ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਪਵੇਗਾ : ਜਗਰੂਪ

ਨਾਭਾ (ਗੁਰਬਖਸ਼ ਸਿੰਘ)
ਸਰਵ ਭਾਰਤ ਨੌਜਵਾਨ ਸਭਾ ਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਏਟਕ, ਪੈਪਸੀ-ਕੋ ਵਰਕਰ ਯੂਨੀਅਨ ਏਟਕ, ਚੰਨੋ) ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਇਨਕਲਾਬੀ ਨਾਟਕ ਮੇਲਾ ਤੇ ਸ਼ਹੀਦੀ ਕਾਨਫਰੰਸ ਕਾਮਰੇਡ ਗੁਰਦੇਵ ਸਿੰਘ ਐਡਵੋਕੇਟ ਯਾਦਗਾਰੀ ਪੰਡਾਲ ਅਨਾਜ ਮੰਡੀ ਨਾਭਾ ਵਿਖੇ ਆਯੋਜਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਸਰਵ ਭਾਰਤ ਨੌਜਵਾਨ ਸਭਾ ਵੱਲੋਂ ਐਡਵੋਕੇਟ ਗੁਰਪ੍ਰੀਤਇੰਦਰ ਸਿੰਘ ਬੰਨੀ, ਪੈਪਸੀ-ਕੋ ਵਰਕਰ ਯੂਨੀਅਨ ਵੱਲੋਂ ਬਿਕਰਮਜੀਤ ਸਿੰਘ ਨਾਭਾ, ਨਰੇਗਾ ਕਾਮਿਆਂ ਵੱਲੋਂ ਕਿਰਨਪਾਲ ਕੌਰ ਧਨੌਰੀ ਨੇ ਕੀਤੀ। ਇਸ ਸਮੇਂ ਮੁੱਖ ਮਹਿਮਾਨ ਦੇ ਤੌਰ 'ਤੇ ਪੁੱਜੇ ਸੀ.ਪੀ.ਆਈ. ਦੀ ਕੌਮੀ ਕੌਂਸਲ ਦੇ ਮੈਂਬਰ ਜਗਰੂਪ ਸਿੰਘ ਤੇ ਸੀ.ਪੀ.ਆਈ. ਦੇ ਸੂਬਾ ਸਕੱਤਰੇਤ ਮੈਂਬਰ ਕਸ਼ਮੀਰ ਸਿੰਘ ਗਦਾਈਆ ਨੇ ਖਚਾਖਚ ਭਰੇ ਪੰਡਾਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ 23 ਮਾਰਚ ਦੇ ਸ਼ਹੀਦਾਂ ਦਾ ਸੁਪਨਾ ਪੂਰਾ ਕਰਨ ਲਈ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਅੱਗੇ ਆਉਣਾ ਪਵੇਗਾ। ਅੱਜ ਸੰਸਾਰ ਪੱਧਰ ਤੇ ਸਰਮਾਇਆ ਬਹੁਤ ਥੋੜ੍ਹੇ ਲੋਕਾਂ ਦੇ ਹੱਥਾਂ ਵਿੱਚ ਇਕੱਠਾ ਹੋ ਰਿਹਾ ਹੈ, ਜਿਸ ਕਰਕੇ ਲੋਕਾਂ ਦੀ ਖਰੀਦ ਸ਼ਕਤੀ ਘੱਟ ਰਹੀ ਹੈ, ਬਾਜ਼ਾਰਾਂ ਵਿੱਚ ਸੁੰਨਸਾਨ ਹੈ, ਕੰਮ ਨਾ ਹੋਣ ਕਾਰਨ ਬਹੁ-ਗਿਣਤੀ ਲੋਕ ਮਾਰੇ-ਮਾਰੇ ਫਿਰ ਰਹੇ ਹਨ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਕਾਰੋਬਾਰ ਉਜੜ ਰਹੇ ਹਨ, ਭੁੱਖਮਾਰੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ। ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੇ ਘੱਟ ਗਿਣਤੀ ਲੋਕਾਂ 'ਤੇ ਆਰ.ਐਸ.ਐੱਸ. ਰਾਹੀਂ ਅੱਤਿਆਚਾਰ ਕਰ ਰਹੀ ਹੈ, ਉਚੇਰੀ ਵਿੱਦਿਆ ਦੇ ਕੇਂਦਰ ਆਰ.ਐੱਸ.