਾ ਰਿਹਾ ਹੈ ਅਤੇ ਫ਼ੌਜ, ਨੀਮ ਫ਼ੌਜੀ ਦਸਤਿਆਂ, ਬਚਾਅ ਅਤੇ ਰਾਤ ਏਜੰਸੀਆਂ ਵੱਲੋਂ ਸਥਾਨਕ ਲੋਕਾਂ ਦੀ ਮਦਦ ਨਾਲ ਫਸੇ ਲੋਕਾਂ ਨੂੰ ਸਹੀ ਸਲਾਮਤ ਬਚਾਉਣ ਲਈ ਜੰਗੀ ਪੱਧਰ 'ਤੇ ਬਚਾਅ ਅਤੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਹਾਦਸੇ ਦੇ ਕਾਰਨਾਂ ਬਾਰੇ ਅਜੇ ਤੱਕ ਪਤਾ ਨਹੀਂ ਚੱਲ ਸਕਿਆ, ਪਰ ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਸੂਬੇ ਦੇ ਮੁਖ ਸਕੱਤਰ, ਗ੍ਰਹਿ ਸਕੱਤਰ ਸਮੇਤ ਸਾਰੇ ਸੀਨੀਅਰ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪੁੱਜ ਗਏ। ਚਸ਼ਮਦੀਦਾਂ ਅਨੁਸਾਰ ਫਲਾਈ ਓਵਰ ਦੇ ਮਲਬੇ ਹੇਠਾਂ ਬਹੁਤ ਸਾਰੇ ਮੁਸਾਫ਼ਰ, ਗੱਡੀਆਂ, ਟਰੱਕ ਅਤੇ ਰਿਕਸ਼ਾ ਦੱਬੇ ਗਏ ਹਨ ਅਦੇ ਫਿਲਹਾਲ ਇਹ ਕਹਿਣਾ ਮੁਸ਼ਕਲ ਹੈ ਕਿ ਮਲਬੇ ਹੇਠਾਂ ਕਿੰਨੇ ਲੋਕ ਦੱਬੇ ਪਏ ਹਨ। ਉਨ੍ਹਾ ਦਸਿਆ ਕਿ ਪੁਲਸ, ਫਾਇਰ ਬ੍ਰਿਗੇਡ ਅਤੇ ਬਚਾਅ ਟੀਮ ਦੇ ਮੁਲਾਜ਼ਮ ਹਾਦਸੇ ਵਾਲੀ ਥਾਂ 'ਤੇ ਪੁੱਜ ਗਏ ਹਨ ਅਤੇ ਉਨ੍ਹਾ ਨੇ ਰਾਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ। ਮਲਬਾ ਹਟਾਉਣ ਲਈ ਕਰੇਨਾਂ ਨੂੰ ਕੰਮ 'ਤੇ ਲਾਇਆ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਓਵਰ ਬ੍ਰਿਜ ਦੇ ਨਿਰਮਾਣ 'ਚ ਧਾਂਦਲੀ ਦੀ ਕਈ ਵਾਰ ਸ਼ਿਕਾਇਤ ਕੀਤੀ ਗਈ, ਪਰ ਅਧਿਕਾਰੀਆਂ ਨੇ ਇਸ ਪਾਸੇ ਧਿਆਨ ਨਾ ਦਿੱਤਾ।
ਸੂਬੇ ਦੀਆਂ ਸਿਆਸੀ ਪਾਰਟੀਆਂ ਨੇ ਹਾਦਸੇ ਲਈ ਸੂਬਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਭਾਜਪਾ ਦੇ ਇੱਕ ਤਰਜਮਾਨ ਨੇ ਕਿਹਾ ਕਿ ਹਾਦਸੇ ਨਾਲ ਮਮਤਾ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਪੋਲ ਖੁੱਲ੍ਹ ਗਈ ਹੈ।