ਐੱਸ. ਆਪਣੇ ਕਬਜ਼ੇ ਵਿੱਚ ਲੈ ਕੇ ਵਿੱਦਿਆ ਦਾ ਭਗਵਾਂਕਰਨ ਕਰ ਰਹੀ ਹੈ, ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨਰੇਗਾ ਕਾਮਿਆਂ ਦੇ ਡੇਢ ਸੌ ਕਰੋੜ ਰੁਪਏ ਰੋਕ ਕੇ ਨਰੇਗਾ ਕਾਮਿਆਂ ਨੂੰ ਭੁੱਖਮਰੀ ਵੱਲ ਧੱਕ ਰਹੀ ਹੈ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸਰਵ ਭਾਰਤ ਨੌਜਵਾਨ ਸਭਾ ਦੀ ਸੀਨੀਅਰ ਸੂਬਾਈ ਮੀਤ ਪ੍ਰਧਾਨ ਨਰਿੰਦਰ ਕੌਰ ਸੋਹਲ ਤੇ ਦਲਜੀਤ ਕੌਰ ਗਦਾਈਆ, ਪੰਜਾਬ ਇਸਤਰੀ ਸਭਾ ਦੀ ਸੂਬਾਈ ਮੀਤ ਪ੍ਰਧਾਨ ਹਰਸ਼ਰਨਜੀਤ ਕੌਰ ਨੇ ਕਿਹਾ ਕਿ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨਸ਼ੇ ਅਤੇ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ, ਇਸ ਲਈ ਸਰਵ ਭਾਰਤ ਨੌਜਵਾਨ ਸਭਾ ਅਤੇ ਏ.ਆਈ.ਐੱਸ.ਐੱਫ ਵੱਲੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਤਹਿਤ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਐਕਟ ਬਣਉਣ ਲਈ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ, ਜਿਸ ਦੇਸ਼ ਵਿੱਚ ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਅਤੇ ਭਗਤ ਸਿੰਘ ਤੇ ਸਰਾਭੇ ਵਰਗੇ ਲੋਕ ਪੈਦਾ ਹੋਏ ਹਨ, ਜਿਨ੍ਹਾਂ ਨੇ ਔਰਤਾਂ ਦੇ ਬਰਾਬਰੀ ਵਾਲਾ ਸਮਾਜ ਸਿਰਜਣ ਲਈ ਆਪਣੀਆਂ ਜ਼ਿੰਦਗੀਆਂ ਲਾਈਆਂ, ਅੱਜ ਉਸੇ ਸਮਾਜ ਵਿੱਚ ਔਰਤਾਂ ਤੇ ਲੜਕੀਆਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ, ਸੋ ਔਰਤਾਂ ਤੇ ਲੜਕੀਆਂ ਨੂੰ ਸਮਾਜਵਾਦੀ ਪ੍ਰਬੰਧ ਸਿਰਜਣ ਲਈ ਅੱਗੇ ਆਉਣਾ ਪਵੇਗਾ। ਸਮਾਜਵਾਦੀ ਪ੍ਰਬੰਧ ਵਿੱਚ ਹੀ ਔਰਤਾਂ ਨੂੰ ਬਰਾਬਰ ਦੇ ਹੱਕ ਪ੍ਰਾਪਤ ਹੋ ਸਕਦੇ ਹਨ। ਇਹਨਾਂ ਤੋਂ ਇਲਾਵਾ ਇਸ ਸਮੇਂ ਸੰਬੋਧਨ ਕਰਨ ਵਾਲਿਆਂ ਵਿੱਚ ਪੈਪਸੀਕੋ ਵਰਕਰ ਯੂਨੀਅਨ ਦੇ ਕ੍ਰਿਸ਼ਨ ਭੜੋ, ਹਰਿੰਦਰ ਸਿੰਘ, ਗੁਰਜੀਤ ਸਿੰਘ, ਸੀ.ਪੀ.ਆਈ. ਦੇ ਤਹਿਸੀਲ ਸਕੱਤਰ ਸੋਹਣ ਸਿੰਘ ਸਿੱਧੂ, ਏਟਕ ਆਗੂ ਮਹਿੰਦਰਜੀਤ ਸਿੰਘ ਚੌਹਾਨ, ਬੈਂਕ ਇੰਪਲਾਈਜ ਆਗੂ ਰਮੇਸ਼ ਕਾਲੀਆ, ਐਡਵੋਕੇਟ ਗੁਰਮੀਤ ਲਵਲੀ, ਮੇਜਰ ਸਿੰਘ ਬਾਲਦ ਕਲਾਂ, ਸਵਰਨਜੀਤ ਕੌਰ ਟੋਰਡਵਾਲ, ਜਸਵੰਤ ਕੌਰ ਦੁਲੱਦੀ, ਜਸਵੰਤ ਸਿੰਘ ਪੰਚ ਗਲਵੱਟੀ ਆਦਿ ਆਗੂ ਵੀ ਹਾਜ਼ਰ ਸਨ। ਇਸ ਸਮੇਂ ਇਪਟਾ ਮੋਗਾ ਦੀ ਟੀਮ ਵੱਲੋਂ ਵਿੱਕੀ ਮਹੇਸਰੀ ਦੀ ਨਿਰਦੇਸ਼ਨਾ ਹੇਠ ਨਾਟਕ ਛੁਪਣ ਤੋਂ ਪਹਿਲਾਂ, ਕੋਰੀਓਗ੍ਰਾਫੀਆਂ, ਕਾਮਗਾਰ, ਮੌਕਾ ਆਏ ਤੋਂ ਦੱਸਾਂਗੇ, ਮੈਂ ਧਰਤੀ ਪੰਜਾਬ ਦੀ ਆਦਿ ਪੇਸ਼ ਕੀਤੀਆਂ ਗਈਆਂ।